ਬਿੱਲ ਜਮਹੂਰੀਅਤ ਨੂੰ ‘ਬਾਬੂਸ਼ਾਹੀ’ ਵਿੱਚ ਬਦਲਣ ਦੇ ਸਮਰੱਥ: ਰਾਘਵ ਚੱਢਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਗਸਤ
‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਦਿੱਲੀ ਕੌਮੀ ਰਾਜਧਾਨੀ ਖੇਤਰ (ਸੋਧ) ਬਿੱਲ, 2023 ਦੇ ਹਵਾਲੇ ਨਾਲ ਸਰਕਾਰ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇਹ ਬਿੱਲ ਜਮਹੂਰੀਅਤ ਨੂੰ ‘ਬਾਬੂਸ਼ਾਹੀ’ ਵਿੱਚ ਬਦਲ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਬਿੱਲ ਕੇਂਦਰ ਵੱਲੋਂ ਲਿਆਂਦੇ ਪਿਛਲੇ ਆਰਡੀਨੈਂਸ ਨਾਲੋਂ ਵੀ ਭੈੜਾ ਹੈ ਅਤੇ ਲੋਕਤੰਤਰ, ਸੰਵਿਧਾਨ ਅਤੇ ਦਿੱਲੀ ਦੇ ਲੋਕਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਦਿੱਲੀ ਦੀ ਚੁਣੀ ਹੋਈ ਸਰਕਾਰ ਤੋਂ ਸਾਰੀਆਂ ਸ਼ਕਤੀਆਂ ਖੋਹ ਕੇ ਉਪ ਰਾਜਪਾਲ ਤੇ ‘ਅਫ਼ਸਰਸ਼ਾਹੀ’ ਨੂੰ ਸੌਂਪਦਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਚੁਣੀ ਹੋਈ ਸਰਕਾਰ ਕੋਲ ਕੋਈ ਤਾਕਤ ਨਹੀਂ ਛੱਡੀ ਜਾਵੇਗੀ, ਜੋ ਦਿੱਲੀ ਦੇ 2 ਕਰੋੜ ਲੋਕਾਂ ਦਾ ਅਪਮਾਨ ਹੈ। ਉਧਰ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਸਰਕਾਰ ਭਾਵੇਂ ਇਸ ਬਿੱਲ ਨੂੰ ਲੋਕ ਸਭਾ ਵਿੱਚ ਪਾਸ ਕਰਵਾ ਲਏ, ਪਰ ਵਿਰੋਧੀ ਧਿਰਾਂ ਕੋਲ ਰਾਜ ਸਭਾ ਵਿੱਚ ਇਸ ਬਿੱਲ ਨੂੰ ਰੋਕਣ ਲਈ ਲੋੜੀਂਦੀ ਗਿਣਤੀ ਹੈ। ਉਨ੍ਹਾਂ ਕਿਹਾ ਕਿ ਬਿੱਲ ਸੁਪਰੀਮ ਕੋਰਟ ਦੇ ਫੈਸਲੇ, ਸੰਵਿਧਾਨ ਤੇ ਦੇਸ਼ ਦੇ ਸੰਘੀ ਢਾਂਚੇ ਦੇ ਖਿਲਾਫ ਹੈ। ਸਿੰਘ ਨੇ ਟਵੀਟ ਕੀਤਾ, ‘‘ਇਹ ਭਾਜਪਾ ਦਾ ਇੱਕ ਹੋਰ ‘ਕੇਜਰੀਵਾਲ ਫੋਬੀਆ’ ਬਿੱਲ ਹੈ। ਭਾਜਪਾ ਨੇ ਪਿੱਠ ਵਿੱਚ ਛੁਰਾ ਮਾਰਿਆ। ਬਿੱਲ ਲਿਆਉਣ ਤੋਂ ਪਹਿਲਾਂ ਭਾਜਪਾ ਨੇ ਮੈਨੂੰ ਮੁਅੱਤਲ ਕਰ ਦਿੱਤਾ।’’ ਉਨ੍ਹਾਂ ਕਿਹਾ, ‘‘ਬੱਚੇ ਹਾਰਨ ਤੋਂ ਪਹਿਲਾਂ ਸਟੰਪ ਲੈ ਕੇ ਭੱਜ ਜਾਂਦੇ ਹਨ, ਮੋਦੀ ਜੀ, ਹਿੰਮਤ ਹੈ ਤਾਂ ਸਾਹਮਣੇ ਤੋਂ ਹਮਲਾ ਕਰੋ। ਸਦਨ ਵਿੱਚ ਬੁਲਾਓ ਤੇ ਫਿਰ ਗੱਲ ਕਰੋ।’’ ਟੀਮ ਇੰਡੀਆ ਦੇ ਸਾਰੇ ਸੰਸਦ ਮੈਂਬਰ ਇਸ ਦਾ ਪੂਰਾ ਵਿਰੋਧ ਕਰਨਗੇ। ਸਿੰਘ ਨੇ ਕਿਹਾ ਕਿ ਮਨੀਪੁਰ 90 ਦਿਨਾਂ ਤੋਂ ਸੜ ਰਿਹਾ ਹੈ, ਪਰ ਪੀਐੱਮ ਮੋਦੀ ਦਾ ਹੰਕਾਰ ਦੇਖੋ ਕਿ 14 ਦਿਨਾਂ ’ਚ ਉਹ ਆਪਣੇ ਮਨ ਦੀ ਗੱਲ ਕਰਦੇ ਹਨ, ਪਰ ਮਨੀਪੁਰ ਦੀ ਨਹੀਂ।