ਬਿਲਾਵਲ ਭੁੱਟੋ ਪੀਐੱਮਐੱਲ-ਐੱਨ ਨੂੰ ਬਾਹਰੋਂ ਦੇਣਗੇ ਹਮਾਇਤ
ਇਸਲਾਮਾਬਾਦ, 13 ਫਰਵਰੀ
ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਅੱਜ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚੋਂ ਬਾਹਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਸਰਕਾਰ ’ਚ ਸ਼ਾਮਲ ਹੋਏ ਬਿਨਾਂ ਹਮਾਇਤ ਦੇਣਗੇ। ਉਨ੍ਹਾਂ ਐਲਾਨ ਕੀਤਾ ਕਿ ਪਿਤਾ ਅਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋਣਗੇ ਕਿਉਂਕਿ ਉਹ ਦੇਸ਼ ਨੂੰ ਮੌਜੂਦਾ ਮੁਸ਼ਕਲਾਂ ’ਚੋਂ ਕੱਢਣ ਦੇ ਯੋਗ ਹਨ। ਬਿਲਾਵਲ ਨੇ ਇਹ ਐਲਾਨ ਉਸ ਸਮੇਂ ਕੀਤਾ ਹੈ ਜਦੋਂ ਕੁਝ ਘੰਟੇ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਸੀ ਕਿ ਪੀਐੱਮਐੱਲ-ਐੱਨ ਸੁਪਰੀਮੋ ਨਵਾਜ਼ ਸ਼ਰੀਫ਼ ਰਿਕਾਰਡ ਚੌਥੀ ਵਾਰ ਪ੍ਰਧਾਨ ਮੰਤਰੀ ਬਣਨਗੇ। ਪੀਪੀਪੀ ਚੇਅਰਮੈਨ ਨੇ ਉੱਚ ਤਾਕਤੀ ਕੇਂਦਰੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਫ਼ਤਵਾ ਨਹੀਂ ਮਿਲਿਆ ਹੈ ਅਤੇ ਉਹ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਪੀਪੀਪੀ ਨਾਲ ਗੱਠਜੋੜ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਕਾਰਨ ਪੀਐੱਮਐੱਲ-ਐੱਨ ਨੇ ਪੀਪੀਪੀ ਨੂੰ ਸਰਕਾਰ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਬਿਲਾਵਲ ਨੇ ਕਿਹਾ ਕਿ ਉਹ ਦੇਸ਼ ’ਚ ਅਸਥਿਰਤਾ ਦਾ ਮਾਹੌਲ ਨਹੀਂ ਬਣਨ ਦੇਣਾ ਚਾਹੁੰਦੇ ਹਨ ਅਤੇ ਪੀਪੀਪੀ ਸਥਿਰ ਸਰਕਾਰ ਬਣਾਉਣ ’ਚ ਸਹਾਇਤਾ ਕਰੇਗੀ। -ਪੀਟੀਆਈ