ਬਿਹਾਰ: ਮੰਦਰ ’ਚ ਭਗਦੜ ਕਾਰਨ ਸੱਤ ਮੌਤਾਂ, 16 ਜ਼ਖ਼ਮੀ
ਜਹਾਨਾਬਾਦ, 12 ਅਗਸਤ
ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ’ਚ ਪੈਂਦੇ ਬਾਬਾ ਸਿਧੇਸ਼ਵਰ ਨਾਥ ਮੰਦਰ ’ਚ ਭਗਦੜ ਕਾਰਨ ਛੇ ਔਰਤਾਂ ਸਣੇ ਘੱਟੋ-ਘੱਟ ਸੱਤ ਵਿਅਕਤੀ ਮਾਰੇ ਗਏ ਅਤੇ 16 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਜ਼ਿਲ੍ਹੇ ਮੈਜਿਸਟਰੇਟ ਅਲੰਕ੍ਰਿਤਾ ਪਾਂਡੇ ਨੇ ਮੌਤਾਂ ਤੇ ਜ਼ਖ਼ਮੀਆਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਮੰਦਰ ’ਚ ਭਗਦੜ ਦੀ ਇਹ ਘਟਨਾ ਐਤਵਾਰ ਸਵੇਰੇ 11.30 ਵਜੇ ਵਾਪਰੀ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਭਗਦੜ ਦਾ ਕਾਰਨ ਕਾਂਵੜੀਆਂ ਵਿਚਾਲੇ ਆਪਸੀ ਵਿਵਾਦ ਹੋ ਸਕਦਾ ਹੈ। ਅਧਿਕਾਰੀਆਂ ਨੇ ਘਟਨਾ ਦੀ ਜਾਂਚ ਦੀ ਹੁਕਮ ਦੇ ਦਿੱਤੇ ਗਏ ਹਨ ਅਤੇ ਅਸਲ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਹਾਨਾਬਾਦ ਦੇ ਬਾਰਾਬਰ ਪਹਾੜੀ ਇਲਾਕੇ ’ਚ ਸਥਿਤ ਬਾਬਾ ਸਿਧੇਸ਼ਵਰ ਨਾਥ ਮੰਦਰ ’ਚ ਵਾਪਰੀ ਘਟਨਾ ’ਚ ਸੱਤ ਵਿਅਕਤੀ ਜਿਨ੍ਹਾਂ ’ਚੋਂ ਬਹੁਤੇ ਕਾਂਵੜੀਏ ਸਨ, ਦੀ ਮੌਤ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ’ਚ ਛੇ ਔਰਤਾਂ ਸ਼ਾਮਲ ਹਨ। ਘਟਨਾ ’ਚ ਜ਼ਖਮੀਆਂ ਹੋਏ ਵਿਅਕਤੀਆਂ ਨੂੰ ਮੁਕੰਦਪੁਰ ਤੇ ਨੇੜੇ ਦੇ ਹੋਰ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ, ਜਿੱਥੋਂ 10 ਜਣਿਆਂ ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਜਦਕਿ ਬਾਕੀ ਛੇ ਜ਼ੇਰੇ ਇਲਾਜ ਹਨ। -ਪੀਟੀਆਈ
ਮ੍ਰਿਤਕਾਂ ਦੇ ਪਰਿਵਾਰਾਂ ਲਈ ਐਕਸਗ੍ਰੇਸ਼ੀਆ ਗਰਾਂਟ ਦਾ ਐਲਾਨ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਘਟਨਾ ’ਤੇ ਦੁੱਖ ਦਾ ਇਜ਼ਹਾਰ ਕੀਤਾ ਤੇ ਮ੍ਰਿਤਕਾਂ ਪਰਿਵਾਰਾਂ ਨੂੰ 4-4 ਲੱਖ ਰੁਪਏ ਐਕਸਗ੍ਰੇਸ਼ੀਆ ਗਰਾਂਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਜ਼ਖ਼ਮੀਆਂ ਨੂੰ ਵਧੀਆ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਦਾ ਨਿਰਦੇਸ਼ ਵੀ ਦਿੱਤਾ। ਐਕਸਗ੍ਰੇਸ਼ੀਆ ਗਰਾਂਟ ਤਹਿਤ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮਿਲਣਗੇ। ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਲਈ ਵਾਰਸਾਂ ਨੂੰ ਵੱਖਰੇ ਤੌਰ ’ਤੇ 20-20 ਹਜ਼ਾਰ ਰੁਪਏ ਵੀ ਦਿੱਤੇ ਜਾਣਗੇ।