ਭਾਰਤ ਅਮਰੀਕਾ ਰਿਸ਼ਤਿਆਂ ਦੇ ਦੁਵੱਲੇ ਪ੍ਰਸੰਗ
ਜੀ ਪਾਰਥਾਸਾਰਥੀ
ਭਾਰਤ ਵਿਚ ਹਾਲੀਆ ਚੋਣਾਂ ਤੋਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੁਲੀਸ਼ਨ ਸਰਕਾਰ ਬਣ ਗਈ ਹੈ; ਅਮਰੀਕਾ ਵਿਚ ਹੋਣ ਵਾਲੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਕਰ ਕੇ ਉੱਥੋਂ ਦਾ ਸਮੁੱਚਾ ਸਿਆਸੀ ਕਾਰਵਿਹਾਰ ਭੰਬਲਭੂਸੇ ਵਿਚ ਘਿਰ ਗਿਆ ਹੈ। ਇਸ ਅਹੁਦੇ ਲਈ ਦਾਅਵੇਦਾਰ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਅਤੇ ਡੋਨਲਡ ਟਰੰਪ ਦੇ ਸਬੰਧ ਪਹਿਲਾਂ ਤੋਂ ਹੀ ਅੱਛੇ ਨਹੀਂ ਰਹੇ। ਪਿਛਲੀ ਚੋਣ ਵਿਚ ਬਾਇਡਨ ਨੇ ਉਸ ਵੇਲੇ ਦੇ ਰਾਸ਼ਟਰਪਤੀ ਟਰੰਪ ਨੂੰ ਮਾਤ ਦੇ ਦਿੱਤੀ ਸੀ। ਇਸ ਸਮੇਂ ਇਸ ਚੋਣ ਨੂੰ ਲੈ ਕੇ ਦੁਨੀਆ ਭਰ ਵਿਚ ਭੰਬਲਭੂਸਾ ਹੈ। ਬਾਇਡਨ ਸਰੀਰਕ ਤੌਰ ’ਤੇ ਫਿੱਟ ਨਜ਼ਰ ਨਹੀਂ ਆ ਰਹੇ ਅਤੇ ਉਨ੍ਹਾਂ ਟਰੰਪ ਨਾਲ ਟੈਲੀਵਿਜ਼ਨ ’ਤੇ ਹੋਈ ਸਿੱਧੀ ਬਹਿਸ ਵਿਚ ਆਪਣੀਆਂ ਸਰੀਰਕ ਕਮਜ਼ੋਰੀਆਂ ਦੀ ਗੱਲ ਸ਼ਰੇਆਮ ਕਬੂਲ ਵੀ ਕੀਤੀ ਹੈ। ਅਮਰੀਕਾ ਦੇ ਬਹੁਤ ਸਾਰੇ ਤਬਕੇ ਆਪਣੇ ਰਾਸ਼ਟਰਪਤੀ ਦੀ ਸਿਹਤ ਬਾਰੇ ਖੁਲਾਸੇ ਸੁਣ ਕੇ ਕਾਫ਼ੀ ਮਾਯੂਸ ਹੋਏ ਹਨ। ਇਸ ਤੋਂ ਇਲਾਵਾ ਇਹ ਵੀ ਨਜ਼ਰ ਆ ਰਿਹਾ ਹੈ ਕਿ ਰਾਸ਼ਟਰਪਤੀ ਦੀ ਇਸ ਚੋਣ ਦੌਰਾਨ ਅਮਰੀਕੀ ਸੁਪਰੀਮ ਕੋਰਟ ਦੀ ਨਿਰਪੱਖਤਾ ਵੀ ਸ਼ੱਕੀ ਹੋਵੇਗੀ।
ਸੰਕੇਤ ਹਨ ਕਿ ਬਾਇਡਨ ਨੂੰ ਚੋਣ ਮੈਦਾਨ ’ਚੋਂ ਹਟਣਾ ਪਵੇਗਾ ਨਹੀਂ ਤਾਂ ਹਾਰ ਦਾ ਮੂੰਹ ਦੇਖਣਾ ਪਵੇਗਾ। ਟਰੰਪ ਦੇ ਮੁਕਾਬਲੇ ਉਨ੍ਹਾਂ ਦੀ ਜਿੱਤ ਦੇ ਆਸਾਰ ਬਹੁਤ ਮੱਧਮ ਹਨ। ਕੁਝ ਵੀ ਹੋਵੇ ਪਰ ਬਾਇਡਨ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਦੇ ਆਪਣੇ ਭਾਰਤੀ ਹਮਰੁਤਬਾ ਨਾਲ ਰਿਸ਼ਤੇ ਕਾਫ਼ੀ ਵਧੀਆ ਹਨ। ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਕਾਰ ਸਬੰਧਾਂ ਨੂੰ ਸੁਚਾਰੂ ਰੱਖਣ ਲਈ ਇਹ ਰਿਸ਼ਤੇ ਅਹਿਮ ਹੁੰਦੇ ਹਨ। ਹਾਲ ਹੀ ਵਿਚ ਨਿਯੁਕਤ ਕੀਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅਮਰੀਕਾ ਤੇ ਚੀਨ ਵਿਚ ਸੇਵਾਵਾਂ ਨਿਭਾਈਆਂ ਹਨ ਅਤੇ ਉਹ ਅਮਰੀਕਾ ਤੇ ਚੀਨ, ਦੋਵਾਂ ਨਾਲ ਹੁਨਰਮੰਦੀ ਨਾਲ ਨਜਿੱਠਣ ਦੇ ਸਮਰੱਥ ਹਨ। ਹੁਣ ਇਹ ਗੱਲ ਸਾਫ਼ ਹੋ ਗਈ ਹੈ ਕਿ ਭਾਰਤ ਦੀਆਂ ਨੀਤੀਆਂ ਦਾ ਮੁੱਖ ਫੋਕਸ ਪੂਰਬ ਵਿਚ ਮਲੱਕਾ ਜਲਡਮਰੂ ਤੋਂ ਲੈ ਕੇ ਪੱਛਮ ਵਿਚ ਹਰਮੂਜ਼ ਜਲਡਮਰੂ ਤੱਕ ਪੈਂਦੇ ਆਪਣੇ ਆਂਢ-ਗੁਆਂਢ ਦੇ ਦੇਸ਼ਾਂ ਨਾਲ ਮਜ਼ਬੂਤ ਰਿਸ਼ਤੇ ਉਸਾਰਨ ’ਤੇ ਰਹੇਗਾ।
ਟਰੰਪ ਰਾਸ਼ਟਰਪਤੀ ਸੀ ਤਾਂ ਉਸ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਸਬੰਧ ਕਾਫ਼ੀ ਨਿੱਘੇ ਸਨ; ਰਾਸ਼ਟਰਪਤੀ ਬਾਇਡਨ ਬਾਰੇ ਇਹ ਗੱਲ ਕਹਿਣੀ ਮੁਸ਼ਕਿਲ ਹੈ। ਸਪੱਸ਼ਟ ਹੈ ਕਿ ਹਾਲ ਹੀ ’ਚ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬਿਆਨ ਲਈ ਰਾਸ਼ਟਰਪਤੀ ਬਾਇਡਨ ਜਿ਼ੰਮੇਵਾਰ ਹਨ ਜਿਸ ਵਿਚ ਕਿਹਾ ਗਿਆ: “ਭਾਰਤ ਵਿਚ ਅਸੀਂ ਧਰਮ ਪਰਿਵਰਤਨ ਵਿਰੋਧੀ ਕਾਨੂੰਨਾਂ, ਨਫ਼ਰਤੀ ਭਾਸ਼ਣਾਂ, ਘੱਟਗਿਣਤੀ ਧਰਮਾਂ ਦੇ ਲੋਕਾਂ ਦੇ ਘਰ, ਧਾਰਮਿਕ ਸਥਾਨਾਂ ਨੂੰ ਢਾਹੇ ਜਾਣ ਦੀਆਂ ਵਾਰਦਾਤਾਂ ਵਿਚ ਚਿੰਤਾਜਨਕ ਵਾਧਾ ਹੁੰਦੇ ਦੇਖਿਆ ਹੈ।” ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮੋਦੀ ਰੂਸ ਦੇ ਰਾਸ਼ਟਰਪਤੀ ਪੂਤਿਨ ਨਾਲ ਮੁਲਾਕਾਤ ਲਈ ਮਾਸਕੋ ਜਾ ਰਹੇ ਹਨ ਜਿਨ੍ਹਾਂ ਦੇ ਉਨ੍ਹਾਂ ਨਾਲ ਨਾ ਕੇਵਲ ਦੋਸਤਾਨਾ ਤੇ ਹਮਦਰਦਾਨਾ ਸਬੰਧ ਹਨ ਸਗੋਂ ਭਾਰਤ ਬਾਰੇ ਬੋਲਣ ਸਮੇਂ ਕਾਫ਼ੀ ਸੰਜਮ ਤੇ ਸਤਿਕਾਰ ਤੋਂ ਕੰਮ ਲੈਂਦੇ ਹਨ।
ਉਂਝ, ਇਨ੍ਹਾਂ ਸਾਰੀਆਂ ਘਟਨਾਵਾਂ ਅਤੇ ਮੱਤਭੇਦਾਂ ਦੇ ਬਾਵਜੂਦ ਭਾਰਤ ਅਤੇ ਅਮਰੀਕਾ ਦੇ ਸਬੰਧ ਸਮਾਂ ਪਾ ਕੇ ਮਜ਼ਬੂਤ ਹੁੰਦੇ ਰਹੇ ਹਨ। ਇਸ ਦੌਰਾਨ ਭਾਰਤ ਦੇ ਬਰਤਾਨੀਆ ਨਾਲ ਸਬੰਧਾਂ ਨੂੰ ਦੋਵਾਂ ਪਾਰਟੀਆਂ ਦੀ ਹਮਾਇਤ ਹਾਸਲ ਹੈ ਅਤੇ ਲੇਬਰ ਤੇ ਕੰਜ਼ਰਵੇਟਿਵ, ਦੋਵਾਂ ਮੁੱਖ ਪਾਰਟੀਆਂ ਨਾਲ ਸਬੰਧ ਮਜ਼ਬੂਤ ਹੋਏ ਹਨ। ਯੂਰੋਪ ਅੰਦਰ ਵੀ ਇਹੋ ਜਿਹਾ ਦ੍ਰਿਸ਼ਟੀਕੋਣ ਚੱਲ ਰਿਹਾ ਹੈ ਅਤੇ ਫਰਾਂਸ ਤੇ ਜਰਮਨੀ ਨਾਲ ਸਬੰਧਾਂ ਵਿਚ ਸੁਧਾਰ ਆਇਆ ਹੈ। ਫਰਾਂਸ ਨੇ ਭਾਰਤ ਨੂੰ ਕਈ ਕਿਸਮ ਦੇ ਹਥਿਆਰ ਵੇਚੇ ਹਨ ਜਿਨ੍ਹਾਂ ਵਿਚ ਮਿਰਾਜ-2000 ਲੜਾਕੂ ਜਹਾਜ਼ ਤੋਂ ਲੈ ਕੇ 36 ਰਾਫੇਲ ਲੜਾਕੂ ਜਹਾਜ਼ ਸ਼ਾਮਲ ਹਨ; 26 ਹੋਰ ਜਹਾਜ਼ ਖਰੀਦਣ ਲਈ ਗੱਲਬਾਤ ਚੱਲ ਰਹੀ ਹੈ। ਇਹ ਸੌਦਾ ਫਰਾਂਸ ਤੋਂ ਪਹਿਲਾਂ ਖਰੀਦੀਆਂ ਪਣਡੁੱਬੀਆਂ ਦੇ ਸੌਦੇ ਦਾ ਹੀ ਹਿੱਸਾ ਸੀ।
ਵਡੇਰੇ ਜ਼ਾਵੀਏ ਤੋਂ ਇਕ ਹੋਰ ਅਹਿਮ ਪਹਿਲੂ ਦਿਮਾਗ ਵਿਚ ਰੱਖਣਾ ਚਾਹੀਦਾ ਹੈ ਕਿ ਭਾਰਤ ਅਮਰੀਕਾ ਸਬੰਧਾਂ ਦੇ ਇਸ ਪ੍ਰਸੰਗ ਵਿਚ ਹੋਰ ਆਲਮੀ ਤਾਕਤਾਂ ਨਾਲ ਭਾਰਤ ਦੇ ਸਬੰਧਾਂ ਨੂੰ ਕਿਵੇਂ ਸਥਾਪਤ ਕੀਤਾ ਗਿਆ ਹੈ। ਹੁਣ ਇਸ ਗੱਲ ’ਤੇ ਫੋਕਸ ਵਧ ਰਿਹਾ ਹੈ ਕਿ ਚੀਨ ਦੀ ਵਧ ਰਹੀ ਤਾਕਤ ਨਾਲ ਭਾਰਤ ਕਿਵੇਂ ਸਿੱਝੇਗਾ। ਇਹ ਗੱਲ ਖ਼ਾਸ ਤੌਰ ’ਤੇ ਭਾਰਤ ਦੇ ਆਂਢ-ਗੁਆਂਢ ਵਿਚ ਦੇਖੀ ਜਾ ਰਹੀ ਹੈ ਜਿੱਥੇ ਚੀਨ ਦੀ ਤਾਕਤ ਤੇ ਪ੍ਰਭਾਵ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਨਾਲ ਨਿਸ਼ਚਤ ਤੌਰ ’ਤੇ ਭਾਰਤ ਦੀ ਕੌਮੀ ਸੁਰੱਖਿਆ ਤੇ ਆਰਥਿਕ ਹਿੱਤ ਪ੍ਰਭਾਵਿਤ ਹੋਣਗੇ।
ਚੀਨ ਨੂੰ ਯੂਰੋਪੀਅਨ ਯੂਨੀਅਨ ‘ਭਾਈਵਾਲ’ ਵਜੋਂ ਦੇਖਦੀ ਹੈ ਪਰ ਨਾਲ ਹੀ ਇਹ ਚੀਨ ਨੂੰ ਖ਼ਤਰਨਾਕ ਦੁਸ਼ਮਣ ਵੀ ਮੰਨਦੀ ਹੈ। ਇਸ ਦਾ ਦਾਅਵਾ ਹੈ ਕਿ ਵਿੱਤੀ ਧੌਂਸ ਨਾਲ ਵਿਦੇਸ਼ ’ਚ ਵੱਧ ਰੋਹਬਦਾਰ ਪੈਂਤੜਾ ਅਪਣਾ ਰਿਹਾ ਚੀਨ ਸੰਸਾਰ ਨਾਲ ਘੱਟ ਹੀ ਘੁਲ-ਮਿਲ ਰਿਹਾ ਹੈ। ਚੀਨ ਦੀਆਂ ਨੀਤੀਆਂ ਯੂਰੋਪੀਅਨ ਯੂਨੀਅਨ ਨਾਲ ਇਸ ਦੇ ਵਪਾਰਕ ਸਬੰਧਾਂ ਦਾ ਸੰਤੁਲਨ ਖਰਾਬ ਕਰ ਰਹੀਆਂ ਹਨ। ਯੂਰੋਪੀਅਨ ਯੂਨੀਅਨ ਹੁਣ ਮੰਨਦੀ ਹੈ ਕਿ ਚੀਨ ਬਰਾਬਰੀ ਦੀ ਖੇਡ ਨਹੀਂ ਖੇਡਦਾ। ਪੇਈਚਿੰਗ ਤੇ ਮਾਸਕੋ ਦਰਮਿਆਨ ਕਰੀਬੀ ਰਿਸ਼ਤੇ ਵੀ ਯੂਰੋਪੀਅਨ ਯੂਨੀਅਨ ਦੇ ਫਿ਼ਕਰਾਂ ਵਿਚ ਵਾਧਾ ਕਰਦੇ ਹਨ। ਯੂਰੋਪੀਅਨ ਯੂਨੀਅਨ ਹਾਲਾਂਕਿ ਜਿ਼ਆਦਾਤਰ ਸੁਰੱਖਿਆ ਦੇ ਮੁੱਦਿਆਂ ’ਤੇ ਅਮਰੀਕਾ ਦਾ ਜੂਨੀਅਰ ਸਾਥੀ ਬਣਦਾ ਹੈ ਪਰ ਚੀਨ ਦੇ ਹਮਲਾਵਰ ਰੁਖ਼ ਖਿ਼ਲਾਫ਼ ਇਸ ਵੱਲੋਂ ਕਿਸੇ ਵਿਦੇਸ਼ੀ ਤਾਕਤ ਦਾ ਸਹਾਇਕ ਜਾਂ ਸਾਥੀ ਬਣਨ ਦੀ ਸੰਭਾਵਨਾ ਬਹੁਤ ਮੱਧਮ ਹੈ ਜਦ ਤੱਕ ਅਮਰੀਕਾ ਇਸ ਦੀ ਪਿੱਠ ’ਤੇ ਨਾ ਹੋਵੇ। ਯੂਰੋਪੀਅਨ ਯੂਨੀਅਨ ਮੁਲਕ ਹਾਲਾਂਕਿ ਅਜਿਹੇ ਹਾਲਾਤ ਵਿਚ ਅਮਰੀਕਾ ਦਾ ਕੂਟਨੀਤਕ ਤੌਰ ’ਤੇ ਸਾਥ ਦੇ ਸਕਦੇ ਹਨ ਜਿੱਥੇ ਉਨ੍ਹਾਂ ’ਤੇ ਅਮਰੀਕਾ ਸਿੱਧਾ ਦਬਾਅ ਬਣਾਏ।
ਚੀਨ ਦਾ ਸਾਹਮਣਾ ਕਰ ਰਹੇ ਏਸ਼ਿਆਈ ਮੁਲਕ ਅਮਰੀਕੀ ਹਮਾਇਤ ਤੋਂ ਬਿਨਾਂ ਯੂਰੋਪੀਅਨ ਯੂਨੀਅਨ ਤੋਂ ਕੁਝ ਵੀ ਆਸ ਨਹੀਂ ਰੱਖ ਸਕਦੇ, ਖਾਸ ਤੌਰ ’ਤੇ ਉਦੋਂ ਜਦ ਉਹ ਚੀਨ ਨਾਲ ਟਕਰਾਅ ਵਾਲੀ ਹਾਲਤ ਵਿਚ ਪੈਂਦੇ ਹਨ। ਯਾਦ ਰੱਖਣ ਦੀ ਲੋੜ ਹੈ ਕਿ ਇਹ ਭਾਰਤ ਨੇ ਹੀ ਚੀਨ ਵੱਲੋਂ ਇਲਾਕਾਈ ਦਬਾਅ ਦਾ ਸਾਹਮਣਾ ਕਰ ਰਹੇ ਫਿਲੀਪੀਨਜ਼ ਨੂੰ ‘ਬ੍ਰਹਮੋਸ’ ਮਿਜ਼ਾਈਲਾਂ ਦਿੱਤੀਆਂ ਪਰ ਜਦ ਚੀਨ ਨਾਲ ਆਪਣੀਆਂ ਸਰਹੱਦਾਂ ’ਤੇ ਤਣਾਅ ਅਤੇ ਅਨਿਸ਼ਚਿਤਤਾ ਦੀ ਗੱਲ ਆਉਂਦੀ ਹੈ ਤਾਂ ਭਾਰਤ ਖ਼ੁਦ ਵੀ ਆਪਣੇ ਬਚਾਅ ਵਿੱਚ ਕੋਈ ਢਿੱਲ ਨਹੀਂ ਵਰਤ ਸਕਦਾ। ਸਭ ਤੋਂ ਅਹਿਮ ਚੀਨ ਨਿਰੰਤਰ ਸਰਗਰਮੀ ਨਾਲ ਭਾਰਤ ਦੇ ਦੱਖਣ ਏਸ਼ਿਆਈ ਗੁਆਂਢੀਆਂ ਨੂੰ ਆਪਣੇ ਵੱਲ ਖਿੱਚਣ ’ਚ ਲੱਗਿਆ ਰਹਿੰਦਾ ਹੈ ਜਿਸ ਪਿੱਛੇ ਉਸ ਦਾ ਮੰਤਵ ਆਪਣੀ ਜਲ ਸੈਨਾ ਨੂੰ ਦੱਖਣ ਏਸ਼ਿਆਈ/ਹਿੰਦ ਮਹਾਸਾਗਰ ਵਿਚਲੀਆਂ ਬੰਦਰਗਾਹਾਂ ’ਤੇ ਠਾਹਰ ਲਈ ਟਿਕਾਣੇ ਤਿਆਰ ਕਰ ਕੇ ਦੇਣਾ ਹੈ। ਇਸ ਨੂੰ ਪਹਿਲਾਂ ਹੀ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਗਵਾਦਰ ਬੰਦਰਗਾਹ ’ਤੇ ਖੁੱਲ੍ਹੀ ਰਸਾਈ ਮਿਲੀ ਹੋਈ ਹੈ। ਚੀਨ ਦਾ ਧਿਆਨ ਮੁੱਖ ਤੌਰ ’ਤੇ ਮਿਆਂਮਾਰ ਉਤੇ ਰਿਹਾ ਹੈ ਜਿੱਥੇ ਨਵੀਂ ਦਿੱਲੀ ਸਿਤਵੇ ਬੰਦਰਗਾਹ ਦਾ ਕੰਮਕਾਜ ਜਲਦੀ ਸੰਭਾਲ ਰਿਹਾ ਹੈ। ਇਸੇ ਦੌਰਾਨ ਇਰਾਨੀ ਬੰਦਰਗਾਹ ਚਾਬਹਾਰ ਨੂੰ ਵਿਕਸਤ ਕਰਨ ’ਚ ਇਰਾਨ ਨਾਲ ਸਹਿਯੋਗ ਬਾਰੇ ਭਾਰਤ ਵੱਲੋਂ ਰੱਖਿਆ ਗਿਆ ਪ੍ਰਸਤਾਵ, ਇਸ ਨੂੰ ਅਫਗਾਨਿਸਤਾਨ ਤੇ ਕੇਂਦਰੀ ਏਸ਼ੀਆ ਤੱਕ ਪਹੁੰਚ ਦੇਵੇਗਾ ਜਿਸ ਨਾਲ ਪਾਕਿਸਤਾਨ ‘ਬਾਈਪਾਸ’ ਹੋ ਜਾਵੇਗਾ।
ਇਜ਼ਰਾਈਲ-ਫ਼ਲਸਤੀਨੀ ਟਕਰਾਅ ਦੀ ਸ਼ੁਰੂਆਤ ਤੋਂ ਬਾਅਦ ਭਾਰਤੀ ਜਲ ਸੈਨਾ ਦੀ ਭੂਮਿਕਾ ਨਾਲ ਜੁੜੇ ਆਲਮੀ ਹਿੱਤ ਹੁਣ ਸਾਫ਼ ਹੋ ਗਏ ਹਨ। ਪਿਛਲੇ ਛੇ ਮਹੀਨਿਆਂ ਦੌਰਾਨ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਨੇ ਅਦਨ ਦੀ ਖਾੜੀ ਅਤੇ ਨਾਲ ਲੱਗਦੇ ਅਰਬ ਸਾਗਰ ਤੇ ਸੋਮਾਲੀਆ ਦੇ ਪੂਰਬੀ ਤੱਟ ਦੇ ਇਲਾਕਿਆਂ ’ਚ ਸਮੁੰਦਰੀ ਮਾਰਗਾਂ ਦੀ ਰਾਖੀ ਕੀਤੀ ਹੈ। ਇਜ਼ਰਾਈਲ-ਫ਼ਲਸਤੀਨੀ ਟਕਰਾਅ ਨੇ ਕੌਮਾਂਤਰੀ ਪੱਧਰ ’ਤੇ ਵਿਵਾਦ ਅਤੇ ਹਿੰਸਾ ਨੂੰ ਜਨਮ ਦਿੱਤਾ ਹੈ। ਭਾਰਤ ਪੂਰੀ ਕੁਸ਼ਲਤਾ ਨਾਲ ਇਸ ਟਕਰਾਅ ’ਚ ਉਲਝਣ ਤੋਂ ਬਚਿਆ ਹੈ। ਇਸ ਦੌਰਾਨ ਭਾਰਤ ਨੇ ਅਰਬ ਖਾੜੀ ਮੁਲਕਾਂ ’ਤੇ ਵੀ ਧਿਆਨ ਬਣਾਈ ਰੱਖਿਆ ਹੈ ਜਿੱਥੇ 3 ਕਰੋੜ 40 ਲੱਖ ਭਾਰਤੀ ਨਾਗਰਿਕ ਰਹਿੰਦੇ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਯੂਏਈ ਤੇ ਸਾਊਦੀ ਅਰਬ ’ਚ ਹਨ।
ਸਾਊਦੀ ਅਰਬ ਤੇ ਯੂਏਈ ਨਾਲ ਸਬੰਧਾਂ ਦਾ ਵਿਸਤਾਰ ਕਰਨ ’ਚ ਕਾਫ਼ੀ ਦਿਲਚਸਪੀ ਲਈ ਹੈ। ਇਨ੍ਹਾਂ ਮੁਲਕਾਂ ਦੇ ਸ਼ਾਸਕਾਂ ਨਾਲ ਨਿਵੇਕਲੇ ਰਿਸ਼ਤੇ ਕਾਇਮ ਕੀਤੇ ਹਨ। ਆਪਣੇ ਆਂਢ-ਗੁਆਂਢ ’ਚ ਇਹ ਭਾਰਤ ਲਈ ਸਭ ਤੋਂ ਮਹੱਤਵਪੂਰਨ ਖੇਤਰ ਹੈ। ਭਾਰਤੀ ਕੂਟਨੀਤੀ ਇਸ ਖੇਤਰ ’ਚ ਵਿਸ਼ੇਸ਼ ਤੌਰ ’ਤੇ ਹਾਲੀਆ ਸਾਲਾਂ ਵਿਚ ਕਾਫ਼ੀ ਸਰਗਰਮ ਰਹੀ ਹੈ। ਆਸ ਕੀਤੀ ਜਾ ਸਕਦੀ ਹੈ ਕਿ ਭਾਰਤ ਨੇ ਜੋ ਪ੍ਰਾਪਤੀਆਂ ਕੀਤੀਆਂ ਹਨ, ਉਨ੍ਹਾਂ ਦੇ ਘੇਰੇ ਨੂੰ ਇਹ ਹੋਰ ਵਧਾਏਗਾ ਅਤੇ ਨਾਲ ਹੀ ਸਪੱਸ਼ਟ ਕਰਦਾ ਰਹੇਗਾ ਕਿ ਇਹ ਚੀਨ-ਪਾਕਿਸਤਾਨ ਗੱਠਜੋੜ ’ਤੇ ਵੀ ਦ੍ਰਿੜਤਾ ਨਾਲ ਕਾਰਵਾਈ ਕਰਦਾ ਰਹੇਗਾ ਜੋ ਭਾਰਤ ਦੀ ਸੁਰੱਖਿਆ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।