ਬਿਹਾਰ: ਨਿਤੀਸ਼ ਵੱਲੋਂ ‘ਹਮਾਰਾ ਬਿਹਾਰ ਹਮਾਰੀ ਸੜਕ’ ਐਪ ਲਾਂਚ
ਪਟਨਾ, 19 ਦਸੰਬਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਇਕ ਮੋਬਾਈਲ ਐਪਲੀਕੇਸਨ ਲਾਂਚ ਕੀਤੀ ਹੈ ਜਿਸ ਰਾਹੀਂ ਨਾਗਰਿਕ ਸੂਬੇ ਦੇ ਸਭ ਤੋਂ ਪੱਛੜੇ ਖੇਤਰਾਂ ਵਿੱਚ ਸੜਕਾਂ ਦੀ ਮਾੜੀ ਹਾਲਤ ਬਾਰੇ ਸਬੰਧਤ ਵਿਭਾਗ ਨੂੰ ਸ਼ਿਕਾਇਤ ਕਰਨ ਦੇ ਸਮਰੱਥ ਹੋ ਸਕਣਗੇ।
ਮੁੱਖ ਮੰਤਰੀ ਵੱਲੋਂ ਆਪਣੀ ਸਰਕਾਰੀ ਰਿਹਾਇਸ਼ ਵਿਖੇ ‘ਹਮਾਰਾ ਬਿਹਾਰ ਹਮਾਰੀ ਸੜਕ’ ਨਾਮ ਦਾ ਇਹ ਐਪ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਪੇਂਡੂ ਨਿਰਮਾਣ ਵਿਭਾਗ ਦੇ ਮੰਤਰੀ ਅਸ਼ੋਕ ਚੌਧਰੀ ਅਤੇ ਮੁੱਖ ਸਕੱਤਰ ਅੰਮ੍ਰਿਤ ਲਾਲ ਮੀਨਾ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਸ ਪ੍ਰਗਟਾਈ ਕਿ ਇਸ ਐਪ ਦੇ ਇਸਤੇਮਾਲ ਰਾਹੀਂ ਪੇਂਡੂ ਸੜਕਾਂ ਦੀ ਵਧੀਆ ਢੰਗ ਨਾਲ ਸਾਂਭ ਸੰਭਾਲ ਅਤੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਦਾ ਹੋਰ ਛੇਤੀ ਨਿਬੇੜਾ ਯਕੀਨੀ ਬਣਾਇਆ ਜਾ ਸਕੇਗਾ। ਪੇਂਡੂ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀਪਕ ਕੁਮਾਰ ਸਿੰਘ ਨੇ ਕਿਹਾ ਕਿ ਇਸ ਐਂਡਰਾਇਡ ਐਪ ’ਤੇ ਬਲਾਕ ਮੁਤਾਬਕ 65,000 ਕਿਲੋਮੀਟਰ ਸੜਕਾਂ ਸੂਚੀਬੱਧ ਕੀਤੀਆਂ ਜਾਣਗੀਆਂ ਅਤੇ ਲੋਕ ਤਸਵੀਰਾਂ ਅਪਲੋਡ ਕਰ ਕੇ ਸੜਕਾਂ ਵਿਚਲੇ ਟੋਇਆਂ ਵਰਗੀਆਂ ਖਾਮੀਆਂ ਦੀ ਸ਼ਿਕਾਇਤ ਕਰਨ ਦੇ ਸਮਰੱਥ ਹੋ ਸਕਣਗੇ। ਉਨ੍ਹਾਂ ਕਿਹਾ, ‘‘ਪਾਰਦਰਸ਼ਤਾ ਯਕੀਨੀ ਬਣਾਉਣ ਲਈ ਸਬੰਧਤ ਅਧਿਕਾਰੀ ਮੁਰੰਮਤ ਕਰਨ ਤੋਂ ਬਾਅਦ ਠੀਕ ਹੋਈਆਂ ਸੜਕਾਂ ਦੀਆਂ ਤਸਵੀਰਾਂ ਅਪਲੋਡ ਕਰਨਗੇ।’’ ਇਸ ਦੌਰਨ ਮੁੱਖ ਮੰਤਰੀ ਨੇ ਬਿਹਾਰ ਰਾਜ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ 43 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿੱਤੀ। -ਪੀਟੀਆਈ