For the best experience, open
https://m.punjabitribuneonline.com
on your mobile browser.
Advertisement

ਭਾਰਤ ’ਚੋਂ ਅਲੋਪ ਹੋ ਰਹੇ ਪੰਛੀ

09:04 AM Nov 04, 2023 IST
ਭਾਰਤ ’ਚੋਂ ਅਲੋਪ ਹੋ ਰਹੇ ਪੰਛੀ
Advertisement

ਗੁਰਮੀਤ ਸਿੰਘ

ਕੋਈ ਸਮਾਂ ਸੀ ਜਦੋਂ ਘਰਾਂ ਦੇ ਅੰਦਰ ਤੱਕ ਚਿੜੀਆਂ ਘੁੰਮਦੀਆਂ ਹੁੰਦੀਆਂ ਸਨ, ਪਰ ਵਾਤਾਵਰਨ ਵਿਗਾੜ ਕਾਰਨ ਇਹ ਅਲੋਪ ਹੋ ਗਈਆਂ। ਇਸੇ ਤਰ੍ਹਾਂ ਪੰਛੀਆਂ ਦੀਆਂ ਹੋਰ ਪ੍ਰਜਾਤੀਆਂ ਵੀ ਹੌਲੀ ਹੌਲੀ ਅਲੋਪ ਹੋ ਰਹੀਆਂ ਹਨ। ਵਧਦੀ ਆਬਾਦੀ ਅਤੇ ਸ਼ਹਿਰੀਕਰਨ ਦੇ ਵਿਸਤਾਰ ਨਾਲ ਰੁੱਖਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ, ਸਿੱਟੇ ਵਜੋਂ ਪੰਛੀਆਂ ਨੂੰ ਆਲ੍ਹਣੇ ਬਣਾਉਣ ਲਈ ਢੁੱਕਵੀਂ ਥਾਂ ਨਹੀਂ ਮਿਲ ਰਹੀ। ਇਹ ਲੇਖ ਭਾਰਤ ਵਿੱਚੋਂ ਅਲੋਪ ਹੋ ਰਹੇ ਪੰਛੀਆਂ ਬਾਰੇ ਜਾਣਕਾਰੀ ਦੇ ਰਿਹਾ ਹੈ।

Advertisement

ਪੰਛੀਆਂ ਦੀ ਕੁਝ ਪ੍ਰਜਾਤੀਆਂ ਹੌਲੀ-ਹੌਲੀ ਖਾਤਮੇ ਵੱਲ ਵਧ ਰਹੀਆਂ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਨਾ ਤਾਂ ਰੁੱਖ ਬਚੇ ਹਨ ਅਤੇ ਨਾ ਹੀ ਕੀੜੇ-ਮਕੌੜਿਆਂ ਦੇ ਰੂਪ ਵਿੱਚ ਉਨ੍ਹਾਂ ਦਾ ਭੋਜਨ। ਪ੍ਰਦੂਸ਼ਤਿ ਵਾਤਾਵਰਨ, ਪ੍ਰਦੂਸ਼ਤਿ ਭੋਜਨ ਅਤੇ ਅਲੋਪ ਹੋ ਰਹੇ ਕੀੜੇ-ਮਕੌੜਿਆਂ ਕਾਰਨ ਪੰਛੀਆਂ ’ਤੇ ਮੁਸੀਬਤਾਂ ਦੇ ਬੱਦਲ ਮੰਡਰਾਉਣ ਲੱਗੇ ਹਨ। ਪੰਛੀਆਂ ਦੀ ਕਮੀ ਤਾਂ ਹਰ ਕਿਸੇ ਨੇ ਮਹਿਸੂਸ ਕੀਤੀ ਹੋਵੇਗੀ, ਪਰ ਇਨ੍ਹਾਂ ਨੂੰ ਬਚਾਉਣ ਲਈ ਬਹੁਤ ਘੱਟ ਲੋਕ ਹੀ ਅੱਗੇ ਆਏ ਹਨ।
ਬਨਸਪਤੀ ਨੂੰ ਉਜਾੜ ਕੇ ਬਹੁ-ਮੰਜ਼ਿਲਾ ਰਿਹਾਇਸ਼ਾਂ ਬਣਾਈਆਂ ਜਾ ਰਹੀਆਂ ਹਨ ਜਦੋਂਕਿ ਕਈ ਥਾਵਾਂ ’ਤੇ ਖੇਤਾਂ ਵਿੱਚ ਕਾਲੋਨੀਆਂ ਬਣਾਈਆਂ ਜਾ ਰਹੀਆਂ ਹਨ। ਇਸ ਕਾਰਨ ਰੁੱਖਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ। ਮਨੁੱਖ ਦੀਆਂ ਇਨ੍ਹਾਂ ਕਾਰਵਾਈਆਂ ਅਤੇ ਮੌਸਮ ਵਿੱਚ ਤਬਦੀਲੀ ਦਾ ਅਸਰ ਪੰਛੀਆਂ ’ਤੇ ਸਾਫ਼ ਨਜ਼ਰ ਆ ਰਿਹਾ ਹੈ। ਪੰਛੀਆਂ ਦੀਆਂ ਕਈ ਪ੍ਰਜਾਤੀਆਂ ਅਲੋਪ ਹੋਣ ਦੇ ਕੰਢੇ ਪਹੁੰਚ ਚੁੱਕੀਆਂ ਹਨ। ਜੇਕਰ ਅਸੀਂ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਇਸ ਦੇ ਗੰਭੀਰ ਿਸੱਟੇ ਨਿਕਲਣਗੇ।
ਹਾਲ ਹੀ ਵਿੱਚ ਜਾਰੀ ਹੋਈ ਸਟੇਟ ਆਫ ਇੰਡੀਆਜ਼ ਬਰਡਜ਼ 2023) ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਦੀਆਂ ਪੰਛੀਆਂ ਦੀਆਂ 142 ਪ੍ਰਜਾਤੀਆਂ ਦੀ ਗਿਣਤੀ ਘਟ ਰਹੀ ਹੈ। 2023 ਤੱਕ ਪੰਛੀਆਂ ਦੀਆਂ 1377 ਕਿਸਮਾਂ ਦਰਜ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ 81 ਸਾਡੇ ਦੇਸ਼ ਦੀਆਂ ਸਥਾਨਕ ਕਿਸਮਾਂ ਹਨ। ਵਿਸ਼ਵ ਪੱਧਰ ’ਤੇ 212 ਕਿਸਮਾਂ ਨੂੰ ਖ਼ਤਰਾ ਹੈ। ਭਾਰਤ ਦੇ ਪੰਛੀਆਂ ਦੀ ਸਥਤਿੀ 2023 (ਸਟੇਟ ਆਫ ਇੰਡੀਆਜ਼ ਬਰਡਜ਼ 2023) ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਵਿੱਚ ਮੋਰ, ਗੋਲਾ ਕਬੂਤਰ, ਕੋਇਲ ਅਤੇ ਘਰੇਲੂ ਕਾਵਾਂ ਦੀ ਸਿਹਤ ਚੰਗੀ ਹੋਣ ਦੇ ਨਾਲ ਨਾਲ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

ਭਾਰਤ ਵਿੱਚ ਪੰਛੀਆਂ ਦੀਆਂ 11 ਕਿਸਮਾਂ ਨੂੰ ਗੰਭੀਰ ਖ਼ਤਰਾ

ਭਾਰਤ ਵਿੱਚ ਪਾਏ ਜਾਣ ਵਾਲੇ ਪੰਛੀਆਂ ਦੀਆਂ 11 ਕਿਸਮਾਂ ਨੂੰ 2015 ਵਿੱਚ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ (ਆਈਯੂਸੀਐੱਨ) ਨੇ ਖ਼ਤਰੇ ਵਿੱਚ ਘਿਰੀਆਂ ਦੱਸਿਆ ਹੈ। ਬਰਡਜ਼ ਆਫ ਇੰਡੀਆ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ਆਈਯੂਸੀਐੱਨ ਦੀ ਅਲੋਪ ਹੋ ਰਹੀਆਂ ਪ੍ਰਜਾਤੀਆਂ ਦੀ ਲਾਲ ਸੂਚੀ ਵਿੱਚ ਭਾਰਤੀ ਪੰਛੀਆਂ ਦੀਆਂ 182 ਕਿਸਮਾਂ ਨੂੰ ਗੰਭੀਰ ਤੌਰ ’ਤੇ ਖ਼ਤਰੇ ਵਿੱਚ, ਕਮਜ਼ੋਰ ਅਤੇ ਖ਼ਤਰੇ ਦੇ ਨੇੜੇ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਵਿਨਾਸ਼ ਦਾ ਸਾਹਮਣਾ ਕਰ ਰਹੀਆਂ ਇਨ੍ਹਾਂ ਪੰਛੀ ਪ੍ਰਜਾਤੀਆਂ ਦੇ ਵਪਾਰ ਨੂੰ ਵਿਸ਼ਵ-ਵਿਆਪੀ ਤੌਰ ’ਤੇ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਭਾਰਤ ਵਿੱਚ ਪੰਛੀਆਂ ਦੀ ਸੰਭਾਲ ਇਸ ਤੱਥ ਦੁਆਰਾ ਪ੍ਰਭਾਵਤਿ ਹੁੰਦੀ ਹੈ ਕਿ ਇਨ੍ਹਾਂ ਵਿੱਚੋਂ ਭਾਰਤੀ ਉਪ-ਮਹਾਂਦੀਪ ਵਿਚਲੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਅਲੋਪ ਹੋਣ ਦੀ ਕਗਾਰ ’ਤੇ ਹਨ। ਇਹ ਪੰਛੀ ਗੰਭੀਰ ਖ਼ਤਰੇ ਵਿੱਚ ਹਨ:

ਸਫ਼ੈਦ ਪੇਟ ਵਾਲਾ ਬਗਲਾ

ਸਫ਼ੈਦ ਪੇਟ ਵਾਲੇ ਬਗਲੇ (white-bellied heron) ਨੂੰ ਇੰਪੀਰੀਅਲ ਬਗਲਾ ਵੀ ਕਿਹਾ ਜਾਂਦਾ ਹੈ। ਇਹ ਵੱਡਾ ਬਗਲਾ ਹਿਮਾਲਿਆ ਦੀ ਤਲਹਟੀ ਤੋਂ ਲੈ ਕੇ ਪੂਰਬੀ ਹਿਮਾਲਿਆ ਦੀਆਂ ਪਰਬਤ ਲੜੀਆਂ ਤੱਕ ਪਾਇਆ ਜਾਂਦਾ ਹੈ। ਲੰਬਾ ਗੂੜ੍ਹਾ ਅਤੇ ਸਲੇਟੀ ਬਗਲਾ ਸਭ ਤੋਂ ਲੰਬੀ ਗਰਦਨ ਵਾਲੀ ਪ੍ਰਜਾਤੀ ਹੈ ਅਤੇ ਇਸ ਦੀ ਗਰਦਨ ’ਤੇ ਕੋਈ ਕਾਲੀਆਂ ਧਾਰੀਆਂ ਨਹੀਂ ਹੁੰਦੀਆਂ।

ਹਿਮਾਲੀਅਨ ਬਟੇਰ

ਅਦਭੁੱਤ ਅਤੇ ਸੁੰਦਰ ਹਿਮਾਲੀਅਨ ਬਟੇਰ (ਹਿਮਾਲੀਅਨ ਕੁਏਲ) ਤਿੱਤਰ ਪਰਿਵਾਰ ਨਾਲ ਸਬੰਧਤਿ ਹੈ। ਇਹ ਸਿਰਫ਼ ਉੱਤਰਾਖੰਡ ਦੇ ਪੱਛਮੀ ਹਿਮਾਲਿਆ ਅਤੇ ਭਾਰਤ ਦੇ ਉੱਤਰ-ਪੱਛਮੀ ਖੇਤਰ ਵਿੱਚ ਮਿਲਦਾ ਹੈ।

ਸੋਨਚਿੜੀ (ਗ੍ਰੇਟ ਇੰਡੀਅਨ ਬਸਟਅਡ)

ਪੰਛੀਆਂ ਦੀ ਪ੍ਰਜਾਤੀ ਸੋਨਚਿੜੀ (ਗ੍ਰੇਟ ਇੰਡੀਅਨ ਬਸਟਅਡ) ਨੂੰ ਸਭ ਤੋਂ ਵੱਧ ਖ਼ਤਰਾ ਹੈ ਜੋ ਸਿਰਫ਼ ਭਾਰਤ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਪਾਈ ਜਾਂਦੀ ਹੈ। ਸੋਨਚਿੜੀ ਪੰਛੀਆਂ ਦੀ ਸਭ ਤੋਂ ਵੱਡੀ ਉੱਡਣ ਵਾਲੀ ਪ੍ਰਜਾਤੀ ਵਿੱਚੋਂ ਇੱਕ ਹੈ ਜਿਸ ਦਾ ਭਾਰ 15 ਕਿਲੋਗ੍ਰਾਮ ਤੱਕ ਹੁੰਦਾ ਹੈੈ। ਇਹ ਪੰਛੀ ਰਾਜਸਥਾਨ ਦੀਆਂ ਝਾੜੀਆਂ, ਉੱਚੇ ਘਾਹ, ਨੀਮ-ਸੁੱਕੇ ਘਾਹ ਦੇ ਮੈਦਾਨਾਂ ਅਤੇ ਨੀਮ-ਮਾਰੂਥਲ ਖੇਤਰਾਂ ਵਿੱਚ ਰਹਿੰਦਾ ਹੈ। ਇਹ ਇਸ ਦਾ ਦੇਸ਼ ਵਿੱਚ ਸਭ ਤੋਂ ਵੱਡਾ ਨਿਵਾਸ ਸਥਾਨ ਹੈ। ਸ਼ਿਕਾਰ ਅਤੇ ਰਿਹਾਇਸ਼ ਦੇ ਨੁਕਸਾਨ ਕਾਰਨ ਇਹ ਪੰਛੀ ਭਾਰਤ ਦੇ ਕਈ ਖੇਤਰਾਂ ਵਿੱਚੋਂ ਅਲੋਪ ਹੋ ਚੁੱਕਾ ਹੈ। ਇਹ ਪੰਛੀ ਅਲੋਪਤ ਹੋਣ ਦੀ ਕਗਾਰ ’ਤੇ ਹੈ।

ਚਮਚੇ ਜਿਹੀ ਚੁੰਝ ਵਾਲੀ ਚਿੜੀ

ਚਮਚੇ ਜਿਹੀ ਚੁੰਝ ਵਾਲੀ ਚਿੜੀ (ਸਪੂਨ ਬਿਲਡ ਸੈਂਡਪਾਈਪਰ) ਦੁਨੀਆ ਦੇ ਪੰਛੀਆਂ ਵਿੱਚ ਸਭ ਤੋਂ ਵੱਧ ਖ਼ਤਰੇ ਵਿੱਚ ਰਹਿੰਦੀ ਪ੍ਰਜਾਤੀ ਹੈ ਅਤੇ ਭਾਰਤ ਵਿੱਚ ਵੀ ਗੰਭੀਰ ਤੌਰ ’ਤੇ ਖ਼ਤਰੇ ’ਚ ਹੈ। ਇਹ ਲੋਕਾਂ ਵਿੱਚ ਚਮਚੇ ਜਿਹੀ ਚੁੰਝ ਵਾਲੀ ਚਿੜੀ ਦੇ ਨਾਂ ਨਾਲ ਪ੍ਰਸਿੱਧ ਹੈ। ਭਾਰਤ ਵਿੱਚ ਇਸ ਦਾ ਮੁੱਖ ਆਧਾਰ ਸੁੰਦਰਬਨ ਡੈਲਟਾ ਅਤੇ ਗੁਆਂਢੀ ਦੇਸ਼ ਹਨ।

ਫੌਰੈਸਟ ਆਊਲੈੱਟ

ਫੌਰੈਸਟ ਆਊਲੈੱਟ, ਉੱਲੂ ਪਰਿਵਾਰ ਦੀ ਇੱਕ ਬਹੁਤ ਹੀ ਘੱਟ ਮਿਲਣ ਵਾਲੀ ਖ਼ਾਸ ਕਿਸਮ ਹੈ। ਇਸ ਵੇਲੇ ਇਹ ਖ਼ਤਰੇ ਦੇ ਨਿਸ਼ਾਨ ’ਤੇ ਹੈ ਅਤੇ ਮੱਧ ਭਾਰਤ ਦੇ ਜੰਗਲਾਂ ਵਿੱਚ ਮਿਲਦੀ ਹੈ। ਕੁਝ ਸਮਾਂ ਪਹਿਲਾਂ ਫੌਰੈਸਟ ਆਊਲੈੱਟ ਨੂੰ ਅਲੋਪ ਮੰਨਿਆ ਜਾਂਦਾ ਸੀ, ਪਰ ਬਾਅਦ ਵਿੱਚ ਮੁੜ ਖੋਜਿਆ ਗਿਆ। ਮੇਲਘਾਟ ਟਾਈਗਰ ਰਜਿ਼ਰਵ, ਤਲੋਦਾ ਜੰਗਲਾਤ ਰੇਂਜ ਅਤੇ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਜੰਗਲੀ ਖੇਤਰ ਇਸ ਛੋਟੇ ਵਣ ਉੱਲੂ ਨੂੰ ਦੇਖਣ ਲਈ ਸਭ ਤੋਂ ਵਧੀਆ ਜਗ੍ਹਾ ਹਨ। ਫੌਰੈਸਟ ਆਊਲੈੱਟ ਮਹਾਰਾਸ਼ਟਰ ਦਾ ਰਾਜ ਪੰਛੀ ਹੈ।

ਰਾਜ ਗਿੱਧ (ਲਾਲ ਸਿਰ ਵਾਲਾ ਗਿਰਝ)

ਰਾਜ ਗਿੱਧ (ਲਾਲ ਸਿਰ ਵਾਲਾ ਗਿਰਝ) ਨੂੰ ਇੰਡੀਅਨ ਬਲੈਕ ਵਲਚਰ ਜਾਂ ਕਿੰਗ ਵਲਚਰ ਵੀ ਕਿਹਾ ਜਾਂਦਾ ਹੈ। ਇਹ ਭਾਰਤੀ ਉਪ-ਮਹਾਂਦੀਪ ਵਿੱਚ ਪਾਈਆਂ ਜਾਣ ਵਾਲੀਆਂ ਪੁਰਾਣੀਆਂ ਵਿਸ਼ਵ ਗਿਰਝਾਂ ਦੀ ਇੱਕ ਪ੍ਰਜਾਤੀ ਹੈ। ਵੈਟਰਨਰੀ ਦਵਾਈਆਂ ਵਿੱਚ ਡਾਈਕਲੋਫਿਨੈੱਕ ਦੀ ਵਰਤੋਂ ਕਾਰਨ ਕੁਝ ਹੀ ਸਾਲਾਂ ਵਿੱਚ ਇਸ ਪ੍ਰਜਾਤੀ ਦੀ ਆਬਾਦੀ ਵਿੱਚ ਭਾਰੀ ਗਿਰਾਵਟ ਆਈ ਹੈ।

ਜੇਰਡਨ ਕੋਰਸਰ

ਜੇਰਡਨ ਕੋਰਸਰ ਰਾਤ ਦਾ ਰਹੱਸਮਈ ਪੰਛੀ ਹੈ। ਇਹ ਖ਼ਾਸ ਤੌਰ ’ਤੇ ਦੱਖਣੀ ਆਂਧਰਾ ਪ੍ਰਦੇਸ਼ ਦਾ ਸਥਾਨਕ ਪੰਛੀ ਹੈ। ਜੇਰਡਨ ਕੋਰਸਰ ਨੂੰ ਗੰਭੀਰ ਤੌਰ ’ਤੇ ਖ਼ਤਰੇ ਵਾਲੇ ਪੰਛੀ ਵਜੋਂ ਸੂਚੀਬੱਧ ਕੀਤਾ ਗਿਆ ਹੈ। ਇਸ ਦੇ ਅਲੋਪ ਹੋਣ ਦਾ ਐਲਾਨ ਕੀਤਾ ਜਾਣਾ ਸੀ, ਪਰ ਇਹ ਦੁਬਾਰਾ ਨਜ਼ਰ ਆਇਆ। ਇਹ ਪੰਛੀ ਆਮ ਤੌਰ ’ਤੇ ਗੋਦਾਵਰੀ ਨਦੀ ਘਾਟੀ, ਸ੍ਰੀਲੰਕਾ ਮੱਲੇਸ਼ਵਰ ਸੈਂਚੁਰੀ ਅਤੇ ਪੂਰਬੀ ਘਾਟ ਦੇ ਜੰਗਲੀ ਖੇਤਰ ਵਿੱਚ ਪਾਇਆ ਜਾਂਦਾ ਹੈ।

ਬੰਗਾਲ ਫਲੋਰਿਕਨ

ਬੰਗਾਲ ਫਲੋਰਿਕਨ, ਬਸਟਅਡ ਪਰਿਵਾਰ ਦੀ ਇੱਕ ਦੁਰਲੱਭ ਪ੍ਰਜਾਤੀ ਹੈ ਅਤੇ ਸਿਰਫ਼ ਭਾਰਤੀ ਉਪ-ਮਹਾਂਦੀਪ ਦੀ ਮੂਲ ਵਾਸੀ ਹੈ। ਇਹ ਪੰਛੀ ਦੁਨੀਆ ਦੇ ਹੋਰ ਸਥਾਨਾਂ ’ਤੇ ਲਗਭਗ ਅਲੋਪ ਹੋ ਚੁੱਕਿਆ ਹੈ ਜਦੋਂਕਿ ਭਾਰਤੀ ਉਪ-ਮਹਾਂਦੀਪ ਵਿੱਚ ਸਿਰਫ਼ 1,000 ਤੋਂ ਘੱਟ ਬੰਗਾਲ ਫਲੋਰਿਕਨ ਹਨ। ਇਹ ਦੁਨੀਆ ਦਾ ਸਭ ਤੋਂ ਦੁਰਲੱਭ ਪੰਛੀ ਹੈ।

ਮਿਲਣਸਾਰ ਟਟੀਹਰੀ

ਮਿਲਣਸਾਰ ਟਟੀਹਰੀ (ਸੋਸ਼ਲੇਬਲ ਲੈਪਵਿੰਗ) ਕਜ਼ਾਕਿਸਤਾਨ ਦੇ ਖੁੱਲ੍ਹੇ ਘਾਹ ਦੇ ਮੈਦਾਨ ਤੋਂ ਪਰਵਾਸ ਕਰਨ ਵਾਲਾ ਇੱਕ ਪਰਵਾਸੀ ਪੰਛੀ ਹੈ। ਇਹ ਭਾਰਤ ਦੇ ਉੱਤਰ-ਪੱਛਮੀ ਖੇਤਰ ਵਿੱਚ ਹੀ ਪਾਇਆ ਜਾਂਦਾ ਹੈ। ਲੰਬੀਆਂ ਕਾਲੀਆਂ ਲੱਤਾਂ, ਗੂੜ੍ਹੇ ਢਿੱਡ ਅਤੇ ਛੋਟੇ ਕਾਲੇ ਬਿੱਲ ਨਾਲ ਦਰਮਿਆਨੇ ਆਕਾਰ ਦੀਆਂ ਇਹ ਟਟੀਹਰੀਆਂ ਬਹੁਤ ਆਕਰਸ਼ਕ ਹੁੰਦੀਆਂ ਹਨ।
ਪਿਛਲੇ ਦਹਾਕਿਆਂ ਦੌਰਾਨ ਭਾਰਤ ਵਿੱਚ ਪੰਛੀਆਂ ਦੀਆਂ 52 ਫ਼ੀਸਦੀ ਪ੍ਰਜਾਤੀਆਂ ਦੀ ਗਿਣਤੀ ਵਿੱਚ ਕਾਫ਼ੀ ਗਿਰਾਵਟ ਆ ਰਹੀ ਹੈ। ਜਲਗਾਹਾਂ (ਵੈੱਟਲੈਂਡਸ) ਪੰਛੀਆਂ ਲਈ ਸੁਰੱਖਿਅਤ ਖੇਤਰਾਂ ਵਿੱਚੋਂ ਇੱਕ ਹਨ, ਪਰ ਗ਼ੈਰ-ਯੋਜਨਾਬੱਧ ਵਿਕਾਸ ਪੰਛੀਆਂ ਦੇ ਹੋਰ ਨਿਵਾਸ ਸਥਾਨਾਂ ਦੇ ਨਾਲ-ਨਾਲ ਇਨ੍ਹਾਂ ਜਲਗਾਹਾਂ ਨੂੰ ਤਬਾਹ ਕਰ ਰਿਹਾ ਹੈ। ਰਿਪੋਰਟ ਵਿੱਚ ਗਿਰਝਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਗਿਰਝਾਂ ਵਾਤਾਵਰਨ ਪ੍ਰਣਾਲੀ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਹ ਮਰੇ ਹੋਏ ਪਸ਼ੂਆਂ ਦਾ ਤੇਜ਼ੀ ਨਾਲ ਨਿਪਟਾਰਾ ਕਰਦੀਆਂ ਹਨ ਤਾਂ ਜੋ ਹਾਨੀਕਾਰਕ ਬੈਕਟੀਰੀਆ ਨੂੰ ਵਿਕਸਤ ਹੋਣ ਅਤੇ ਫੈਲਣ ਤੋਂ ਰੋਕਿਆ ਜਾ ਸਕੇ। ਕੁਝ ਸਾਲ ਪਹਿਲਾਂ ਇਹ ਪਿੰਡਾਂ ਦੇ ਬਾਹਰ ਹੱਡਾਰੋੜੀਆਂ ’ਤੇ ਆਮ ਵੇਖਣ ਨੂੰ ਮਿਲਦੀਆਂ ਸਨ, ਪਰ ਅੱਜ ਮਨੁੱਖ ਦੀਆਂ ਗਲਤੀਆਂ ਦਾ ਹਰਜ਼ਾਨਾ ਸਭ ਨੂੰ ਭੁਗਤਣਾ ਪੈ ਰਿਹਾ ਹੈ।
ਸੰਪਰਕ: 98884-56910

ਬੇਘਰ ਹੋਏ ਪੰਛੀ

ਆਧੁਨਿਕਤਾ ਦੀ ਚਕਾਚੌਂਧ ਵਿੱਚ ਅਸੀਂ ਬੰਦ ਕਮਰਿਆਂ ਤੱਕ ਸੀਮਤ ਹੋ ਕੇ ਰਹਿ ਗਏ ਹਾਂ ਅਤੇ ਪੰਛੀਆਂ, ਰੁੱਖਾਂ, ਪੌਦਿਆਂ ਦੀ ਰਾਖੀ ਕਰਨਾ ਭੁੱਲ ਗਏ ਹਾਂ। ਹਰਿਆਲੀ ਮਨੁੱਖ ਨੂੰ ਹੀ ਨਹੀਂ ਸਗੋਂ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਜਿਊਣ ਦਾ ਸਲੀਕਾ ਸਿਖਾਉਂਦੀ ਹੈ, ਪਰ ਵਧਦੀ ਆਬਾਦੀ ਅਤੇ ਸ਼ਹਿਰੀਕਰਨ ਦੇ ਵਿਸਤਾਰ ਨਾਲ ਰੁੱਖਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਰੁੱਖਾਂ ਦੀ ਘਟ ਰਹੀ ਗਿਣਤੀ ਕਾਰਨ ਪੰਛੀਆਂ ਨੂੰ ਆਲ੍ਹਣੇ ਬਣਾਉਣ ਲਈ ਢੁੱਕਵੀਂ ਥਾਂ ਨਹੀਂ ਮਿਲ ਰਹੀ। ਇਸ ਕਾਰਨ ਪੰਛੀ ਕਤਿੇ-ਕਤਿੇ ਬਜਿਲੀ ਦੀਆਂ ਉਲਝੀਆਂ ਤਾਰਾਂ ਜਾਂ ਸੜਕਾਂ ਦੀਆਂ ਲਾਈਟਾਂ ’ਤੇ ਆਪਣੇ ਆਲ੍ਹਣੇ ਬਣਾ ਰਹੇ ਹਨ। ਆਵਾਸ ਸਥਾਨ ਦੇ ਨੁਕਸਾਨ ਨੂੰ ਸਿੱਧੇ ਤੇ ਅਸਿੱਧੇ ਤੌਰ ’ਤੇ ਪੰਛੀਆਂ ਲਈ ਸਭ ਤੋਂ ਵੱਡਾ ਖ਼ਤਰਾ ਮੰਨਿਆ ਜਾਂਦਾ ਹੈ। ਹਾਲਾਂਕਿ ਪੰਛੀਆਂ ਦੀ ਆਬਾਦੀ ’ਤੇ ਇਸ ਦੇ ਸਮੁੱਚੇ ਪ੍ਰਭਾਵ ਦਾ ਸਿੱਧਾ ਮੁਲਾਂਕਣ ਕਰਨਾ ਬਹੁਤ ਮੁਸ਼ਕਲ ਹੈ। ਇਨ੍ਹਾਂ ਸਾਰੀਆਂ ਗੱਲਾਂ ਕਾਰਨ ਪੰਛੀ ਪ੍ਰੇਮੀਆਂ ਵਿੱਚ ਰੋਸ ਪੈਦਾ ਹੁੰਦਾ ਹੈ। ਪੰਛੀ ਪ੍ਰੇਮੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਚਿੜੀਆਂ ਤੇ ਤੋਤਿਆਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਨ੍ਹਾਂ ਦੀ ਜ਼ਿੰਦਗੀ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਹੋ ਕੇ ਰਹਿ ਜਾਵੇਗੀ। 2023 ਤੱਕ ਪੰਛੀਆਂ ਦੀਆਂ 1377 ਕਿਸਮਾਂ ਦਰਜ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ 81 ਸਾਡੇ ਦੇਸ਼ ਦੀਆਂ ਸਥਾਨਕ ਕਿਸਮਾਂ ਹਨ। ਵਿਸ਼ਵ ਪੱਧਰ ’ਤੇ 212 ਕਿਸਮਾਂ ਨੂੰ ਖ਼ਤਰਾ ਹੈ। ਭਾਰਤ ਦੇ ਪੰਛੀਆਂ ਦੀ ਸਥਤਿੀ 2023 (ਸਟੇਟ ਆਫ ਇੰਡੀਆਜ਼ ਬਰਡਜ਼ 2023) ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਵਿੱਚ ਮੋਰ, ਗੋਲਾ ਕਬੂਤਰ, ਕੋਇਲ ਅਤੇ ਘਰੇਲੂ ਕਾਵਾਂ ਦੀ ਸਿਹਤ ਚੰਗੀ ਹੋਣ ਦੇ ਨਾਲ ਨਾਲ ਇਨ੍ਹਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।

Advertisement
Author Image

joginder kumar

View all posts

Advertisement
Advertisement
×