ਵੱਡੀ ਰਾਹਤ: ਮੁਹਾਲੀ ਵਾਸੀਆਂ ਨੂੰ ਅਗਲੇ ਸਾਲ ਫਰਵਰੀ ਤੋਂ ਮਿਲੇਗੀ ਨਹਿਰੀ ਪਾਣੀ ਦੀ ਸਪਲਾਈ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 23 ਅਗਸਤ
ਗਮਾਡਾ ਵੱਲੋਂ ਮੁਹਾਲੀ ਵਿੱਚ 60 ਕਰੋੜ ਰੁਪਏ ਨਾਲ ਨਹਿਰੀ ਪਾਣੀ ਦੀ ਸਪਲਾਈ ਲਈ ਨਵੀਂ ਪਾਈਪਲਾਈਨ ਵਿਛਾਈ ਜਾ ਰਹੀ ਹੈ ਅਤੇ ਇਹ ਕੰਮ ਬੜੌਦਾ ਦੀ ਐੱਮਐੱਸ ਸਪੰਨਪਾਈਪ ਐਂਡ ਕੰਪਨੀ ਨੂੰ ਸੌਂਪਿਆ ਗਿਆ ਹੈ। ਪਾਣੀ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲੇ ਫੇਜ਼ ਵਿੱਚ ਇਹ ਪਾਈਪਲਾਈਨ ਸੈਕਟਰ-66 ਤੱਕ ਪਾਈ ਜਾਵੇਗੀ ਅਤੇ ਫੇਜ਼-2 ਵਿੱਚ ਐਰੋਸਿਟੀ ਅਤੇ ਆਈਟੀ ਸਿਟੀ ਨੂੰ ਕਵਰ ਕੀਤਾ ਜਾਵੇਗਾ। ਫੇਜ਼ ਇਕ ਦਾ ਕੰਮ ਅਗਲੇ ਸਾਲ ਫਰਵਰੀ 2021 ਤੱਕ ਮੁਕੰਮਲ ਹੋ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਇਸ ਕਾਰਜ ਦੇ ਮੁਕੰਮਲ ਹੋਣ ਉੱਤੇ ਮੁਹਾਲੀ ਨੂੰ 20 ਐੱਮਜੀਡੀ ਹੋਰ ਪਾਣੀ ਮਿਲੇਗਾ। ਇਹ ਪਾਈਪਲਾਈਨ ਸਿੰਹਪੁਰ ਵਾਟਰ ਟਰੀਟਮੈਂਟ ਪਲਾਟ ਤੋਂ ਸ਼ੁਰੂ ਹੋਵੇਗੀ। ਪ੍ਰਾਜੈਕਟ 5 ਫਰਵਰੀ, 2020 ਨੂੰ ਅਲਾਟ ਕੀਤਾ ਗਿਆ ਸੀ ਪਰ ਕੋਵਿਡ-19 ਤੋਂ ਬਚਾਅ ਲਈ ਲਗਾਏ ਲੌਕਡਾਊਨ ਕਾਰਨ ਇਹ ਕੰਮ ਮਈ ਮਹੀਨੇ ਵਿੱਚ ਸ਼ੁਰੂ ਹੋਇਆ। ਫੇਜ਼-1 ਵਿੱਚ 17 ਕਿੱਲੋਮੀਟਰ ਅਤੇ ਫੇਜ਼-2 ਵਿੱਚ 20 ਕਿੱਲੋਮੀਟਰ ਪਾਈਪਲਾਈਨ ਪਾਈ ਜਾਵੇਗੀ।