For the best experience, open
https://m.punjabitribuneonline.com
on your mobile browser.
Advertisement

ਚੋਗ ਚੁਗੇਂਦੇ ਪੰਛੀਆ...

06:12 AM Jun 20, 2024 IST
ਚੋਗ ਚੁਗੇਂਦੇ ਪੰਛੀਆ
Advertisement

ਅਮਰਜੀਤ ਸਿੰਘ ਫ਼ੌਜੀ

Advertisement

ਮਨੁੱਖ, ਪਸ਼ੂ ਅਤੇ ਪੰਛੀਆਂ ਨੂੰ ਆਪਣਾ ਸਰੀਰ ਚੱਲਦਾ ਰੱਖਣ ਲਈ ਭੋਜਨ ਅਤੇ ਪਾਣੀ ਦੀ ਹਮੇਸ਼ਾ ਲੋੜ ਰਹਿੰਦੀ ਹੈ। ਜੇਕਰ ਸਰੀਰ ਨੂੰ ਭੋਜਨ ਨਾ ਮਿਲੇ ਤਾਂ ਇਹ ਬਹੁਤਾ ਚਿਰ ਜਿਊਂਦਾ ਨਹੀਂ ਰਹਿ ਸਕਦਾ । ਭੋਜਨ ਖਾਣ ਨਾਲ ਹੀ ਸਰੀਰ ਨੂੰ ਤਾਕਤ ਮਿਲਦੀ ਹੈ ਜਿਸ ਕਰਕੇ ਸਰੀਰ ਚਲਦਾ ਫਿਰਦਾ ਅਤੇ ਕੰਮਕਾਰ ਕਰਨ ਦੇ ਸਮਰੱਥ ਰਹਿੰਦਾ ਹੈ। ਜੇਕਰ ਭੋਜਨ ਸਾਫ਼ ਸੁਥਰਾ ਨਾ ਹੋਵੇ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਉਲਟ ਜੇਕਰ ਭੋਜਨ ਸਾਫ਼ ਸੁਥਰਾ ਅਤੇ ਗੁਣਵੱਤਾ ਭਰਪੂਰ ਹੋਵੇ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ। ਮੈਂ ਨੋਟ ਕੀਤਾ ਹੈ ਕਿ ਮਨੁੱਖ ਹੀ ਨਹੀਂ ਸਗੋਂ ਪੰਛੀ ਵੀ ਸਾਫ਼ ਸੁਥਰਾ ਭੋਜਨ ਖਾਣ ਤੇ ਸਾਫ਼ ਪਾਣੀ ਪੀਣ ਨੂੰ ਤਰਜੀਹ ਦਿੰਦੇ ਹਨ ਅਤੇ ਇਸ ਮਾਮਲੇ ਵਿੱਚ ਹਮੇਸ਼ਾ ਸੁਚੇਤ ਰਹਿੰਦੇ ਹਨ।
ਹੋਇਆ ਇੰਝ ਕਿ ਮੇਰੇ ਘਰ ਵਿੱਚ ਦੋ ਤਿੰਨ ਵੱਡੇ ਰੁੱਖ ਹਨ ਜਿਨ੍ਹਾਂ ਉੱਤੇ ਕਾਫੀ ਪੰਛੀ ਰਹਿੰਦੇ ਹਨ। ਮੈਂ ਪਿਛਲੇ ਕਈ ਸਾਲ ਤੋਂ ਉਨ੍ਹਾਂ ਨੂੰ ਚੋਗੇ ਲਈ ਦਾਣੇ ਪਾਉਂਦਾ ਆ ਰਿਹਾ ਹਾਂ। ਇਸ ਵਾਰ ਜਿਵੇਂ ਹੀ ਗਰਮੀ ਸ਼ੁਰੂ ਹੋਈ ਤਾਂ ਮੈਂ ਉਨ੍ਹਾਂ ਲਈ ਪਾਣੀ ਰੱਖਣਾ ਵੀ ਸ਼ੁਰੂ ਕਰ ਦਿੱਤਾ ਫੇਰ ਜਦੋਂ ਗਰਮੀ ਵਧੀ ਤਾਂ ਮੈਂ ਦੋ ਤਿੰਨ ਥਾਵਾਂ ’ਤੇ ਪਾਣੀ ਦਾ ਕੂੰਡਾ ਅਤੇ ਪਲਾਸਟਿਕ ਦੇ ਦੋ ਤਿੰਨ ਵੱਡੇ ਬਰਤਨ ਭਰ ਕੇ ਰੱਖ ਦਿੱਤੇ ਜਿਨ੍ਹਾਂ ਵਿਚੋਂ ਘੁੱਗੀਆਂ, ਗਟਾਰਾਂ, ਚਿੜੀਆਂ, ਬੁਲਬੁਲਾਂ, ਅਤੇ ਕਾਟੋਆਂ ਇਕੱਠੀਆਂ ਹੀ ਪਾਣੀ ਪੀਂਦੀਆਂ ਹਨ ਅਤੇ ਉਥੇ ਚੋਗਾ ਵੀ ਚੁਗਦੀਆਂ ਹਨ। ਹੁਣ ਤਕਰੀਬਨ ਇੱਕ ਮਹੀਨੇ ਤੋਂ ਕਾਲੇ ਰੰਗ ਦੀਆਂ ਕੁੱਝ ਛੋਟੀਆਂ ਚਿੜੀਆਂ ਵੀ ਆਉਣ ਲੱਗ ਪਈਆਂ ਮੈਂ ਚੋਗਾ ਹੋਰ ਵੱਧ ਪਾਉਣ ਲੱਗ ਪਿਆ। ਜਦੋਂ ਮੈਂ ਦਾਣੇ ਪਾਉਣ ਜਾਂਦਾ ਹਾਂ ਤਾਂ ਘੁੱਗੀਆਂ, ਗਟਾਰਾਂ ਤੇ ਚਿੜੀਆਂ ਉੱਡਦੀਆਂ ਨਹੀਂ ਸਨ ਪਰ ਨਵੀਆਂ ਆਈਆਂ ਕਾਲੀਆਂ ਚਿੜੀਆਂ ਡਰ ਕੇ ਉਡ ਜਾਂਦੀਆਂ ਸਨ। ਹੌਲੀ ਹੌਲੀ ਉਨ੍ਹਾਂ ਨੂੰ ਵੀ ਯਕੀਨ ਹੋ ਗਿਆ ਕਿ ਸਾਨੂੰ ਕੋਈ ਖਤਰਾ ਨਹੀਂ ਹੈ ਤਾਂ ਹੁਣ ਉਹ ਉਸ ਬੈਠਕ ਅੰਦਰ ਵੀ ਆ ਜਾਂਦੀਆਂ ਹਨ ਜਿਸ ਵਿੱਚ ਮੈਂ ਜਨੌਰਾਂ ਲਈ ਦਾਣੇ ਰੱਖੇ ਹੋਏ ਹਨ। ਇੱਕ ਦਿਨ ਮੈਂ ਸਲਾਭੇ ਤੇ ਉੱਲੀ ਲੱਗੇ ਦਾਣੇ ਉਨ੍ਹਾਂ ਨੂੰ ਪਾ ਦਿੱਤੇ ਪਰ ਪੰਛੀਆਂ ਨੇ ਨਹੀਂ ਖਾਧੇ। ਮੈਂ ਤੱਕਿਆ ਤੇ ਹੈਰਾਨ ਹੋਇਆ ਕਿ ਜੋ ਦਾਣੇ ਮਨੁੱਖ ਦੇ ਖਾਣ ਯੋਗ ਨਹੀਂ ਉਨ੍ਹਾਂ ਨੂੰ ਪੰਛੀ ਵੀ ਨਹੀਂ ਖਾਂਦੇ। ਫਿਰ ਮੈਂ ਉਨ੍ਹਾਂ ਨੂੰ ਸਾਫ਼ ਸੁਥਰੇ ਦਾਣੇ ਪਾਏ ਤਾਂ ਉਹ ਖਾ ਗਏ। ਜਿਵੇਂ ਹੀ ਥੋੜ੍ਹੇ ਦਿਨ ਪਹਿਲਾਂ ਗਰਮੀ ਜ਼ਿਆਦਾ ਵਧੀ ਤਾਂ ਮੈਂ ਸੋਚਿਆ ਕਿ ਪੰਛੀਆਂ ਲਈ ਪਾਣੀ ਰੱਖਣ ਵਾਲੇ ਬਰਤਨਾਂ ਦੀ ਗਿਣਤੀ ਵਧਾ ਦਿੰਦਾ ਹਾਂ। ਮੈਂ ਆਸੇ ਪਾਸੇ ਨਿਗਾਹ ਮਾਰੀ ਤਾਂ ਮੈਨੂੰ ਸੀਮਿੰਟ ਨਾਲ਼ ਲਿਬੜੀ ਇੱਕ ਬਾਲਟੀ ਨਜ਼ਰ ਆਈ। ਮੈਂ ਉਸ ਨੂੰ ਆਰਜ਼ੀ ਤੌਰ ’ਤੇ ਧੋ ਕੇ ਉਸ ਵਿੱਚ ਪਾਣੀ ਪਾ ਕੇ ਰੱਖ ਦਿੱਤਾ ਪਰ ਕਿਸੇ ਪੰਛੀ ਨੇ ਪਾਣੀ ਨਾ ਪੀਤਾ। ਸਾਰੇ ਉਸ ਉੱਤੇ ਬੈਠ ਕੇ ਉੱਡ ਜਾਣ। ਮੈਂ ਪਾਸੇ ਬੈਠਾ ਦੇਖਦਾ ਰਿਹਾ। ਅਗਲੇ ਦਿਨ ਮੈਂ ਉਸ ਬਾਲਟੀ ਨੂੰ ਉੱਪਰੋਂ ਕੱਟ ਕੇ ਛੋਟੀ ਕਰ ਲਿਆ ਅਤੇ ਭਾਂਡੇ ਧੋਣ ਵਾਲੇ ਸਟੀਲ ਦੇ ਜਾਲ਼ ਜਿਹੇ ਨਾਲ਼ ਚੰਗੀ ਤਰ੍ਹਾਂ ਸਾਫ਼ ਕਰਕੇ ਬਾਲਟੀ ਅੰਦਰੋਂ ਚਮਕਾ ਦਿੱਤੀ। ਹੁਣ ਉਸ ਵਿੱਚ ਪਾਣੀ ਭਰ ਕੇ ਰੱਖਿਆ ਤਾਂ ਸਾਰੇ ਜਨੌਰ ਉਸ ਵਿੱਚੋਂ ਵੀ ਪਾਣੀ ਪੀਣ ਲੱਗ ਗਏ । ਮੈਨੂੰ ਯਕੀਨ ਹੋ ਗਿਆ ਕਿ ਪੰਛੀ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਸਫਾਈ ਪ੍ਰਤੀ ਸੁਚੇਤ ਰਹਿੰਦੇ ਹਨ। ਹੁਣ ਮੈਂ ਪੰਛੀਆਂ ਲਈ ਪਾਣੀ ਰੱਖਣ ਵਾਲੇ ਬਰਤਨਾਂ ਦੀ ਹਰ ਰੋਜ਼ ਸਵੇਰੇ ਸਫ਼ਾਈ ਕਰਦਾ ਹਾਂ ਅਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਗਰਮੀ ਨੂੰ ਦੇਖਦਿਆਂ ਪੰਛੀਆਂ ਲਈ ਸਾਫ਼ ਸੁਥਰਾ ਚੋਗਾ ਅਤੇ ਸਾਫ਼ ਸੁਥਰੇ ਬਰਤਨਾਂ ਵਿੱਚ ਵੱਧ ਤੋਂ ਵੱਧ ਥਾਵਾਂ ਤੇ ਪੀਣ ਲਈ ਪਾਣੀ ਰੱਖਿਆ ਜਾਏ। ਗਰਮੀ ਕਾਰਨ ਪੰਛੀ ਚੋਗਾ ਲੈਣ ਜਾਂ ਪਾਣੀ ਪੀਣ ਲਈ ਉੱਡ ਕੇ ਬਹੁਤੀ ਦੂਰ ਨਹੀਂ ਜਾ ਸਕਦੇ। ਉਨ੍ਹਾਂ ਦੇ ਡਿੱਗਣ ਜਾਂ ਹੋਰ ਮੁਸੀਬਤਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾਂ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਜੋ ਪੰਛੀ ਰੁੱਖਾਂ ਉੱਤੇ ਆਲ੍ਹਣੇ ਪਾ ਕੇ ਆਪਣੇ ਬੋਟਾਂ ਨੂੰ ਗਰਮੀ, ਸਰਦੀ, ਮੀਂਹ, ਹਨੇਰੀ ਅਤੇ ਹੋਰ ਅਲਾਮਤਾਂ ਤੋਂ ਬਚਾਅ ਸਕਣ।
ਸੰਪਰਕ: 94174-04804

Advertisement

Advertisement
Author Image

joginder kumar

View all posts

Advertisement