ਆਰਤੀ ‘ਓਮ ਜੈ ਜਗਦੀਸ਼’ ਦੇ ਰਚਨਹਾਰ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਜਨਮ ਦਿਨ ਮੌਕੇ ਸਮਾਗਮ
ਗੁਰਿੰਦਰ ਸਿੰਘ
ਲੁਧਿਆਣਾ, 30 ਸਤੰਬਰ
ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਪੰਜਾਬ ਵੱਲੋਂ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ 187ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਪੰਡਿਤ ਸ਼ਰਧਾ ਰਾਮ ਫਿਲੌਰੀ ਯਾਦਗਾਰੀ ਐਵਾਰਡ ਨਾਲ ਸਨਮਾਨਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਵ-ਦੁਰਗਾ ਮੰਦਰ ਵਿੱਚ ਸੁਸਾਇਟੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਪੁਰੀਸ਼ ਸਿੰਗਲਾ ਅਤੇ ਕਨਵੀਨਰ ਨਵਦੀਪ ਨਵੀ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਸੁਸਾਇਟੀ ਦੇ ਮੁੱਖ ਸਰਪ੍ਰਸਤ ਅਵਿਨਾਸ਼ ਗੁਪਤਾ, ਦਰਸ਼ਨ ਲਾਲ ਬਵੇਜਾ, ਸਤੀਸ਼ ਮਲਹੋਤਰਾ, ਰਿਟਾ. ਡੀਸੀਪੀ, ਮਹੰਤ ਨਰਾਇਣ ਪੁਰੀ, ਪੰਡਤ ਬਾਬੂ ਰਾਮ (ਸੰਕਟ ਮੋਚਨ), ਪ੍ਰਿੰਸੀਪਲ ਸਤੀਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸਮਾਗਮ ਵਿਚ ਸਾਬਕਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਮਲਕੀਤ ਸਿੰਘ ਦਾਖਾ, ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਸ਼ਾਮ ਸੁੰਦਰ ਮਲਹੋਤਰਾ, ਸਰਤਾਜ ਸਿੱਧੂ ਅਤੇ ਸ਼ਹੀਦ ਸੁਖਦੇਵ ਥਾਪਰ ਪਰਿਵਾਰ ਤੋਂ ਅਸ਼ੋਕ ਥਾਪਰ ਮੁੱਖ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਦਰਸ਼ਨ ਲਾਲ ਬਵੇਜਾ, ਸੰਜੈ ਮਹਿੰਦਰੂ, ਰਿਸ਼ੀ ਅਗਰਵਾਲ, ਰਜਨੀਸ਼ ਧੀਮਾਨ, ਐੱਚਐੱਸ ਬੇਦੀ ਚਾਂਸਲਰ ਤੇ ਐੱਸਕੇ ਗੁਪਤਾ ਨੂੰ ਪੰਡਿਤ ਸ਼ਰਧਾ ਰਾਮ ਫਿਲੌਰੀ ਯਾਦਗਾਰੀ ਐਵਾਰਡ ਦਿੱਤਾ ਗਿਆ। ਇਸ ਮੌਕੇ ਪ੍ਰਤੀਕ ਕਪੂਰ ਦਾ ਭਜਨ ਰਿਲੀਜ਼ ਕੀਤਾ ਗਿਆ। ਪ੍ਰਸਿੱਧ ਸ਼ਿਲਪਕਾਰ ਚੰਦਰ ਸ਼ੇਖਰ ਪ੍ਰਭਾਕਰ, ਜਸਪ੍ਰੀਤ ਫਲਕ, ਲੀਜਾ ਡਾਬਰ ਅਤੇ ਆਰਟਿਰਸ ਮਾਧਵ ਨੇ ਵੀ ਪੰਡਿਤ ਜੀ ਨੂੰ ਸ਼ਰਧਾਂਜਲੀ ਦਿੱਤੀ।
‘ਪੰਡਿਤ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ’
ਐੱਚਐੱਸ ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਡਿਤ ਜੀ ਮਹਾਨ ਲੇਖਕ, ਸੁਤੰਤਰਤਾ ਸੰਗਰਾਮੀ, ਸਮਾਜ ਸੁਧਾਰਕ ਅਤੇ ਉੱਘੇ ਚਿੰਤਕ ਸਨ। ਉਨ੍ਹਾਂ ਕਿਹਾ ਕਿ ਪੰਡਿਤ ਜੀ ਨੇ ਕਪੂਰਥਲਾ ਦੇ ਰਾਜੇ ਨੂੰ ਧਰਮ ਪਰਿਵਰਤਨ ਕਰਨ ਤੋਂ ਰੋਕਿਆ ਅਤੇ ਉਨ੍ਹਾਂ ਸਤੀ ਪ੍ਰਥਾ ਦਾ ਵਿਰੋਧ ਕਰਦਿਆਂ ਵਿਧਵਾ ਵਿਆਹ ਦੀ ਵਕਾਲਤ ਕੀਤੀ। ਅੱਜ ਵੀ ਫਿਲੌਰ ਵਿੱਚ ਉਨ੍ਹਾਂ ਦੀ ਯਾਦ ਵਿੱਚ ਬਣਿਆ ਮੰਦਿਰ ਔਰਤਾਂ ਦੀ ਦੇਖਰੇਖ ਹੇਠ ਚੱਲ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਪੰਡਿਤ ਜੀ ਦੇ ਜਨਮ ਦਿਨ ’ਤੇ ਛੁੱਟੀ ਕਰਨ ਦੀ ਮੰਗ ਕਰਦਿਆਂ ਫਿਲੌਰ ਰੇਲਵੇ ਸਟੇਸ਼ਨ ਦਾ ਨਾਮ ਪੰਡਿਤ ਸ਼ਰਧਾ ਰਾਮ ਫਿਲੌਰੀ ਰੇਲਵੇ ਸਟੇਸ਼ਨ ਰੱਖਣ ਦੀ ਮੰਗ ਕੀਤੀ।