ਬਾਇਓ ਗੈਸ ਪਲਾਂਟ ਫਸਲਾਂ ਅਤੇ ਨਸਲਾਂ ਲਈ ਮਾਰੂ ਕਰਾਰ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 27 ਅਗਸਤ
ਭਾਰਤੀ ਕਿਸਾਨ ਯੂਨੀਅਨਾਂ, ਮਾਰਕੀਟ ਐਸੋਸੀਏਸ਼ਨ ਭੋਗਪੁਰ, ਵੱਖ-ਵੱਖ ਸਿਆਸੀ ਪਾਰਟੀਆਂ (ਬਿਨਾਂ ਆਮ ਆਦਮੀ ਪਾਰਟੀ) ਦੇ ਨੁਮਾਇੰਦਿਆਂ ਨੇ ਕੌਮੀ ਮਾਰਗ ’ਤੇ ਗਰਿਲ ਹੱਟ ’ਚ ਪੰਜਾਬ ਵਿੱਚ ਲੱਗ ਰਹੇ ਸੀਐੱਨਜੀ ਬਾਇਓ ਗੈਸ ਪਲਾਂਟ ਦੇ ਘਾਤਕ ਸਿੱਟਿਆਂ ਖ਼ਿਲਾਫ਼ ਜਾਗਰੂਕਤਾ ਸੈਮੀਨਾਰ ਕਰਵਾਇਆ। ਇਸ ਮੌਕੇ ਬੁਲਾਰਿਆਂ ’ਚ ਸ਼ਾਮਲ ਮਾਹਿਰ ਡਾਕਟਰਾਂ ਅਤੇ ਵਿਗਿਆਨੀਆਂ ਨੇ ਭੋਗਪੁਰ, ਪਿੰਡ ਘੁੰਘਰਾਲੀ ਰਾਜਪੂਤਾਂ, ਕੰਧਾਲਾ ਗੁਰੂ, ਮੁਸ਼ਕਾਂਬਾਦ-ਅਖਾੜਾ, ਭੂੰਦੜੀ ਵਿੱਚ ਲੱਗ ਰਹੇ ਜਾਂ ਲੱਗ ਚੁੱਕੇ ਸੀਐੱਨਜੀ ਬਾਇਓ ਗੈਸ ਪਲਾਂਟਾਂ ਬਾਰੇ ਵਿਚਾਰ ਸਾਂਝੇ ਇਨ੍ਹਾਂ ਪਲਾਂਟਾਂ ਨੂੰ ਪੰਜਾਬ ਦੀਆਂ ਫਸਲਾਂ ਤੇ ਨਸਲਾਂ ਲਈ ਮਾਰੂ ਕਰਾਰ ਦਿੱਤਾ ਅਤੇ ਇਸ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਡਾਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਸਰਕਾਰ ਕਹਿ ਰਹੀ ਹੈ ਸੀਐੱਨਜੀ ਬਾਇਓ ਗੈਸ ਪਲਾਂਟ ਪੰਜਾਬ ਵਿੱਚ ਗਰੀਨ ਐਨਰਜੀ ਲਿਆਉਣਗੇ ਪਰ ਵਿਹਾਰਕ ਰੂਪ ਵਿੱਚ ਹਵਾ-ਪਾਣੀ ਪ੍ਰਦੂਸ਼ਿਤ ਕਰਕੇ ਕੈਂਸਰ ਅਤੇ ਚਮੜੀ ਦੇ ਰੋਗਾਂ ਵਰਗੀਆਂ ਘਾਤਕ ਬਿਮਾਰੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਡਾਕਟਰ ਅਮਨਦੀਪ ਸਿੰਘ ਨੇ ਕਿਹਾ ਜਿੱਥੇ ਇਹ ਬਾਇਓ ਗੈਸ ਪਲਾਂਟ ਚਾਲੂ ਹੋ ਜਾਂਦਾ ਹੈ ਉੱਥੇ 15 ਤੋਂ 30 ਕਿਲੋਮੀਟਰ ਆਲੇ ਦੁਆਲੇ ਬਦਬੂ ਨਾਲ ਲੋਕਾਂ ਦੀ ਜ਼ਿੰਦਗੀ ਨਰਕ ਭਰੀ ਹੋ ਜਾਂਦੀ ਹੈ ਅਤੇ ਧਰਤੀ ਹੇਠਲੇ ਪਾਣੀ ’ਚ ਰਸਾਇਣਕ ਪਦਾਰਥ ਜਾਣ ਨਾਲ ਪਾਣੀ ਪੀਣ ਤੇ ਖੇਤੀ ਲਈ ਸਿੰਜਾਈ ਯੋਗ ਨਹੀਂ ਰਹਿੰਦਾ।
ਡਾਕਟਰ ਬਲਵਿੰਦਰ ਔਲਖ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੇ ਸਰਕਾਰ ਨੂੰ ਸਬਜ਼ਬਾਗ ਦਿਖਾ ਕੇ ਪੰਜਾਬ ਵਿੱਚ ਅਜਿਹੇ ਲਗਪਗ 100 ਪਲਾਂਟ ਲਗਾ ਕੇ ਸੂਬੇ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ਜਿਸ ਨਾਲ ਪੰਜਾਬ ਦੀਆਂ ਫ਼ਸਲਾਂ ਹੀ ਨਹੀਂ ਸਗੋਂ ਨਸਲਾਂ ਵੀ ਬਰਬਾਦ ਹੋਣਗੀਆਂ। ਵਿਗਿਆਨੀ ਮਨਜੀਤ ਸਿੰਘ ਜੰਗੀਰ ਨੇ ਕਿਹਾ ਪਹਿਲਾਂ ਪੰਜਾਬ ਨੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਨੂੰ ਅੰਨ ਪੱਖੋਂ ਆਤਮ ਨਿਰਭਰ ਬਣਾਇਆ, ਜਿਸ ਕਾਰਨ ਸੂਬਾ ਕੈਂਸਰ ਵਰਗੀਆਂ ਲਾਇਲਾਜ ਬਿਮਾਰੀਆਂ ਨਾਲ ਜਕੜਿਆ ਗਿਆ ਅਤੇ ਹੁਣ ਸਰਕਾਰ ਪੰਜਾਬ ਵਿੱਚ ਬਾਇਓ ਗੈਸ ਪਲਾਂਟ ਲਗਾ ਕੇ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਖਤਮ ਕਰਨ ਵੱਲ ਕਦਮ ਪੁੱਟ ਰਹੀ ਹੈ, ਜਿਸ ਖ਼ਿਲਾਫ਼ ਲਾਮਬੰਦ ਹੋਣ ਦੀ ਲੋੜ ਹੈ। ਬੁਲਾਰਿਆਂ ਨੇ ਕਿਹਾ ਕਿ ਸੀਐੱਨਜੀ ਗੈਸ ਪਲਾਟਾਂ ਖ਼ਿਲਾਫ਼ 5 ਸਤੰਬਰ ਨੂੰ ਬੀਜਾ ਨੇਡੇ ਖੰਨਾ ਕੌਮੀ ਮਾਰਗ ’ਤੇ ਧਰਨਾ ਦਿੱਤਾ ਜਾਵੇਗਾ।