ਬਿਟਕੁਆਇਨ ਘੁਟਾਲਾ: ਸੁਪਰੀਮ ਕੋਰਟ ਨੇ ਕੇਸ ਸੀਬੀਆਈ ਕੋਲ ਭੇਜੇ
ਨਵੀਂ ਦਿੱਲੀ, 13 ਦਸੰਬਰ
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਬਿਟਕੁਆਇਨ ਕਿ੍ਪਟੋਕਰੰਸੀ ਘੁਟਾਲੇ ਨਾਲ ਸਬੰਧਤ ਕੇਸਾਂ ਨੂੰ ਅਗਲੀ ਜਾਂਚ ਅਤੇ ਚਾਰਜਸ਼ੀਟ ਦਾਖ਼ਲ ਕਰਨ ਲਈ ਸੀਬੀਆਈ ਕੋਲ ਭੇਜ ਦਿੱਤਾ ਹੈ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਇਹ ਨਿਰਦੇਸ਼ ਦਿੱਤੇ ਕਿ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਨਵੀਂ ਦਿੱਲੀ ਰਾਊਜ਼ ਐਵੇਨਿਊ ’ਚ ਵਿਸ਼ੇਸ਼ ਸੀਬੀਆਈ ਅਦਾਲਤ ’ਚ ਕੀਤੀ ਜਾਵੇਗੀ। ਬੈਂਚ ਨੇ 45 ਦਿਨ ਤੋਂ ਵੱਧ ਦੇ ਕੇਸਾਂ ’ਚ ਮੁਲਜ਼ਮਾਂ ਨੂੰ ਅਗਾਊਂ ਜ਼ਮਾਨਤ ਦੇਣ ਦੇ 30 ਅਗਸਤ 2019 ਦੇ ਆਪਣੇ ਪਹਿਲੇ ਹੁਕਮਾਂ ’ਚ ਸੋਧ ਕੀਤੀ ਅਤੇ ਕਿਹਾ ਕਿ ਹੁਣ ਇਹ ਲਾਗੂ ਨਹੀਂ ਹੈ। ਆਦੇਸ਼ ’ਚ ਕਿਹਾ ਗਿਆ ਹੈ ਕਿ ਜੇ ਮੁਲਜ਼ਮ ਨੂੰ ਕਿਸੇ ਹੋਰ ਅਦਾਲਤ ਤੋਂ ਰੈਗੁੂਲਰ ਜ਼ਮਾਨਤ ਨਹੀਂ ਮਿਲਦੀ ਤਾਂ ਉਸ ਨੂੰ ਦਿੱਲੀ ਹਾਈ ਕੋਰਟ ਦਾ ਰੁਖ ਕਰਨ ਲਈ ਬੇਨਤੀ ਕਰਨੀ ਹੋਵੇਗੀ। ਅਦਾਲਤ ਨੇ ਕਿਹਾ ਕਿ ਅਗਾਊਂ ਜ਼ਮਾਨਤ ਦੀ ਪਹਿਲੀ ਸ਼ਰਤ ਦੇ ਰੂਪ ’ਚ ਮੁਲਜ਼ਮ ਵੱਲੋਂ ਸਿਖਰਲੀ ਅਦਾਲਤ ਦੀ ਰਜਿਸਟਰੀ ’ਚ ਜਮ੍ਹਾਂ ਕੀਤੀ ਗਈ ਇਕ ਕਰੋੜ ਰੁਪਏ ਦੀ ਰਾਸ਼ੀ ਨੂੰ ਦਿੱਲੀ ਦੀ ਹੇਠਲੀ ਅਦਾਲਤ ’ਚ ਤਬਦੀਲ ਕਰਨਾ ਹੋਵੇਗਾ। ਸਿਖਰਲੀ ਅਦਾਲਤ ਦੇਸ਼ ’ਚ ਨਿਵੇਸ਼ਕਾਂ ਨੂੰ ਉੱਚ ਰਿਟਰਨ ਦਾ ਵਾਅਦਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਿਟਕੁਆਇਨ ’ਚ ਵਪਾਰ ਕਰਨ ਲਈ ਪ੍ਰੇਰਿਤ ਕਰਕੇ ਧੋਖਾ ਦੇਣ ਦੇ ਦੋਸ਼ ਹੇਠ ਅਮਿਤ ਭਾਰਦਵਾਜ ਅਤੇ ਹੋਰਨਾਂ ਖ਼ਿਲਾਫ਼ ਦਰਜ ਕਈ ਕੇਸਾਂ ਨੂੰ ਰੱਦ ਕਰਨ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ। -ਪੀਟੀਆਈ