ਬਿਹਾਰ: ਕਰੰਟ ਲੱਗਣ ਕਾਰਨ ਨੌਂ ਕਾਂਵੜੀਆਂ ਦੀ ਮੌਤ
ਹਾਜੀਪੁਰ:
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ’ਚ ਕਾਂਵੜੀਆਂ ਦਾ ਇੱਕ ਵਾਹਨ ਹਾਈ ਟੈਨਸ਼ਨ ਤਾਰਾਂ ਦੀ ਲਪੇਟ ’ਚ ਆ ਗਿਆ ਜਿਸ ਨਾਲ ਉਸ ’ਤੇ ਸਵਾਰ ਘੱਟ ਤੋਂ ਘੱਟ ਨੌਂ ਕਾਂਵੜੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਝੁਲਸ ਗਏ।
ਵੈਸ਼ਾਲੀ ਦੇ ਜ਼ਿਲ੍ਹਾ ਅਧਿਕਾਰੀ ਯਸ਼ਪਾਲ ਮੀਣਾ ਨੇ ਅੱਜ ਦੱਸਿਆ, ‘ਇਹ ਘਟਨਾ ਸਨਅਤੀ ਥਾਣਾ ਖੇਤਰ ਦੇ ਸੁਲਤਾਨਪੁਰ ਪਿੰਡ ’ਚ ਲੰਘੀ ਰਾਤ ਤਕਰੀਬਨ 11:15 ਵਜੇ ਉਸ ਸਮੇਂ ਵਾਪਰੀ ਜਦੋਂ ਕਾਂਵੜੀਏ ਜਲ ਚੜ੍ਹਾਉਣ ਲਈ ਸੋਨਪੁਰ ’ਚ ਬਾਬਾ ਹਰੀਹਰ ਨਾਥ ਦੇ ਮੰਦਰ ਜਾ ਰਹੇ ਸਨ।’ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਾਂਵੜੀਆਂ ਦੀ ਮੌਤ ’ਤੇ ਦੁੱਖ ਜ਼ਾਹਿਰ ਕੀਤਾ ਹੈ। ਮੁੱਖ ਮੰਤਰੀ ਦੇ ਹੁਕਮਾਂ ’ਤੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ ਹੈ।
ਮੀਣਾ ਨੇ ਦੱਸਿਆ, ‘ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਂਵੜੀਆਂ ਨੇ ਉਨ੍ਹਾਂ ਲਈ ਤੈਅ ਮਾਰਗ ਦੀ ਵਰਤੋਂ ਨਹੀਂ ਕੀਤੀ। ਜ਼ਖ਼ਮੀ ਹੋਏ ਦੋ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।’ ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਸਨ। ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ ਜੋ ਵੈਸ਼ਾਲੀ ਤੇ ਨੇੜਲੇ ਇਲਾਕਿਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ