ਬਿਗਲੂ
ਸਾਹਿਲਪ੍ਰੀਤ ਸਿੰਘ ਗੁਰਦਾਸਪੁਰੀ
ਇਹ ਸੋਹਣੀ ਯਾਦ ਬਚਪਨ ਦੇ ਦਿਨਾਂ ਦੀਆਂ ਗੱਲਾਂ ਦੇ ਇੱਕ ਮਿੱਠੇ ਪਲ ਨੂੰ ਦਰਸਾਉਂਦੀ ਹੈ। ਮੇਰੇ ਦਾਦੀ ਜੀ ਸ਼ਾਕਾਹਾਰੀ ਹਨ। ਦੂਜੇ ਪਾਸੇ ਮੇਰੇ ਤਾਇਆ ਜੀ ਹਮੇਸ਼ਾ ਬੱਚਿਆਂ ਨੂੰ ਸੰਤੁਲਿਤ ਭੋਜਨ ਖਾਣ ਦਾ ਸਬਕ ਦਿੰਦੇ ਸਨ, ਪਰ ਮਾਮਲਾ ਉਸ ਵੇਲੇ ਮਜ਼ੇਦਾਰ ਹੋ ਜਾਂਦਾ ਜਦੋਂ ਤਾਇਆ ਜੀ, ਦਾਦੀ ਜੀ ਤੋਂ ਲੁਕ ਛੁਪ ਕੇ ਆਂਡੇ ਆਦਿ ਖਾ ਲੈਂਦੇ ਸਨ।
ਹਰ ਵਾਰ ਦੀ ਤਰ੍ਹਾਂ ਛੁੱਟੀਆਂ ਦੇ ਦਿਨਾਂ ਵਿੱਚ ਅਸੀਂ ਚਾਚੇ, ਤਾਏ ਅਤੇ ਭੂਆ ਦੇ ਬੱਚੇ ਇਕੱਠੇ ਹੋਏ, ਸਾਡੀ ਸਾਰਿਆਂ ਦੀ ਉਮਰ ਉਸ ਸਮੇਂ ਕਰੀਬ ਚਾਰ ਤੋਂ ਅੱਠ ਸਾਲ ਹੀ ਸੀ। ਅਸੀਂ ਸਾਰੇ ਇਕੱਠੇ ਹੋ ਕੇ ਉਂਜ ਹੀ ਆਪਣੇ ਤਾਇਆ ਜੀ ਦੇ ਚੁਬਾਰੇ ਵੱਲ ਚਲੇ ਗਏ। ਅੰਦਰ ਪਹੁੰਚੇ ਤਾਂ ਤਾਇਆ ਜੀ ਆਂਡੇ ਖਾਣ ਵਿੱਚ ਰੁੱਝੇ ਹੋਏ ਸਨ। ਮੈਂ ਅਣਭੋਲਪੁਣੇ ਵਿੱਚ ਪੁੱਛ ਬੈਠਾ, “ਤਾਇਆ ਜੀ, ਕੀ ਖਾ ਰਹੇ ਹੋ?” ਉਹ ਇਕਦਮ ਬੋਲੇ, “ਬੇਟਾ, ਬਿਗਲੂ ਖਾ ਰਿਹਾ ਹਾਂ।” ਅਸੀਂ ਇਹ ਨਵਾਂ ‘ਬਿਗਲੂ’ ਸ਼ਬਦ ਸੁਣ ਕੇ ਹੱਸ ਹੱਸ ਕੇ ਹਾਲੋਂ ਬੇਹਾਲ ਹੋ ਗਏ। ਤਾਇਆ ਜੀ ਨੇ ਮੂੰਹ ’ਤੇ ਉਂਗਲ ਰੱਖ ਕੇ ਕਿਹਾ, “ਚੁੱਪ ਰਿਹਾ ਕਰੋ, ਬੀਜੀ ਨੂੰ ਪਤਾ ਲੱਗ ਗਿਆ ਤਾਂ ਸਾਰਿਆਂ ਦੀ ਸ਼ਾਮਤ ਆ ਜਾਏਗੀ। ਹੁਣ ਤੁਸੀਂ ਵੀ ਬਿਨਾਂ ਸ਼ੋਰ ਮਚਾਏ ‘ਬਿਗਲੂ’ ਖਾ ਸਕਦੇ ਹੋ।”
ਜਦੋਂ ਵੀ ਸਕੂਲੋਂ ਛੁੱਟੀਆਂ ਹੁੰਦੀਆਂ ਤਾਂ ਸਾਨੂੰ ਸਾਰਿਆਂ ਨੂੰ ਤਾਇਆ ਜੀ ਦੇ ਬਿਗਲੂ ਯਾਦ ਆ ਜਾਂਦੇ ਅਤੇ ਫਿਰ ਜਾ ਕੇ ਅਸੀਂ ਸਾਰੇ ਇਕੱਠੇ ਹੋ ਕੇ ਤਾਇਆ ਜੀ ਦੇ ਬਿਗਲੂ ਤੇ ਦਾਦੀ ਦੀ ਗੋਦ ਦਾ ਖ਼ੂਬ ਨਿੱਘ ਮਾਣਦੇ। ਸਾਡੇ ਦਾਦੀ ਜੀ ਇਸ ਗੱਲ ਤੋਂ ਪੂਰੀ ਤਰ੍ਹਾਂ ਬੇਖ਼ਬਰ ਸਨ ਕਿ ਆਖਿਰ ਇਹ ਬਿਗਲੂ ਕਿਹੜੀ ਡਿਸ਼ ਹੈ ਜੋ ਉਨ੍ਹਾਂ ਦਾ ਤਾਇਆ ਚੁਬਾਰੇ ਤੋਂ ਹੇਠਾਂ ਵੇਖ ਬੱਚਿਆਂ ਨੂੰ ਆਵਾਜ਼ ਮਾਰਦਾ ਹੈ, ‘‘ਆ ਜਾਓ ਸੋਹਣਿਓ, ਮੱਖਣੋ, ਬਿਗਲੂ ਤਿਆਰ ਹਨ, ਖਾ ਲਵੋ।” ਜਦੋਂ ਫਿਰ ਦਾਦੀ ਜੀ ਨੂੰ ਕਹਿਣਾ ਕਿ ਬਾਜ਼ਾਰ ਤੋਂ ਕੋਈ ਚੀਜ਼ ਖਾਣ ਲਈ ਲਿਆਉਣੀ ਹੈ ਤਾਂ ਦਾਦੀ ਜੀ ਨੇ ਝੱਟ ਕਹਿਣਾ, “ਬਾਜ਼ਾਰੀ ਚੀਜ਼ ਨਹੀਂ ਖਾਣੀ, ਤਾਏ ਨੂੰ ਕਹੋ ਬਿਗਲੂ ਬਣਾ ਦੇਵੇ। ਪੁੱਤਰ, ਘਰ ਦੀਆਂ ਚੀਜ਼ਾਂ ਸਿਹਤ ਲਈ ਵਧੀਆ ਹੁੰਦੀਆਂ ਨੇ।” ਦਾਦੀ ਜੀ ਦੀ ਇਹ ਗੱਲ ਸੁਣ ਕੇ ਅਸੀਂ ਸਾਰੇ ਪਾਸਾ ਵੱਟ ਕੇ ਹੱਸ ਪਏ, ਪਰ ਅਸੀਂ ਦਾਦੀ ਜੀ ਨੂੰ ਬਿਗਲੂ ਦੀ ਅਸਲੀਅਤ ਇਸ ਲਈ ਨਹੀਂ ਸੀ ਦੱਸਦੇ ਕਿ ਇਹ ਨਾ ਹੋਵੇ ਕਿ ਤਾਇਆ ਜੀ ਦੇ ਬਿਗਲੂ ਤੇ ਦਾਦੀ ਜੀ ਦੀ ਗੋਦ ਦਾ ਨਿੱਘ ਵੀ ਕਿਤੇ ਜਾਂਦਾ ਨਾ ਰਹਿ ਜਾਏ।
ਹੁਣ ਮੈਂ ਤੇ ਮੇਰਾ ਪਰਿਵਾਰ ਕੈਨੇਡਾ ਦੇ ਨਾਗਰਿਕ ਹਾਂ, ਪਰ ਜਦੋਂ ਵੀ ਅਸੀਂ ਆਂਡੇ ਖਾਂਦੇ ਹਾਂ, ਤਾਇਆ ਜੀ ਦੇ ਬਿਗਲੂ, ਦਾਦੀ ਜੀ ਦੀ ਗੋਦ ਦਾ ਨਿੱਘ ਤੇ ਉਹ ਬਚਪਨ ਵਾਲੀਆਂ ਮਿੱਠੀਆਂ ਯਾਦਾਂ ਸਾਨੂੰ ਬਹੁਤ ਸਕੂਨ ਦਿੰਦੀਆਂ ਹਨ।
ਸੰਪਰਕ: +15483337842