ਫਿ਼ਲਮੀ ਸਿਤਾਰਿਆਂ ਵੱਲੋਂ ਹੇਮਾ ਮਾਲਿਨੀ ਨੂੰ ਜਨਮ ਦਿਨ ਦੀ ਵਧਾਈ
ਮੁੰਬਈ:
ਸਿਨੇ ਜਗਤ ਦੀ ‘ਡਰੀਮ ਗਰਲ’ ਹੇਮਾ ਮਾਲਿਨੀ ਅੱਜ 76 ਵਰ੍ਹਿਆਂ ਦੀ ਹੋ ਗਈ ਹੈ, ਜਿਨ੍ਹਾਂ ਨੂੰ ਫਿਲਮ ਜਗਤ ਦੇ ਸਿਤਾਰਿਆਂ ਨੇ ਖਾਸ ਦਿਨ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਅਦਾਕਾਰਾ ਕਾਜੋਲ ਨੇ ਇੰਸਟਾਗ੍ਰਾਮ ’ਤੇ ਹੇਮਾ ਮਾਲਿਨੀ ਦੀ ਸਾੜ੍ਹੀ ਵਾਲੀ ਤਸਵੀਰ ਸਾਂਝੀ ਕਰਦਿਆਂ ਕਿਹਾ, ‘‘ਜਨਮ ਦਿਨ ਮੁਬਾਰਕ ਹੇਮਾ ਮਾਲਿਨੀ, ਤੁਹਾਡੀ ਚੰਗੀ ਸਿਹਤ ਤੇ ਖੁਸ਼ੀ ਲਈ ਕਾਮਨਾ ਕਰਦੀ ਹਾਂ’’। ਹੇਮਾ ਮਾਲਿਨੀ ਤੇ ਧਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਵੀ ਆਪਣੀ ਮਾਂ ਨਾਲ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਦੋਵਾਂ ਨੇ ਨੀਲੇ ਰੰਗ ਦੇ ਕੱਪੜੇ ਪਾਏ ਹੋਏ ਹਨ। ਈਸ਼ਾ ਦਿਓਲ ਨੇ ਕਿਹਾ, ‘‘ਜਨਮ ਦੀ ਵਧਾਈ ਮੇਰੀ ਪਿਆਰੀ ਮਾਂ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।’’ ਇਸੇ ਤਰ੍ਹਾਂ ਅਦਾਕਾਰਾ ਸੇਲੀਨਾ ਜੇਤਲੀ ਨੇ ਹੇਮਾ ਮਾਲਿਨੀ ਨਾਲ ਆਪਣੀ ਤਸਵੀਰ ਸਾਂਝੀ ਕਰਕੇ ਸੰਸਦ ਮੈਂਬਰ ਵਜੋਂ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਜੇਤਲੀ ਨੇ ਕਿਹਾ, ‘‘ਹੇਮਾ ਜੀ ਦਾ ਫਿਲਮੀ ਸਫ਼ਰ ਸੁੰਦਰਤਾ, ਪ੍ਰਤਿਭਾ ਅਤੇ ਨਿਰਪੱਖ ਸਮਰਪਣ ਦਾ ਸੁਮੇਲ ਹੈ, ਜੋ ਉਸ ਨੂੰ ਸਥਾਈ ‘ਡ੍ਰੀਮ ਗਰਲ’ ਅਤੇ ਭਾਰਤੀ ਸਿਨੇਮਾ ਦਾ ਪਿਆਰਾ ਚਿਹਰਾ ਬਣਾਉਂਦਾ ਹੈ। -ਆਈਏਐੱਨਐੱਸ
ਹੇਮਾ ਮਾਲਿਨੀ ਨੇ ਭਾਰਤੀ ਸਿਨੇਮਾ ’ਤੇ ਛੱਡੀ ਅਮਿੱਟ ਛਾਪ
ਸਿਨੇ ਜਗਤ ਵਿੱਚ ਪਿਆਰ ਨਾਲ ‘ਡਰੀਮ ਗਰਲ’ ਵਜੋਂ ਜਾਣੀ ਜਾਂਦੀ ਅਦਾਕਾਰਾ ਹੇਮਾ ਮਾਲਿਨੀ ਨੇ ਨਾ ਸਿਰਫ਼ ਆਪਣੀ ਸੁੰਦਰਤਾ ਤੇ ਅਦਾ ਨਾਲ ਦਰਸ਼ਕਾਂ ਨੂੰ ਗੁਲਾਮ ਬਣਾਇਆ ਬਲਕਿ ਜਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਸਿਨੇਮਾ ਵਿੱਚ ਅਮਿੱਟ ਛਾਪ ਛੱਡੀ ਹੈ। ਜੇਕਰ ਹੇਮਾ ਮਾਲਿਨੀ ਦੀਆਂ ਮਕਬੂਲ ਫਿਲਮਾਂ ’ਤੇ ਝਾਤ ਮਾਰੀਏ ਤਾਂ ਉਨ੍ਹਾਂ ’ਚੋਂ 1978 ਵਿੱਚ ਆਈ ‘ਸਪਨੋ ਕਾ ਸੌਦਾਗਰ’ ਇਕ ਹੈ। ਇਸ ਵਿੱਚ ਉਹ ਰਾਜ ਕਪੂਰ ਦੀ ਸਹਿ-ਅਭਿਨੇਤਰੀ ਸੀ। ਮਹੇਸ਼ ਕੌਲ ਵੱਲੋਂ ਨਿਰਦੇਸ਼ਿਤ ਇਹ ਫਿਲਮ ਉਸ ਲਈ ਇਕ ਅਹਿਮ ਪਲ ਸੀ, ਜਿਸ ਨੇ ਉਸ ਨੂੰ ਸ਼ਾਨਦਾਰ ਅਦਾਕਾਰ ਵਜੋਂ ਪੇਸ਼ ਕੀਤਾ। ਇਸ ਤੋਂ ਪਹਿਲਾਂ ਉਸ ਦੀ 1972 ਵਿੱਚ ‘‘ਸੀਤਾ ਔਰ ਗੀਤਾ’’ ਫਿਲਮ ਆਈ, ਜਿਸ ਵਿੱਚ ਉਸ ਨੇ ਸੀਤਾ ਤੇ ਗੀਤਾ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਫਿਲਮ ਨੇ ਉਸ ਦੇ ਸਮੇਂ ਦੀ ਇੱਕ ਪ੍ਰਮੁੱਖ ਅਭਿਨੇਤਰੀ ਵਜੋਂ ਉਸ ਦੀ ਸਥਿਤੀ ਨੂੰ ਮਜ਼ਬੂਤ ਕੀਤਾ। 1975 ਵਿੱਚ ‘ਸ਼ੋਲੇ’ ’ਚ ਉਸ ਨੇ ਬਸੰਤੀ ਦੀ ਭੂਮਿਕਾ ਨਿਭਾਉਂਦੇ ਹੋਏ ਜੋਸ਼ੀਲੀ ਅਤੇ ਮਜ਼ਬੂਤ ਇਰਾਦੇ ਵਾਲੀ ਔਰਤ ਨੂੰ ਪੇਸ਼ ਕੀਤਾ। ਇਸ ਤੋਂ ਬਾਅਦ 1977 ਵਿੱਚ ‘ਡਰੀਮ ਗਰਲ’ ਅਤੇ 2003 ਵਿੱਚ ਬਾਗਬਾਨ ਆਈ। ‘ਬਾਗਬਾਨ’ ਵਿੱਚ ਹੇਮਾ ਮਾਲਿਨੀ ਨੇ ਪਿਆਰ, ਪਰਿਵਾਰ ਅਤੇ ਬਿਰਧ ਮਾਪਿਆਂ ਦੇ ਸੰਘਰਸ਼ ਬਾਰੇ ਇੱਕ ਦਿਲ ਨੂੰ ਛੂਹਣ ਵਾਲੀ ਕਹਾਣੀ ਵਿੱਚ ਅਮਿਤਾਭ ਬੱਚਨ ਦੇ ਨਾਲ ਅਭਿਨੈ ਕੀਤਾ।