ਬਿਲਕੀਸ ਬਾਨੋ ਕੇਸ: ਦੋ ਦੋਸ਼ੀਆਂ ਦੀ ਸਜ਼ਾ ’ਚ ਛੋਟ ਨਾਲ ਸਬੰਧਤ ਅਰਜ਼ੀ ਖਾਰਜ
ਨਵੀਂ ਦਿੱਲੀ:
ਸੁਪਰੀਮ ਕੋਰਟ ਨੇ ਬਿਲਕੀਸ ਬਾਨੋ ਮਾਮਲੇ ’ਚ 11 ’ਚੋਂ ਦੋ ਦੋਸ਼ੀਆਂ ਵੱਲੋਂ ਦਾਖ਼ਲ ਇਕ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਅੱਜ ਇਨਕਾਰ ਕਰ ਦਿੱਤਾ। ਦੋਵੇਂ ਦੋਸ਼ੀਆਂ ਨੇ ਸਜ਼ਾ ’ਚ ਦਿੱਤੀ ਗਈ ਛੋਟ ਨੂੰ ਰੱਦ ਕਰਨ ਦੇ ਸਿਖਰਲੀ ਅਦਾਲਤ ਦੇ 8 ਜਨਵਰੀ ਦੇ ਫ਼ੈਸਲੇ ਖ਼ਿਲਾਫ਼ ਅਰਜ਼ੀ ਦਾਖ਼ਲ ਕੀਤੀ ਸੀ। ਜਸਟਿਸ ਸੰਜੀਵ ਖੰਨਾ ਅਤੇ ਸੰਜੇ ਕੁਮਾਰ ਦੇ ਬੈਂਚ ਨੇ ਅਰਜ਼ੀ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਇਕ ਹੋਰ ਬੈਂਚ ਵੱਲੋਂ ਪਾਸ ਹੁਕਮ ਖ਼ਿਲਾਫ਼ ਅਪੀਲ ’ਤੇ ਕਿਵੇਂ ਵਿਚਾਰ ਕਰ ਸਕਦੇ ਹਨ। ਬੈਂਚ ਨੇ ਕਿਹਾ, ‘‘ਇਹ ਕੀ ਪਟੀਸ਼ਨ ਹੈ? ਇਸ ਪਟੀਸ਼ਨ ’ਤੇ ਕਿਵੇਂ ਸੁਣਵਾਈ ਕੀਤੀ ਜਾ ਸਕਦੀ ਹੈ। ਇਹ ਪੂਰੀ ਤਰ੍ਹਾਂ ਗਲਤ ਹੈ। ਧਾਰਾ 32 ਪਟੀਸ਼ਨ ਕਿਵੇਂ ਦਾਖ਼ਲ ਕੀਤੀ ਜਾ ਸਕਦੀ ਹੈ? ਅਸੀਂ ਕਿਸੇ ਹੋਰ ਬੈਂਚ ਵੱਲੋਂ ਸੁਣਾਏ ਗਏ ਹੁਕਮਾਂ ਖ਼ਿਲਾਫ਼ ਅਪੀਲ ’ਤੇ ਵਿਚਾਰ ਨਹੀਂ ਕਰ ਸਕਦੇ ਹਾਂ।’’ ਇਸ ’ਤੇ ਦੋਸ਼ੀਆਂ ਰਾਧੇਸ਼ਿਆਮ ਭਗਵਾਨਦਾਸ ਸ਼ਾਹ ਅਤੇ ਰਾਜੂਭਾਈ ਬਾਬੂਲਾਲ ਸੋਨੀ ਵੱਲੋਂ ਪੇਸ਼ ਹੋਏ ਵਕੀਲ ਰਿਸ਼ੀ ਮਲਹੋਤਰਾ ਨੇ ਅਰਜ਼ੀ ਵਾਪਸ ਲੈਣ ਦੀ ਇਜਾਜ਼ਤ ਮੰਗੀ। ਬੈਂਚ ਨੇ ਵਕੀਲ ਨੂੰ ਅਰਜ਼ੀ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ। ਸ਼ਾਹ ਨੇ ਅੰਤਰਿਮ ਜ਼ਮਾਨਤ ਦੀ ਅਰਜ਼ੀ ਵੀ ਦਾਖ਼ਲ ਕੀਤੀ ਹੈ। ਬਿਲਕੀਸ ਬਾਨੋ ਮਾਮਲੇ ’ਚ 11 ਦੋਸ਼ੀਆਂ ’ਚੋ ਦੋ ਨੇ ਸੁਪਰੀਮ ਕੋਰਟ ’ਚ ਮਾਰਚ ’ਚ ਅਰਜ਼ੀ ਦਾਖ਼ਲ ਕਰਕੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੀ ਸਜ਼ਾ ’ਚ ਛੋਟ ਨੂੰ ਰੱਦ ਕਰਨ ਸਬੰਧੀ 8 ਜਨਵਰੀ ਦਾ ਫ਼ੈਸਲਾ 2002 ਦੀ ਇਕ ਸੰਵਿਧਾਨਕ ਬੈਂਚ ਦੇ ਹੁਕਮਾਂ ਖ਼ਿਲਾਫ਼ ਸੀ ਅਤੇ ਉਨ੍ਹਾਂ ਨੂੰ ਇਸ ਮੁੱਦੇ ਨੂੰ ਅੰਤਿਮ ਫ਼ੈਸਲੇ ਲਈ ਵੱਡੇ ਬੈਂਚ ਕੋਲ ਭੇਜਣ ਦੀ ਬੇਨਤੀ ਕੀਤੀ ਸੀ। ਸੁਪਰੀਮ ਕੋਰਟ ਨੇ 2002 ਦੇ ਦੰਗਿਆਂ ਦੌਰਾਨ ਬਿਲਕੀਸ ਬਾਨੋ ਨਾਲ ਸਮੂਹਿਕ ਜਬਰ-ਜਨਾਹ ਤੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਦੇ ਮਾਮਲੇ ’ਚ 11 ਦੋਸ਼ੀਆਂ ਨੂੰ ਸਜ਼ਾ ’ਚ ਛੋਟ ਦੇਣ ਦੇ ਸੂਬਾ ਸਰਕਾਰ ਦੇ ਫ਼ੈਸਲੇ ਨੂੰ 8 ਜਨਵਰੀ ਨੂੰ ਰੱਦ ਕਰ ਦਿੱਤਾ ਸੀ। -ਪੀਟੀਆਈ