ਬਿਲਕੀਸ ਬਾਨੋ ਮਾਮਲਾ: ਅੱਜ ਸ਼ਾਮ ਨੂੰ ਸਮਰਪਣ ਕਰੇਗਾ ਇਕ ਦੋਸ਼ੀ
ਅਹਿਮਦਾਬਾਦ: ਬਿਲਕੀਸ ਬਾਨੋ ਮਾਮਲੇ ਵਿੱਚ ਆਤਮ-ਸਮਰਪਣ ਲਈ ਮੋਹਲਤ ਦੇਣ ਸਬੰਧੀ 11 ਦੋਸ਼ੀਆਂ ਦੀ ਅਪੀਲ ਸੁਪਰੀਮ ਕੋਰਟ ਵੱਲੋਂ ਖਾਰਜ ਕੀਤੇ ਜਾਣ ਤੋਂ ਬਾਅਦ ਅੱਜ ਇਕ ਦੋਸ਼ੀ ਦੇ ਰਿਸ਼ਤੇਦਾਰ ਨੇ ਕਿਹਾ ਕਿ ਦੋਸ਼ੀ ਵੱਲੋਂ 21 ਜਨਵਰੀ ਨੂੰ ਸ਼ਾਮ ਤੱਕ ਆਤਮ-ਸਮਰਪਣ ਕਰ ਦਿੱਤਾ ਜਾਵੇਗਾ। ਸੁਪਰੀਮ ਕੋਰਟ ਨੇ ਦੋਸ਼ੀਆਂ ਲਈ ਆਤਮ-ਸਮਰਪਣ ਕਰਨ ਦੀ ਮੋਹਲਤ 21 ਜਨਵਰੀ ਤੱਕ ਤੈਅ ਕੀਤੀ ਹੈ। ਜ਼ਿਕਰਯੋਗ ਹੈ ਕਿ 2002 ਵਿੱਚ ਗੁਜਰਾਤ ਵਿੱਚ ਹੋਏ ਦੰਗਿਆਂ ਦੌਰਾਨ ਬਿਲਕੀਸ ਬਾਨੋ ਨਾਲ ਸਮੂਹਿਕ ਜਬਰ-ਜਨਾਹ ਕਰਨ ਅਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਕਰਨ ਦੇ ਮਾਮਲੇ ਦੇ ਦੋਸ਼ੀਆਂ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ, ਦੀ ਇਕ ਅਰਜ਼ੀ ਸਿਖ਼ਰਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀ ਸੀ। ਦਾਹੋਦ ਦੀ ਸਿੰਗਵਾਦ ਤਹਿਸੀਲ ਦੇ ਸਿੰਗਵਾਦ ਤੇ ਰੰਧੀਕਪੁਰ ਪਿੰਡਾਂ ਨਾਲ ਸਬੰਧਤ ਇਨ੍ਹਾਂ ਦੋਸ਼ੀਆਂ ਨੂੰ ਐਤਵਾਰ ਤੱਕ ਪੰਚਮਹਿਲ ਜ਼ਿਲ੍ਹੇ ਵਿੱਚ ਪੈਂਦੀ ਗੋਧਰਾ ਸਬ-ਜੇਲ੍ਹ ’ਚ ਆਤਮ-ਸਮਰਪਣ ਕਰਨਾ ਹੋਵੇਗਾ। ਦੋਸ਼ੀਆਂ ’ਚੋਂ ਇਕ ਸ਼ੈਲੇਸ਼ ਭੱਟ ਦੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਐਤਵਾਰ ਸ਼ਾਮ ਨੂੰ ਸ਼ੈਲੇਸ਼ ਭੱਟ ਗੋਧਰਾ ਜੇਲ੍ਹ ਦੇ ਅਧਿਕਾਰੀਆਂ ਸਾਹਮਣੇ ਆਤਮ-ਸਮਰਪਣ ਕਰ ਦੇਵੇਗਾ। -ਪੀਟੀਆਈ