ਤਿੰਨ ਬਾਈਕ ਸਵਾਰਾਂ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਦੇ ਘਰ ’ਤੇ ਗ੍ਰਨੇਡ ਹਮਲਾ
ਜਗਤਾਰ ਸਿੰਘ ਛਿੱਤ
ਜੈਂਤੀਪੁਰ(ਅੰਮ੍ਰਿਤਸਰ), 15 ਜਨਵਰੀ
ਤਿੰਨ ਮੋਟਰਸਾਈਕਲ ਸਵਾਰਾਂ ਨੇ ਬੁੱਧਵਾਰ ਰਾਤੀਂ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸਵਰਗੀ ਰਾਜਿੰਦਰ ਕੁਮਾਰ, ਜਿਸ ਨੂੰ ਪੱਪੂ ਜੈਂਤੀਪੁਰੀਆ ਵੀ ਕਿਹਾ ਜਾਂਦਾ ਹੈ, ਦੇ ਘਰ ’ਤੇ ਗ੍ਰਨੇਡ ਹਮਲਾ ਕੀਤਾ ਹੈ। ਜੈਂਤੀਪੁਰੀਆ ਅਕਾਲੀ ਆਗੂ ਬਿਕਰਮ ਮਜੀਠੀਆ ਦਾ ਕਰੀਬੀ ਸੀ। ਬਾਈਕ ਸਵਾਰਾਂ ਦੀ ਇਸ ਕਾਰਵਾਈ ਮੌਕੇ ਪਰਿਵਾਰ ਇਕ ਸਮਾਗਮ ਲਈ ਬਟਾਲਾ ਗਿਆ ਹੋਇਆ ਸੀ। ਗ੍ਰੇਨੇਡ ਘਰ ਦੇ ਬਰਾਮਦੇ ਵਿਚ ਡਿੱਗਿਆ ਤੇ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਗੈਂਗਸਟਰ ਤੋਂ ਦਹਿਸ਼ਤਗਰਦ ਬਣੇ ਹੈਪੀ ਪਾਸ਼ੀਆ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਇਹ ਘਟਨਾ ਸ਼ਾਮ 7.50 ਵਜੇ ਦੇ ਕਰੀਬ ਵਾਪਰੀ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਗ੍ਰਨੇਡ ਸੁੱਟਣ ਵਾਲੇ ਮਸ਼ਕੂਕਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਕਿਹਾ ਕਿ ਤਿੰਨ ਬਦਮਾਸ਼ਾਂ ਨੇ ਜਲਣਸ਼ੀਲ ਸਮੱਗਰੀ ਸੁੱਟੀ ਹਾਲਾਂਕਿ ਇਹ ਆਰਡੀਐਕਸ ਨਹੀਂ ਸੀ ਜਿਵੇਂ ਕਿ ਦਾਅਵਾ ਕੀਤਾ ਜਾ ਰਿਹਾ ਸੀ। ਐੱਸਐੱਸਪੀ ਨੇ ਕਿਹਾ, ‘‘ਫੋਰੈਂਸਿਕ ਜਾਂਚ ਤੋਂ ਧਮਾਕਾਖੇਜ਼ ਸਮੱਗਰੀ ਦੀ ਖਸਲਤ ਦਾ ਪਤਾ ਲੱਗੇਗਾ। ਇਹ ਬਹੁਤ ਘੱਟ ਸ਼ਿੱਦਤ ਵਾਲਾ ਧਮਾਕਾ ਸੀ, ਜਿਸ ਨਾਲ ਬਰਾਮਦੇ ਵਿਚ ਲੱਗੇ ਬੂਟਿਆਂ ਨੂੰ ਹੀ ਨੁਕਸਾਨ ਪੁੱਜਾ।’’ ਪੁਲੀਸ ਮੁਖੀ ਨੇ ਕਿਹਾ ਕਿ ਮਸ਼ਕੂਕਾਂ ਦੀ ਸ਼ਨਾਖਤ ਤੇ ਉਨ੍ਹਾਂ ਦੀ ਪੈੜ ਨੱਪਣ ਲਈ ਕਾਰਵਾਈ ਜਾਰੀ ਹੈ। ਪਿਛਲੇ ਡੇਢ ਮਹੀਨਿਆਂ ਵਿਚ ਅੰਮ੍ਰਿਤਸਰ ’ਚ ਇਹ ਅਜਿਹੀ 6ਵੀਂ ਘਟਨਾ ਹੈ।
ਉਧਰ ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ’ਤੇ ਇਸ ਘਟਨਾ ਦੇ ਵੇਰਵੇ ਸਾਂਝੇ ਕੀਤੇ ਹਨ। ਅਕਾਲੀ ਆਗੂ ਨੇ ਐਕਸ ’ਤੇ ਇਕ ਪੋਸਟ ਵਿਚ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਉੱਤੇ ਸਵਾਲ ਉਠਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ ਅਤੇ ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ ਇਹ ਪੋਸਟ ਟੈਗ ਕੀਤੀ ਹੈ। ਅਕਾਲੀ ਆਗੂ ਨੇ ਦਾਅਵਾ ਕੀਤਾ ਕਿ ਜੈਂਤੀਪੁਰੀਆ ਦੇ ਪੁੱਤਰ ਅਮਨਦੀਪ ਕੁਮਾਰ ਅਤੇ ਪਰਿਵਾਰ ਨੂੰ ਵਿਦੇਸ਼ੀ ਗੈਂਗਸਟਰਾਂ ਤੋਂ ਧਮਕੀਆਂ ਮਿਲ ਰਹੀਆਂ ਸਨ।