ਬਿਸ਼ਨਗੜ੍ਹ: ‘ਨੋਟਾ’ ਜਿੱਤਣ ਦੇ ਮੁੱਦੇ ’ਤੇ ਸਿਆਸਤ ਤੇਜ਼
ਗੁਰਨਾਮ ਸਿੰਘ ਅਕੀਦਾ
ਪਟਿਆਲਾ, 19 ਅਕਤੂਬਰ
ਬਲਾਕ ਭੁਨਰਹੇੜੀ ਦੇ ਪਿੰਡ ਬਿਸ਼ਨਗੜ੍ਹ ਵਿੱਚ ਪੰਚਾਇਤੀ ਚੋਣਾਂ ਦੌਰਾਨ ‘ਨੋਟਾ’ (ਉਪਰੋਕਤ ਵਿੱਚੋਂ ਕੋਈ ਨਹੀਂ) ਦੀ ਜਿੱਤ ਦੇ ਬਾਵਜੂਦ ‘ਨੋਟਾ’ ਤੋਂ ਹਾਰੇ ਹੋਏ ਉਮੀਦਵਾਰ ਨੂੰ ਜੇਤੂ ਕਰਾਰ ਦੇਣ ਦਾ ਮੁੱਦਾ ਚਰਚਾ ਵਿਚ ਹੈ। ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਦੋਸ਼ ਲਾਇਆ ਕਿ ਸਥਾਨਕ ਵਿਧਾਇਕ ਦੇ ਦਬਾਅ ਹੇਠ ਹਾਰੇ ਹੋਏ ਉਮੀਦਵਾਰ ਨੂੰ ਜੇਤੂ ਸਰਟੀਫਿਕੇਟ ਦਿਵਾ ਦਿੱਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਵਿਧਾਇਕ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ। ਹੈਰੀਮਾਨ ਨੇ ਕਿਹਾ ਕਿ ਜਦੋਂ ਤਰਨਤਾਰਨ ਦੇ ਪਿੰਡ ਜੋਧਪੁਰ ਵਿਚ ਏਡੀਸੀ ਨੇ ‘ਨੋਟਾ’ ਤੋਂ ਹਾਰੇ ਹੋਏ ਉਮੀਦਵਾਰ ਨੂੰ ਤਾਂ ਛੱਡੋ ਕਿਸੇ ਵੀ ਜੇਤੂ ਸਰਟੀਫਿਕੇਟ ਦੇਣ ਤੋਂ ਇਨਕਾਰ ਕਰਦਿਆਂ ਚੋਣ ਕਮਿਸ਼ਨ ਨਾਲ ਗੱਲ ਕਰਨ ਲਈ ਕਿਹਾ ਹੈ, ਪਰ ਇੱਥੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ‘ਨੋਟਾ’ ਤੋਂ ਹਾਰੇ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿੱਤਾ ਹੈ। ਉਧਰ, ਵਕੀਲ ਗਗਨਦੀਪ ਸਿੰਘ ਘੀੜੇ ਨੇ ਕਿਹਾ ਕਿ ‘ਨੋਟਾ’ ਨੂੰ ਵੱਧ ਵੋਟ ਪੈਣ ਦਾ ਭਾਵ ਲੋਕਾਂ ਨੇ ਉਸ ਤੋਂ ਹਾਰਨ ਵਾਲੇ ਉਮੀਦਵਾਰ ਨੂੰ ਨਕਾਰ ਦਿੱਤਾ ਹੈ। ਇਸ ਲਈ ਦੁਬਾਰਾ ਵੋਟਾਂ ਪੈਣੀਆਂ ਚਾਹੀਦੀਆਂ ਹਨ।
ਇਸ ਸਬੰਧੀ ਐੱਸਡੀਐੱਮ ਕਿਰਪਾਲਵੀਰ ਸਿੰਘ ਨੇ ਕਿਹਾ, ‘‘ਸਾਡੇ ਅਨੁਸਾਰ ‘ਨੋਟਾ’ ਬਾਰੇ ਕਾਨੂੰਨ ਚੁੱਪ ਹੈ, ਇਸ ਕਰਕੇ ਰਿਟਰਨਿੰਗ ਅਫ਼ਸਰ ਨੇ ‘ਨੋਟਾ’ ਤੋਂ ਹਾਰੇ ਉਮੀਦਵਾਰ ਨੂੰ ਜੇਤੂ ਸਰਟੀਫਿਕੇਟ ਦਿੱਤਾ ਹੈ।’’ ਵਿਧਾਇਕ ਪਠਾਣਮਾਜਰਾ ਬਿਮਾਰ ਹੋਣ ਕਰਕੇ ਗੱਲ ਨਹੀਂ ਕਰ ਸਕੇ ਪਰ ਉਨ੍ਹਾਂ ਦੇ ਪੀਏ ਨੇ ਕਿਹਾ ਕਿ ਵਿਰੋਧੀਆਂ ਨੇ ਦੋਸ਼ ਲਗਾਉਣੇ ਹੁੰਦੇ ਹਨ, ਜੋ ਹਾਰਦਾ ਹੈ ਉਸ ਨੂੰ ਹਾਰ ਕਬੂਲ ਨਹੀਂ ਹੁੰਦੀ।