ਦਿੱਲੀ ਮੈਟਰੋ ਵੱਲੋਂ ‘ਬਾਈਕ-ਟੈਕਸੀ’ ਸੇਵਾ ਸ਼ੁਰੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਨਵੰਬਰ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਆਖਰੀ-ਮੀਲ ਕੁਨੈਕਟੀਵਿਟੀ ਨੂੰ ਵਧੀਆ ਬਣਾਉਣ ਲਈ 12 ਮੈਟਰੋ ਸਟੇਸ਼ਨਾਂ ’ਤੇ ਬਾਈਕ-ਟੈਕਸੀ ਰਾਈਡ ਸੇਵਾ ਸ਼ੁਰੂ ਕੀਤੀ। ਬਾਈਕ ਨੂੰ ਦਿੱਲੀ ਮੈਟਰੋ ਦੀ ਮੋਬਾਈਲ ਐਪ ਮੋਮੈਂਟਮ 2.0 ਰਾਹੀਂ ਬੁੱਕ ਕੀਤਾ ਜਾ ਸਕਦਾ ਹੈ। ਯਾਤਰੀਆਂ ਕੋਲ ਦੋ ਬਾਈਕ ਟੈਕਸੀ ਵਿਕਲਪ ਹੋਣਗੇ। ਇੱਕ ‘ਸ਼ੈਰੀਡਜ਼’ ਸਿਰਫ਼ ਔਰਤ ਸਵਾਰੀਆਂ ਲਈ ਹੈ, ਜਦੋਂਕਿ ਦੂਜਾ ‘ਰਾਈਡਰ’ ਸਾਰੇ ਯਾਤਰੀਆਂ ਲਈ ਉਪਲਬਧ ਹੋਵੇਗਾ।
ਅਨੁਜ ਦਿਆਲ, ਪ੍ਰਮੁੱਖ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ, ਕਾਰਪੋਰੇਟ ਸੰਚਾਰ, ਮੈਟਰੋ ਵਰਤਮਾਨ ਵਿੱਚ ਇਹ ਸੇਵਾ 12 ਮੈਟਰੋ ਸਟੇਸ਼ਨਾਂ ਦਵਾਰਕਾ ਸੇਕ-21, ਦਵਾਰਕਾ ਸੇਕ-10, ਦਵਾਰਕਾ ਸੇਕ-14, ਦਵਾਰਕਾ ਮੋੜ, ਜਨਕਪੁਰੀ ਵੈਸਟ, ਉੱਤਮ ਨਗਰ ਈਸਟ, ਰਾਜੌਰੀ ਗਾਰਡਨ, ਸੁਭਾਸ਼ ਨਗਰ, ਕੀਰਤੀ ਨਗਰ, ਕਰੋਲ ਬਾਗ, ਮਿਲੇਨੀਅਮ ਸਿਟੀ ਸੈਂਟਰ ਗੁਰੂਗ੍ਰਾਮ ਅਤੇ ਪਾਲਮ ਸਟੇਸ਼ਨਾਂ ਤੋਂ ਸਵੇਰੇ 8 ਤੋਂ ਰਾਤ 9 ਵਜੇ ਤੱਕ 3-5 ਕਿਲੋਮੀਟਰ ਦੇ ਘੇਰੇ ਵਿੱਚ ਕੁੱਲ 50 ਸ਼ੈਰੀਡ ਅਤੇ 150 ਰਾਈਡਰ ਕੰਮ ਕਰਨਗੇ। ਇਸ ਤੋਂ ਬਾਅਦ ਇੱਕ ਮਹੀਨੇ ਦੇ ਸਮੇਂ ਵਿੱਚ 100 ਤੋਂ ਵੱਧ ਸਟੇਸ਼ਨਾਂ ਨੂੰ ਇਸ ਸਹੂਲਤ ਨਾਲ ਕਵਰ ਕੀਤਾ ਜਾਵੇਗਾ ਅਤੇ ਬਾਕੀ ਰਹਿੰਦੇ ਸਟੇਸ਼ਨਾਂ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ ਕਵਰ ਕੀਤਾ ਜਾਵੇਗਾ। ਦਿਆਲ ਨੇ ਕਿਹਾ ਕਿ ਇਹ ਔਰਤਾਂ ਨੂੰ ਆਪਣੀ ਮੰਜ਼ਿਲ ਤੱਕ ਸੁਰੱਖਿਆ ਦੇ ਨਾਲ ਸੁਤੰਤਰ ਤੌਰ ’ਤੇ ਯਾਤਰਾ ਕਰਨ ਲਈ ਵੀ ਤਾਕਤ ਦਿੰਦਾ ਹੈ। ਇਹ ਮਹਿਲਾ ਡਰਾਈਵਰਾਂ ਨੂੰ ਰੋਟੀ-ਰੋਜ਼ੀ ਦੇਣ ਦਾ ਵਸੀਲਾ ਵੀ ਬਣਦਾ ਹੈ। ਆਲ ਵਿਮੈਨ ਬਾਈਕ ਟੈਕਸੀ ਫਲੀਟ ਵਿੱਚ ਰੀਅਲ-ਟਾਈਮ ਜੀਪੀਐੱਸ ਟਰੈਕਿੰਗ ਹੋਵੇਗੀ ਅਤੇ ਇਹ ਕਿਫਾਇਤੀ ਹੋਵੇਗੀ। ਇਸ ਦੀ ਘੱਟੋ-ਘੱਟ 10 ਰੁਪਏ ਦੀ ਕੀਮਤ ਹੋਵੇਗੀ, ਉਸ ਤੋਂ ਬਾਅਦ ਪਹਿਲੇ 2 ਕਿਲੋਮੀਟਰ ਲਈ 10 ਰੁਪਏ ਪ੍ਰਤੀ ਕਿਲੋਮੀਟਰ ਅਤੇ ਉਸ ਤੋਂ ਬਾਅਦ, 8 ਰੁਪਏ ਪ੍ਰਤੀ ਕਿਲੋਮੀਟਰ।