ਬਿਹਾਰ: ਸਿੱਧੇਸ਼ਵਰ ਨਾਥ ਮੰਦਰ ਵਿਚ ਭਗਦੜ ਕਾਰਨ 7 ਮੌਤਾਂ, 16 ਜ਼ਖਮੀ
ਜਹਾਨਾਬਾਦ/ਪਟਨਾ, 12 ਅਗਸਤ
ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੇ ਬਾਬਾ ਸਿੱਧੇਸ਼ਵਰ ਨਾਥ ਮੰਦਰ ਵਿੱਚ ਐਤਵਾਰ ਦੇਰ ਰਾਤ ਭਗਦੜ ਮੱਚਣ ਕਾਰਨ ਘੱਟੋ-ਘੱਟ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 16 ਜ਼ਖਮੀ ਹੋ ਗਏ । ਜ਼ਿਲ੍ਹਾ ਅਧਿਕਾਰੀ ਅਲੰਕ੍ਰਿਤਾ ਪਾਂਡੇ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਮੰਦਰ ਵਿਚ ਦੇਰ ਰਾਤ 11:30 ਵਜੇ ਅਚਾਨਕ ਮਚੀ ਭਗਦੜ ਕਾਰਨ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 16 ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਕਾਵੜੀਏ ਸ਼ਾਮਲ ਹਨ। ਉਧਰ ਇਸ ਘਟਨਾ ’ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦੁੱਖ ਪ੍ਰਗਟਾਉਂਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਚਾਰ-ਚਾਰ ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਪ੍ਰਸ਼ਾਸਨਿਕ ਅਧਿਕਾਰੀ ਪਾਂਡੇ ਨੇ ਦੱਸਿਆ ਕੇ ਮੁਢਲੀ ਜਾਣਕਾਰੀ ਅਨੁਸਾਰ ਕਿਆਸ ਲਗਾਏ ਗਏ ਹਨ ਕਿ ਕਾਵੜੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਹੋਈ ਕਹਾਸੁਣੀ ਤੋਂ ਬਾਅਦ ਭਗਦੜ ਮੱਚ ਗਈ। ਇਸ ਸਬੰਧੀ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਸਹੀ ਕਾਰਨਾਂ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦਾ ਅੰਤਿਮ ਸਸਕਾਰ ਕਰਨ ਲਈ 20-20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਰਾਸ਼ਟਰੀ ਜਨਤਾ ਦਲ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਰਟੀ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ, ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਨੇ ਇਸ ਘਟਨਾ ’ਤੇ ਡੂੰਗਾ ਦੁੱਖ ਜ਼ਾਹਿਰ ਕੀਤਾ ਹੈ। -ਪੀਟੀਆਈ