ਬਿਹਾਰ: ਨਿਤੀਸ਼ ਸਰਕਾਰ ਨੇ ਜਿੱਤਿਆ ਭਰੋਸੇ ਦਾ ਵੋਟ
* ਆਰਜੇਡੀ ਦੇ ਤਿੰਨ ਵਿਧਾਇਕਾਂ ਨੇ ਪਾਲਾ ਬਦਲਿਆ
* ਆਰਜੇਡੀ ਆਗੂ ਨੂੰ ਮਤੇ ਰਾਹੀਂ ਸਪੀਕਰ ਦੇ ਅਹੁਦੇ ਤੋਂ ਹਟਾਇਆ
* ਹੁਣ ਹਮੇਸ਼ਾ ਲਈ ਐੱਨਡੀਏ ਨਾਲ ਰਹਾਂਗਾ: ਨਿਤੀਸ਼
ਪਟਨਾ, 12 ਫਰਵਰੀ
ਬਿਹਾਰ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨੇ ਅੱਜ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਹਾਸਲ ਕਰ ਲਿਆ। ਮਤੇ ਦੇ ਪੱਖ ’ਚ 129 ਵਿਧਾਇਕਾਂ ਨੇ ਵੋਟ ਪਾਏ ਜਦਕਿ ਵਿਰੋਧੀ ਧਿਰਾਂ ਨੇ ਸਦਨ ’ਚੋਂ ਵਾਕਆਊਟ ਕੀਤਾ। ਨਿਤੀਸ਼ ਕੁਮਾਰ ਨੇ ਡਿਪਟੀ ਸਪੀਕਰ ਮਹੇਸ਼ਵਰ ਹਜ਼ਾਰੀ (ਜੇਡੀਯੂ) ਦੇ ਵੋਟ ਨੂੰ ਵੀ ਗਿਣਨ ਦੀ ਮੰਗ ਕੀਤੀ ਜਦਕਿ ਸਪੀਕਰ ਦੀ ਕੁਰਸੀ ’ਤੇ ਬੈਠਾ ਵਿਅਕਤੀ ਉਦੋਂ ਹੀ ਵੋਟ ਪਾਉਂਦਾ ਹੈ ਜਦੋਂ ਦੋਵੇਂ ਧਿਰਾਂ ਦੇ ਵੋਟ ਬਰਾਬਰ ਹੋ ਜਾਣ। ਹਜ਼ਾਰੀ ਨੇ ਮਤੇ ਨੂੰ ਜ਼ੁਬਾਨੀ ਵੋਟ ਰਾਹੀਂ ਪਾਸ ਹੋਣ ਦਾ ਐਲਾਨ ਕੀਤਾ ਸੀ ਪਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਵਿਜੈ ਕੁਮਾਰ ਚੌਧਰੀ ਵੱਲੋਂ ਬੇਨਤੀ ਕੀਤੇ ਜਾਣ ’ਤੇ ਉਨ੍ਹਾਂ ਵਿਧਾਨ ਸਭਾ ’ਚ ਮੌਜੂਦ ਵਿਧਾਇਕਾਂ ਦੀ ਗਿਣਤੀ ਕਰਾਉਣ ਦੇ ਹੁਕਮ ਦਿੱਤੇ। ਐੱਨਡੀਏ ਕੋਲ 243 ਮੈਂਬਰੀ ਵਿਧਾਨ ਸਭਾ ’ਚ 128 ਮੈਂਬਰ ਸਨ। ਉਂਜ ਆਰਜੇਡੀ ਦੇ ਤਿੰਨ ਵਿਧਾਇਕ ਪ੍ਰਹਿਲਾਦ ਯਾਦਵ, ਚੇਤਨ ਆਨੰਦ ਅਤੇ ਨੀਲਮ ਦੇਵੀ ਵੀ ਪਾਲਾ ਬਦਲ ਕੇ ਉਨ੍ਹਾਂ ਨਾਲ ਆ ਕੇ ਰਲ ਗਏ। ਕਰੀਬ 17 ਮਹੀਨਿਆਂ ਮਗਰੋਂ ਸੱਤਾ ’ਚ ਪਰਤਣ ਅਤੇ ਭਰੋਸੇ ਦਾ ਵੋਟ ਜਿੱਤਣ ਮਗਰੋਂ ਭਾਜਪਾ ਵਿਧਾਇਕਾਂ ਨੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਏ। ਭਰੋਸੇ ਦੇ ਵੋਟ ਦਾ ਮਤਾ ਪੇਸ਼ ਕਰਦਿਆਂ ਨਿਤੀਸ਼ ਕੁਮਾਰ ਨੇ ਆਪਣੇ ਕਰੀਬ ਅੱਧੇ ਘੰਟੇ ਦੇ ਭਾਸ਼ਨ ਦੌਰਾਨ ਆਰਜੇਡੀ ਅਤੇ ਕਾਂਗਰਸ ਦੀ ਲਾਹ-ਪਾਹ ਕੀਤੀ। ਆਰਜੇਡੀ ਦੇ ਤੇਜਸਵੀ ਯਾਦਵ, ਜੋ ‘ਮਹਾਗੱਠਜੋੜ’ ਸਰਕਾਰ ਸਮੇਂ ਉਪ ਮੁੱਖ ਮੰਤਰੀ ਸਨ, ਵੱਲ ਇਸ਼ਾਰਾ ਕਰਦਿਆਂ ਨਿਤੀਸ਼ ਨੇ ਕਿਹਾ,‘‘ਜਦੋਂ ਤੁਹਾਡੇ ਪਿਤਾ (ਲਾਲੂ ਪ੍ਰਸਾਦ) ਮੁੱਖ ਮੰਤਰੀ ਸਨ ਤਾਂ ਬਿਹਾਰ ਦੀ ਕੀ ਹਾਲਤ ਸੀ। ਸੂਬੇ ’ਚ ਸੜਕਾਂ ਤੱਕ ਨਹੀਂ ਸਨ। ਲੋਕ ਸੂਰਜ ਡੁੱਬਣ ਮਗਰੋਂ ਹਨੇਰੇ ’ਚ ਨਿਕਲਣ ਤੋਂ ਡਰਦੇ ਸਨ। ਅਸੀਂ 2005 ’ਚ ਸੱਤਾ ’ਚ ਆ ਕੇ ਸਾਰਾ ਕੁਝ ਠੀਕ ਕੀਤਾ ਸੀ।’’ ਵਾਰ ਵਾਰ ਭਾਈਵਾਲ ਬਦਲਣ ਦੇ ਤੇਜਸਵੀ ਵੱਲੋਂ ਕੀਤੇ ਗਏ ਤਨਜ਼ ’ਤੇ ਉਨ੍ਹਾਂ ਕਿਹਾ ਕਿ ਉਹ ਹੁਣ ਹਮੇਸ਼ਾ ਲਈ ਆਪਣੇ ਪੁਰਾਣੇ ਭਾਈਵਾਲ ਨਾਲ ਹੀ ਰਹਿਣਗੇ। ‘ਮੈਂ ਕਾਂਗਰਸ ਨੂੰ ਖ਼ਬਰਦਾਰ ਕੀਤਾ ਸੀ ਕਿ ‘ਇੰਡੀਆ’ ਗੱਠਜੋੜ ’ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਕੁਝ ਲੋਕਾਂ ਨੂੰ ਮੇਰੇ ਅੱਗੇ ਆਉਣ ਤੋਂ ਸਮੱਸਿਆ ਸੀ। ਇਥੋਂ ਤੱਕ ਕਿ ਤੇਜਸਵੀ ਦੇ ਪਿਤਾ ਵੀ ਮੇਰੇ ਵਿਰੋਧੀਆਂ ਨਾਲ ਰਲ ਗਏ ਸਨ।’ ਤੇਜਸਵੀ ਵੱਲੋਂ ਵੱਡੇ ਪੱਧਰ ’ਤੇ ਅਧਿਆਪਕਾਂ ਦੀ ਭਰਤੀ ਯਕੀਨੀ ਬਣਾਉਣ ਦੇ ਦਾਅਵੇ ’ਤੇ ਨਿਤੀਸ਼ ਨੇ ਕਿਹਾ ਕਿ ਆਰਜੇਡੀ ਜਦੋਂ ਸੱਤਾ ’ਚ ਸੀ ਤਾਂ ਉਹ ਵਿੱਤੀ ਗੜਬੜੀਆਂ ’ਚ ਸ਼ਾਮਲ ਸੀ। ‘ਜਦੋਂ ਮੇਰੀ ਪਾਰਟੀ ਨੇ ਸਿੱਖਿਆ ਵਿਭਾਗ ਸੰਭਾਲਿਆ ਤਾਂ ਸਭ ਕੁਝ ਠੀਕ ਹੋ ਗਿਆ ਸੀ।’ ਜੇਡੀਯੂ ਸੁਪਰੀਮੋ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਅਗਵਾਈ ਹੇਠ ਸੂਬੇ ’ਚ ਕੋਈ ਵੱਡਾ ਫਿਰਕੂ ਦੰਗਾ ਨਹੀਂ ਹੋਇਆ। ਇਸ ਤੋਂ ਪਹਿਲਾਂ ਸਦਨ ਨੇ ਸਪੀਕਰ ਅਵਧ ਬਿਹਾਰੀ ਚੌਧਰੀ, ਜੋ ਆਰਜੇਡੀ ਨਾਲ ਸਬੰਧਤ ਸਨ, ਨੂੰ ਹਟਾਉਣ ਲਈ ਮਤਾ ਪਾਸ ਕੀਤਾ। ਆਰਜੇਡੀ ਦੇ ਤਿੰਨ ਵਿਧਾਇਕ ਜਦੋਂ ਹਾਕਮ ਧਿਰ ਦੇ ਬੈਂਚਾਂ ’ਤੇ ਜਾ ਕੇ ਬੈਠ ਗਏ ਤਾਂ ਤੇਜਸਵੀ ਨੇ ਇਤਰਾਜ਼ ਕੀਤਾ। ਤਿੰਨੋਂ ਵਿਧਾਇਕਾਂ ਨੇ ਐੱਨਡੀਏ ਦੇ ਹੱਕ ’ਚ ਵੋਟ ਪਾਈ। ਐੱਨਡੀਏ ਸੂਤਰਾਂ ਮੁਤਾਬਕ ਜਦੋਂ ਮਤਾ ਪੇਸ਼ ਕੀਤਾ ਗਿਆ ਤਾਂ ਜਨਤਾ ਦਲ (ਯੂ)-ਭਾਜਪਾ ਗੱਠਜੋੜ ਦੇ ਕੁਝ ਵਿਧਾਇਕ ਸਦਨ ’ਚ ਨਹੀਂ ਪੁੱਜੇ ਸਨ।
ਉਂਜ ਉਹ ਭਰੋਸੇ ਦੇ ਵੋਟ ਦੌਰਾਨ ਹਾਜ਼ਰ ਸਨ। ਸਪੀਕਰ ਖ਼ਿਲਾਫ਼ ਬੇਭਰੋਸਗੀ ਮਤੇ ਦਾ ਏਆਈਐੱਮਆਈਐੱਮ ਦੇ ਇਕਲੌਤੇ ਵਿਧਾਇਕ ਅਖਤਰ-ਉਲ ਇਮਾਨ ਨੇ ਵੀ ਵਿਰੋਧ ਕੀਤਾ। ਨਵੇਂ ਸਪੀਕਰ ਦੀ ਚੋਣ ਮੰਗਲਵਾਰ ਨੂੰ ਹੋਣ ਦੀ ਸੰਭਾਵਨਾ ਹੈ। -ਪੀਟੀਆਈ
ਨਿਤੀਸ਼ ਪਤਾ ਨਹੀਂ ਮਹਾਗੱਠਜੋੜ ਛੱਡਣ ਲਈ ਕਿਉਂ ਮਜਬੂਰ ਹੋਏ: ਤੇਜਸਵੀ
ਪਟਨਾ: ਭਰੋਸੇ ਦੇ ਵੋਟ ਬਾਰੇ ਪੇਸ਼ ਮਤੇ ਖ਼ਿਲਾਫ਼ ਬੋਲਦਿਆਂ ਆਰਜੇਡੀ ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਉਹ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਹਮੇਸ਼ਾ ਆਪਣੇ ਪਤਾ ਸਮਾਨ ਮੰਨਦੇ ਰਹੇ ਹਨ ਅਤੇ ਹੈਰਾਨੀ ਜਤਾਈ ਕਿ ਉਹ ਪਤਾ ਨਹੀਂ ਮਹਾਗੱਠਜੋੜ ਛੱਡ ਕੇ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ’ਚ ਕਿਉਂ ਸ਼ਾਮਲ ਹੋ ਗਏ ਹਨ। ਤੇਜਸਵੀ ਨੇ ਨਿਤੀਸ਼ ’ਤੇ ਤਨਜ਼ ਕਸਿਆ ਕਿ ਉਨ੍ਹਾਂ ਰਿਕਾਰਡ 9ਵੀਂ ਵਾਰ ਅਤੇ ਪੰਜ ਸਾਲਾਂ ਦੇ ਅੰਦਰ ਤੀਜੀ ਵਾਰ ਸਹੁੰ ਚੁੱਕੀ ਹੈ। ‘ਮੈਂ ਨਿਤੀਸ਼ ਕੁਮਾਰ ਨੂੰ ਹਮੇਸ਼ਾ ‘ਦਸ਼ਰਥ’ ਮੰਨਦਾ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਉਹ ਮਹਾਗੱਠਜੋੜ ਨੂੰ ਛੱਡਣ ਲਈ ਕਿਉਂ ਮਜਬੂਰ ਹੋਏ ਹਨ। ਨਿਤੀਸ਼ ਜੀ ਤੁਹਾਨੂੰ ਕੈਕਈ ਦੀ ਪਛਾਣ ਕਰਨੀ ਚਾਹੀਦੀ ਹੈ ਜੋ ਤੁਹਾਡੇ ਨਾਲ ਹੀ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਬਿਹਾਰ ’ਚ ਮਹਾਗੱਠਜੋੜ ਸਰਕਾਰ ਤੋਂ ਡਰਦੀ ਸੀ ਪਰ ਕੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਗੱਲ ਦੀ ਗਾਰੰਟੀ ਦੇ ਸਕਦੇ ਹਨ ਕਿ ਨਿਤੀਸ਼ ਕੁਮਾਰ ਮੁੜ ਪਾਲਾ ਨਹੀਂ ਬਦਲਣਗੇ। ਆਰਜੇਡੀ ਆਗੂ ਨੇ ਕਿਹਾ,‘‘ਮੈਨੂੰ ਜਨਤਾ ਦਲ (ਯੂ) ਵਿਧਾਇਕਾਂ ਲਈ ਬੁਰਾ ਲੱਗ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਲੋਕਾਂ ’ਚ ਜਾ ਕੇ ਜਵਾਬ ਦੇਣਾ ਪਵੇਗਾ। ਜੇਕਰ ਕਿਸੇ ਨੇ ਪੁੱਛਿਆ ਕਿ ਨਿਤੀਸ਼ ਕੁਮਾਰ ਨੇ ਤੀਜੀ ਵਾਰ ਸਹੁੰ ਕਿਉਂ ਲਈ ਤਾਂ ਤੁਸੀਂ ਕੀ ਆਖੋਗੇ।’’ ਯਾਦਵ ਨੇ ਆਪਣੇ ਆਪ ਨੂੰ ਨਿਤੀਸ਼ ਕੁਮਾਰ ਦਾ ਭਤੀਜਾ ਆਖਦਿਆਂ ਕਿਹਾ ਕਿ ਉਹ ਬਿਹਾਰ ’ਚ ਭਾਜਪਾ ਨੂੰ ਰੋਕਣਗੇ। ‘ਅਸੀਂ ਸਮਾਜਵਾਦੀ ਪਰਿਵਾਰ ਤੋਂ ਹਾਂ। ਤੁਸੀਂ (ਨਿਤੀਸ਼) ਮੋਦੀ ਨੂੰ ਦੇਸ਼ ’ਚ ਰੋਕਣ ਲਈ ਝੰਡਾ ਚੁੱਕਿਆ ਸੀ ਪਰ ਹੁਣ ਤੁਹਾਡਾ ਭਤੀਜਾ ਬਿਹਾਰ ’ਚ ਮੋਦੀ ਨੂੰ ਰੋਕਣ ਲਈ ਝੰਡਾ ਚੁੱਕੇਗਾ।’ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਮਰਨ ਉਪਰੰਤ ਭਾਰਤ ਰਤਨ ਦੇਣ ਦਾ ਸਵਾਗਤ ਕਰਦਿਆਂ ਆਰਜੇਡੀ ਆਗੂ ਨੇ ਦੋਸ਼ ਲਾਇਆ ਕਿ ਭਾਜਪਾ ਵੋਟਾਂ ਲਈ ਸੌਦਾ ਕਰਨ ਦੇ ਬਦਲੇ ਭਾਰਤ ਰਤਨ ਦਿੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਕਰਪੂਰੀ ਠਾਕੁਰ ਨੇ ਸੂਬੇ ’ਚ ਰਾਖਵਾਂਕਰਨ ਵਧਾਇਆ ਸੀ ਤਾਂ ਜਨਸੰਘ ਨੇ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਸੀ। -ਪੀਟੀਆਈ