For the best experience, open
https://m.punjabitribuneonline.com
on your mobile browser.
Advertisement

ਬੀਰੇਂਦਰ ਸਿੰਘ ਪਤਨੀ ਸਣੇ ਕਾਂਗਰਸ ’ਚ ਸ਼ਾਮਲ

06:43 AM Apr 10, 2024 IST
ਬੀਰੇਂਦਰ ਸਿੰਘ ਪਤਨੀ ਸਣੇ ਕਾਂਗਰਸ ’ਚ ਸ਼ਾਮਲ
ਬੀਰੇਂਦਰ ਿਸੰਘ ਦਾ ਕਾਂਗਰਸ ’ਚ ਸਵਾਗਤ ਕਰਦੇ ਹੋਏ ਪਾਰਟੀ ਆਗੂ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 9 ਅਪਰੈਲ
ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਤੇ ਉਨ੍ਹਾਂ ਦੀ ਸਾਬਕਾ ਵਿਧਾਇਕ ਪਤਨੀ ਪ੍ਰੇਮ ਲਤਾ ਅੱਜ ਇਕ ਦਹਾਕੇ ਮਗਰੋਂ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ। ਬੀਰੇਂਦਰ ਸਿੰਘ ਦਾ ਪੁੱਤਰ ਤੇ ਹਿਸਾਰ ਤੋਂ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਪਿਛਲੇ ਮਹੀਨੇ ਭਾਜਪਾ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਲ ਹੋ ਗਿਆ ਸੀ। ਬੀਰੇਂਦਰ ਸਿੰਘ (78) ਕਿਸਾਨ ਆਗੂ ਸਰ ਛੋਟੂ ਰਾਮ ਦਾ ਪੋਤਰੇ ਹਨ ਤੇ ਉਹ ਸਾਲ 2014 ਵਿਚ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਪਹਿਲੀ ਸਰਕਾਰ ਵਿਚ ਕੇਂਦਰੀ ਮੰਤਰੀ ਵੀ ਰਹੇ ਤੇ ਉਨ੍ਹਾਂ ਕੋਲ ਸਟੀਲ ਮੰਤਰਾਲਾ, ਪੇਂਡੂ ਵਿਕਾਸ, ਪੰਚਾਇਤੀ ਰਾਜ ਅਤੇ ਪੀਣਯੋਗ ਪਾਣੀ ਤੇ ਸੈਨੀਟੇਸ਼ਨ ਜਿਹੇ ਮਹਿਕਮਿਆਂ ਦਾ ਵੀ ਚਾਰਜ ਰਿਹਾ।

Advertisement

ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਾਬਕਾ ਵਿਧਾਇਕ ਪ੍ਰੇਮ ਲਤਾ ਦਾ ਪਾਰਟੀ ਵਿਚ ਸਵਾਗਤ ਕਰਦੇ ਹੋਏ। ਫੋੋਟੋ: ਏਐੱਨਆਈ

ਕਾਂਗਰਸ ਵਿਚ ਮੁੜ ਸ਼ਾਮਲ ਹੋਣ ਮਗਰੋਂ ਬੀਰੇਂਦਰ ਸਿੰਘ ਨੇ ਕਿਹਾ, ‘‘ਇਹ ਮੇਰੀ ਘਰ ਵਾਪਸੀ ਨਹੀਂ ਬਲਕਿ ‘ਵਿਚਾਰ ਵਾਪਸੀ’ ਵੀ ਹੈ। ਇਹ ਮੇਰੀ ਵਿਚਾਰਧਾਰਾ ਦੀ ਵਾਪਸੀ ਹੈ। ਜੇਕਰ ਅਸੀਂ ਜਮਹੂਰੀਅਤ ਨੂੰ ਬਚਾਉਣਾ ਹੈ, ਤਾਂ ਸਾਨੂੰ ਖੜ੍ਹੇ ਹੋ ਕੇ ਸਰਕਾਰ ਖਿਲਾਫ਼ ਆਵਾਜ਼ ਬੁਲੰਦ ਕਰਨੀ ਹੋਵੇਗੀ।’’ ਉਨ੍ਹਾਂ ਕਿਹਾ, ‘‘ਦੇਸ਼ ਦਾ ਮਿਜ਼ਾਜ ਬਦਲ ਰਿਹਾ ਹੈ ਤੇ ਇਹ ਸਭ ਕੁਝ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਹੈ।’’ ਸਿੰਘ ਨੇ ਕਿਹਾ ਕਿ ਦਸ ਸਾਲ ਪਹਿਲਾਂ ਕਾਂਗਰਸ ਛੱਡਣ ਤੋਂ ਪਹਿਲਾਂ ਉਹ ਸੋਨੀਆ ਗਾਂਧੀ ਨੂੰ ਮਿਲੇ ਸਨ ਤੇ ਇਹ ਗੱਲ ਕਹੀ ਸੀ ਕਿ ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਕਾਂਗਰਸ ਛੱਡਣੀ ਪੈ ਰਹੀ ਹੈ। ਸਿੰਘ ਨੇ ਮੰਨਿਆ, ‘‘ਮੈਂ ਪਾਰਟੀ ਵਿਚ ਆਪਣੇ ਸੀਨੀਅਰ ਸਾਥੀਆਂ ਨੂੰ ਨਾਰਾਜ਼ ਕਰਕੇ ਰਾਜਨੀਤੀ ਕੀਤੀ ਹੈ।’’ ਉਨ੍ਹਾਂ ਕਿਹਾ, ‘‘ਮੈਂ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੇ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਆਰਥਿਕ ਸੁਧਾਰਾਂ ਦੇ ਬਾਵਜੂਦ 33 ਸਾਲਾਂ ਵਿਚ ਕਿਸਾਨਾਂ ਜਾਂ ਗਰੀਬਾਂ ਨੂੰ ਕੀ ਮਿਲਿਆ। ਕਿਸਾਨਾਂ ਨੂੰ ਅਜੇ ਤੱਕ ਨਿਆਂ ਨਹੀਂ ਮਿਲਿਆ। ਪਰ ਭਾਜਪਾ ਹਕੀਕਤ ਤੋਂ ਕੋਹਾਂ ਦੂਰ ਹੈ ਤੇ ਭਾਜਪਾ ਤੋਂ ਕੋਈ ਉਮੀਦ ਨਹੀਂ ਲਾਉਣੀ ਚਾਹੀਦੀ। ਉਹ ਗਰੀਬਾਂ ਲਈ ਬਣਾਵਟੀ ਹੰਝੂ ਵਹਾਉਂਦੇ ਹਨ।’’ ਕਾਂਗਰਸ ਆਗੂ ਮੁਕੁਲ ਵਾਸਨਿਕ ਨੇ ਬੀਰੇਂਦਰ ਸਿੰਘ ਤੇ ਪ੍ਰੇਮ ਲਤਾ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਕਿਹਾ, ‘‘ਮੈਨੂੰ ਯਕੀਨ ਹੈ ਕਿ ਉਨ੍ਹਾਂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਕਾਂਗਰਸ ਹਰਿਆਣਾ ਵਿਚ ਮਜ਼ਬੂਤ ਹੋਵੇਗੀ ਤੇ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਵਿਚ ਮਦਦ ਮਿਲੇਗੀ।’’ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, ‘‘ਬੀਰੇਂਦਰ ਸਿੰਘ ਦੇ ਮੁੜ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਇਹ ਪੁਰਾਣੀ ਕਹਾਵਤ ਸਾਬਤ ਹੋ ਗਈ ਹੈ, ‘ਜਿੱਥੇ ਮਰਜ਼ੀ ਚਲੇ ਜਾਈਏ, ਆਪਣਾ ਘਰ ਹੀ ਸਭ ਤੋਂ ਵਧੀਆ ਹੈ।’ ਉਹ ਮੇਰੇ ਵੱਡੇ ਭਰਾ ਹਨ ਤੇ ਮੈਂ ਉਨ੍ਹਾਂ ਦੀ ਵਾਪਸੀ ਨਾਲ ਬਹੁਤ ਖ਼ੁਸ਼ ਹਾਂ।’’ ਹੁੱਡਾ ਨੇ ਕਿਹਾ, ‘‘ਸਾਨੂੰ ਇਕਜੁੱਟ ਰਹਿ ਕੇ ਆਪਣੀ ਤਾਕਤ ਵਧਾਉਣੀ ਹੋਵੇਗੀ, ਤਾਂ ਹੀ ਅਸੀਂ ਜਮਹੂਰੀਅਤ ਤੇ ਸੰਵਿਧਾਨ ਨੂੰ ਬਚਾ ਸਕਾਂਗੇ।’’ ਏਆਈਸੀਸੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਕਿਹਾ, ‘ਇਹ ਮੇਰੇ ਲਈ ਬਹੁਤ ਭਾਵੁਕ ਪਲ ਹਨ ਤੇ ਮੈਂ ਪਾਰਟੀ ਵਿਚ ਉਨ੍ਹਾਂ ਦਾ ਸਵਾਗਤ ਕਰਦਾ ਹਾਂ।’’ ਇਸ ਮੌਕੇ ਕੁਮਾਰੀ ਸ਼ੈਲਜਾ, ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈ ਭਾਨ, ਹਰਿਆਣਾ ਅਸੈਂਬਲੀ ਦੇ ਸਾਬਕਾ ਸਪੀਕਰ ਕਿਰਨ ਚੌਧਰੀ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਆਦਿ ਮੌਜੂਦ ਸਨ। -ਪੀਟੀਆਈ

ਬ੍ਰਿਜੇਂਦਰ ਸਿੰਘ ਦੀ ਹਿਸਾਰ ਤੋਂ ਟਿਕਟ ਤੈਅ

ਬੀਰੇਂਦਰ ਸਿੰਘ ਦੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਇਹ ਵੀ ਤੈਅ ਹੋ ਗਿਆ ਹੈ ਕਿ ਉਸ ਦੇ ਬੇਟੇ ਬ੍ਰਿਜੇਂਦਰ ਨੂੰ ਪਾਰਟੀ ਲੋਕ ਸਭਾ ਚੋਣਾਂ ’ਚ ਉਤਾਰੇਗੀ। ਬ੍ਰਿਜੇਂਦਰ ਸਿੰਘ ਦਾ ਹਿਸਾਰ ਲੋਕ ਸਭਾ ਸੀਟ ਤੋਂ ਚੋਣ ਲੜਨਾ ਲਗਭਗ ਤੈਅ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬ੍ਰਿਜੇਂਦਰ ਸਿੰਘ ਦੀ ਟਿਕਟ ਨੂੰ ਲੈ ਕੇ ਪਾਰਟੀ ਹਾਈਕਮਾਨ ਦੇ ਪੱਧਰ ’ਤੇ ਫ਼ੈਸਲਾ ਹੋ ਗਿਆ ਹੈ। ਬੀਰੇਂਦਰ ਪਰਿਵਾਰ ਦੀ ਕਾਂਗਰਸ ’ਚ ਵਾਪਸੀ ਵੀ ਰਾਹੁਲ ਗਾਂਧੀ ਨਾਲ ਸਿੱਧੀ ਗੱਲਬਾਤ ਰਾਹੀਂ ਹੀ ਹੋਈ ਹੈ। ਰਾਹੁਲ ਅਤੇ ਬ੍ਰਿਜੇਂਦਰ ਸਿੰਘ ਲੋਕ ਸਭਾ ਦੀ ਇੱਕ ਹੀ ਕਮੇਟੀ ਦੇ ਮੈਂਬਰ ਸਨ।

ਪ੍ਰੇਮਲਤਾ ਲੜੇਗੀ ਵਿਧਾਨ ਸਭਾ ਚੋਣ

ਬੀਰੇਂਦਰ ਸਿੰਘ ਦੇ ਪਰਿਵਾਰ ਵਿੱਚ ਇਹ ਵੀ ਫ਼ੈਸਲਾ ਲਗਭਗ ਲਿਆ ਗਿਆ ਹੈ ਕਿ ਪ੍ਰੇਮਲਤਾ ਹੀ ਉਚਾਨਾ ਕਲਾਂ ਤੋਂ ਵਿਧਾਨ ਸਭਾ ਚੋਣਾਂ ਲੜੇਗੀ। ਬੀਰੇਂਦਰ ਸਿੰਘ ਰਾਜਨੀਤੀ ’ਚ ਸਰਗਰਮ ਤਾਂ ਰਹਿਣਗੇ ਪਰ ਉਨ੍ਹਾਂ ਨੇ ਚੋਣਾਂ ਦੀ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੋਇਆ ਹੈ। ਅਜਿਹੇ ਵਿੱਚ ਬੀਰੇਂਦਰ ਸਿੰਘ ਕਾਂਗਰਸ ’ਚ ਰਹਿੰਦੇ ਹੋਏ ਪਾਰਟੀ ਲਈ ਕੰਮ ਤਾਂ ਕਰਨਗੇ ਪਰ ਚੋਣਾਂ ਨਹੀਂ ਲੜਨਗੇ। ਅਜੇ ਤੱਕ ਦੀ ਤਾਂ ਇਹੀ ਸਥਿਤੀ ਹੈ, ਬਾਕੀ ਰਾਜਨੀਤੀ ਸੰਭਾਵਨਾਵਾਂ ਦੀ ਖੇਡ ਹੈ, ਇਸ ’ਚ ਕੁਝ ਵੀ ਅਸੰਭਵ ਨਹੀਂ ਹੁੰਦਾ।

Advertisement
Author Image

joginder kumar

View all posts

Advertisement
Advertisement
×