ਵੱਡੇ ਇਨਾਮਾਂ ਦੀ ਚੜ੍ਹਤ
ਜਸਬੀਰ ਭੁੱਲਰ
ਸਾਹਿਤਕ ਇਨਾਮ ਲੇਖਕ ਨੂੰ ਦੋ ਵਾਰ ਖ਼ੁਸ਼ੀ ਦਿੰਦੇ ਪ੍ਰਤੀਤ ਹੁੰਦੇ ਹਨ। ਇੱਕ ਵਾਰ ਉਦੋਂ, ਜਦੋਂ ਇਨਾਮ ਮਿਲਦਾ ਹੈ। ਦੂਜੀ ਵਾਰ ਉਦੋਂ, ਜਦੋਂ ਲੇਖਕ ਦੀ ਤਸਵੀਰ ਅਤੇ ਖ਼ਬਰ ਅਖ਼ਬਾਰਾਂ ਵਿੱਚ ਨਸ਼ਰ ਹੁੰਦੀ ਹੈ।
ਉਸ ਤੋਂ ਪਿੱਛੋਂ!
ਜੇ ਉਹ ਇਨਾਮ ਲੈਣ ਵਿੱਚ ਲੇਖਕ ਦਾ ਤਰੱਦਦ ਵੀ ਰਲਿਆ ਹੋਇਆ ਹੈ ਤਾਂ ਇਨਾਮ ਹਾਸਿਲ ਕਰਨ ਦੀ ਜ਼ਿੱਲਤ ਉਮਰ ਭਰ ਲੇਖਕ ਦੇ ਨਾਲ ਨਿਭਦੀ ਹੈ।
ਉਹ ਜ਼ਿੱਲਤ ਆਮ ਤੌਰ ਉੱਤੇ ਕਲਮ ਦੀ ਸਿਓਂਕ ਹੁੰਦੀ। ਲੇਖਕ ਦੀ ਸਿਰਜਣਸ਼ੀਲਤਾ ਨੂੰ ਉਹ ਕੀੜਾ ਕੁਤਰ ਦਿੰਦਾ ਹੈ।
ਕਿੰਨਾ ਦੁਖਦਾਈ ਹੁੰਦਾ ਹੈ ਲੇਖਕ ਤੋਂ ਲੇਖਕਨੁਮਾ ਹੋ ਜਾਣਾ!
ਮੈਂ ਇਨਾਮਾਂ-ਸਨਮਾਨਾਂ ਦਾ ਪ੍ਰਹੇਜ਼ਗਾਰ ਨਹੀਂ। ਹੋਰ ਲੇਖਕਾਂ ਵਾਂਗੂੰ ਮੈਨੂੰ ਵੀ ਨਿੱਕੇ-ਵੱਡੇ ਕਈ ਇਨਾਮ-ਸਨਮਾਨ ਮਿਲੇ ਹਨ। ਸਹਿਜ ਭਾਅ ਮਿਲੇ ਉਸ ਆਦਰ ਨੂੰ ਮੈਂ ਆਪਣੀ ਬਾਤ ਦੇ ਹੁੰਗਾਰੇ ਵਜੋਂ ਸਵੀਕਾਰਿਆ ਵੀ ਹੈ।
ਪਰ ਹਾਸਿਲ ਕੀਤੇ ਪੁਰਸਕਾਰ ਦੀ ਤਾਸੀਰ ਇਸ ਤਰ੍ਹਾਂ ਦੀ ਜ਼ਰੂਰ ਹੋਵੇ ਕਿ ਉਸ ਦੀ ਖ਼ੁਸ਼ੀ ਤਾਉਮਰ ਲੇਖਕ ਦੇ ਅੰਗ-ਸੰਗ ਰਹੇ। ਉਹ ਪੁਰਸਕਾਰ ਅਗਲੇਰੀ ਸਿਰਜਣਾ ਲਈ ਪ੍ਰੇਰਣਾ ਵੀ ਬਣਨ।
ਇਹੋ ਜਿਹਾ ਇੱਕ ਪੁਰਸਕਾਰ ਪਹਿਲੀ ਵਾਰੀ ਮੈਨੂੰ ਨਿੱਕੇ ਹੁੰਦੇ ਨੂੰ ਮਿਲਿਆ ਸੀ।
ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸਾਂ ਉਦੋਂ ਜਾਂ ਸ਼ਾਇਦ ਅੱਠਵੀਂ ਵਿੱਚ। ਘਰ ਵਿੱਚ ਕਿਤਾਬਾਂ ਦਾ ਮਾਹੌਲ ਸੀ। ਮੈਂ ਆਪਣੀ ਉਸ ਉਮਰ ਵਰਗੀਆਂ ਕਵਿਤਾਵਾਂ ਜੋੜਨ ਲੱਗ ਪਿਆ ਸੀ। ਝਿੜਕਾਂ ਪੈਣ ਦੇ ਡਰੋਂ ਮੈਂ ਉਹ ਕਵਿਤਾਵਾਂ ਘਰਦਿਆਂ ਤੋਂ ਚੋਰੀ ਚੋਰੀ ਲਿਖਦਾ ਸਾਂ।
ਘਰ ਦੇ ਵਿਹੜੇ ਦੀ ਇੱਕ ਨੁੱਕਰੇ ਛੋਟੀ ਜਿਹੀ ਕਿਆਰੀ ਸੀ। ਉਸ ਕਿਆਰੀ ਵਿੱਚ ਨਿਆਜ਼ਬੋਅ ਦਾ ਪੌਦਾ ਸੀ। ਗੂੜ੍ਹੇ ਹਰੇ ਪੱਤਿਆਂ ਵਾਲੇ ਉਸ ਪੌਦੇ ਦੀ ਖ਼ੁਸ਼ਬੂ ਮੈਨੂੰ ਮੋਹ ਲੈਂਦੀ ਸੀ। ਸਕੂਲ ਦਾ ਕੰਮ ਕਰਨ ਵੇਲੇ ਮੈਂ ਢੁਕ ਕੇ ਉਸ ਪੌਦੇ ਲਾਗੇ ਬੈਠ ਜਾਂਦਾ ਸਾਂ।
ਇੱਕ ਦਿਨ ਮਨ ਦਾ ਰੌਂਅ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਮੈਂ ਸ਼ਬਦ ਸ਼ਬਦ ਜੋੜ ਕੇ ਨਿਆਜ਼ਬੋਅ ਦੇ ਉਸ ਪੌਦੇ ਬਾਰੇ ਕਵਿਤਾ ਲਿਖ ਦਿੱਤੀ। ਲਿਖਣ ਤੋਂ ਬਾਅਦ ਮੈਂ ਕਵਿਤਾ ਉੱਚੀ ਆਵਾਜ਼ ਵਿੱਚ ਪੜ੍ਹਨ ਲੱਗ ਪਿਆ, ਸੋਚਿਆ ਵੇਖਾਂ ਤਾਂ ਸਹੀ ਕਵਿਤਾ ਕਿੰਨੀ ਕੁ ਸੁਹਣੀ ਬਣ ਗਈ ਹੈ।
ਮੈਂ ਚੁਫ਼ੇਰੇ ਤੋਂ ਬੇਖ਼ਬਰ ਸਾਂ। ਮੈਨੂੰ ਕੁਝ ਪਤਾ ਨਹੀਂ ਸੀ ਕਿ ਕੋਈ ਹੋਰ ਵੀ ਮੇਰੀ ਕਵਿਤਾ ਸੁਣ ਰਿਹਾ ਹੈ।
ਬਾਪੂ ਜੀ ਕੁਝ ਪਰ੍ਹਾਂ ਬਰਾਮਦੇ ਵਿੱਚ ਬੈਠੇ ਹੋਏ ਅਖ਼ਬਾਰ ਪੜ੍ਹ ਰਹੇ ਸਨ। ਦਰਅਸਲ, ਉਨ੍ਹਾਂ ਦਾ ਧਿਆਨ ਅਖ਼ਬਾਰ ਪੜ੍ਹਨ ਵੱਲ ਨਹੀਂ ਸੀ। ਉਹ ਚੁੱਪਚਾਪ ਮੇਰੀ ਕਵਿਤਾ ਸੁਣ ਰਹੇ ਸਨ।
ਕਵਿਤਾ ਮੁੱਕੀ ਤਾਂ ਉਨ੍ਹਾਂ ਮੈਨੂੰ ਹਾਕ ਮਾਰੀ, ‘‘ਬੀਰ! ਏਧਰ ਆ।’’
ਮੇਰਾ ਤ੍ਰਾਹ ਨਿਕਲ ਗਿਆ। ਮੇਰੀ ਚੋਰੀ ਫੜੀ ਗਈ ਸੀ। ਬੱਜਰ ਗ਼ਲਤੀ ਹੋ ਗਈ ਸੀ ਮੇਰੇ ਕੋਲੋਂ। ਮੈਂ ਸਹਿਮਿਆ ਜਿਹਾ ਉੱਠ ਕੇ ਉਨ੍ਹਾਂ ਕੋਲ ਚਲਿਆ ਗਿਆ।
ਉਨ੍ਹਾਂ ਮੇਰੇ ਮੋਢੇ ’ਤੇ ਹੱਥ ਰੱਖ ਦਿੱਤਾ, ‘‘ਕਵਿਤਾ ਲਿਖੀ ਏ ਤੂੰ?’’
ਸਕੂਲ ਦਾ ਕੰਮ ਕਰਨ ਦੀ ਥਾਵੇਂ ਮੈਨੂੰ ਕਵਿਤਾ ਨਹੀਂ ਸੀ ਲਿਖਣੀ ਚਾਹੀਦੀ। ਕਵਿਤਾਵਾਂ ਤਾਂ ਵੈਸੇ ਵੀ ਕਿਤਾਬਾਂ ਵਿੱਚ ਹੀ ਹੁੰਦੀਆਂ ਨੇ। ਕਿਸੇ ਦੇ ਇਸ ਤਰ੍ਹਾਂ ਕਵਿਤਾ ਲਿਖਣ ਬਾਰੇ ਤਾਂ ਮੈਂ ਕਦੇ ਸੁਣਿਆ ਵੀ ਨਹੀਂ ਸੀ। ਮੈਥੋਂ ਜ਼ਰੂਰ ਮਾੜੀ ਹਰਕਤ ਹੋਈ ਸੀ। ਮੈਂ ਘਬਰਾਇਆ ਹੋਇਆ ਬੋਲਿਆ ‘‘ਮੈਂ ਤਾਂ... ਮੈਂ ਬੱਸ ਐਵੇਂ...।’’
‘‘ਲਿਆ ਵਿਖਾ ਕੀ ਲਿਖਿਆ ਏ ਤੂੰ?’’ ਬਾਪੂ ਜੀ ਨੇ ਮੇਰੇ ਹੱਥੋਂ ਕਾਗਜ਼ ਫੜ ਲਿਆ।
ਉਹ ਕਵਿਤਾ ਪੜ੍ਹਨ ਲੱਗ ਪਏ। ਕਵਿਤਾ ਮੁੱਕੀ ਤਾਂ ਉਨ੍ਹਾਂ ਮੇਰੇ ਵੱਲ ਵੇਖਿਆ।
ਉਹ ਤੱਕਣੀ ਮੈਨੂੰ ਬੇਚੈਨ ਕਰ ਰਹੀ ਸੀ।
ਬਾਪੂ ਜੀ ਮੇਰੇ ਵੱਲ ਕੁਝ ਛਿਣ ਵੇਖਦੇ ਰਹੇ ਤੇ ਫਿਰ ਮੁਸਕਰਾਏ। ਉਨ੍ਹਾਂ ਦੇ ਮਨ ਵਿੱਚ ਪਤਾ ਨਹੀਂ ਕੀ ਆਈ ਬੋਲੇ, ‘‘ਬੀਰ! ਜਾਹ ਕਿੱਲੀ ਨਾਲੋਂ ਮੇਰਾ ਕਮੀਜ਼ ਉਤਾਰ ਕੇ ਲਿਆ।’’
ਮੈਂ ਕਮੀਜ਼ ਲਿਆ ਕੇ ਉਨ੍ਹਾਂ ਨੂੰ ਫੜਾ ਦਿੱਤਾ।
ਉਨ੍ਹਾਂ ਕਮੀਜ਼ ਦੀ ਜੇਬ ਵਿੱਚੋਂ ਬਟੂਆ ਕੱਢਿਆ ਤੇ ਬਟੂਏ ਦੇ ਭਾਨ ਵਾਲੇ ਖ਼ਾਨੇ ਵਿੱਚੋਂ ਇੱਕ ਆਨਾ ਕੱਢ ਕੇ ਮੈਨੂੰ ਫੜਾ ਦਿੱਤਾ, ‘‘ਲੈ ਖ਼ਰਚ ਲਵੀਂ।’’
ਮੈਂ ਭਮੰਤਰੇ ਜਿਹੇ ਨੇ ਆਨਾ ਫੜ ਲਿਆ।
ਉਦੋਂ ਮੈਨੂੰ ਖਰਚਣ ਲਈ ਹਰ ਰੋਜ਼ ਮੋਰੀ ਵਾਲਾ ਪੈਸਾ ਮਿਲਦਾ ਹੁੰਦਾ ਸੀ। ਉਸ ਦਿਨ ਵੀ ਬਾਪੂ ਜੀ ਨੇ ਸਵੇਰੇ ਸਕੂਲ ਜਾਣ ਵੇਲੇ ਮੈਨੂੰ ਇੱਕ ਪੈਸਾ ਦਿੱਤਾ ਸੀ। ... ਤੇ ਹੁਣ ਇੱਕ ਆਨਾ...। ਸਹਿਮ ਹਾਲੇ ਵੀ ਮੇਰੇ ਉੱਤੇ ਹਾਵੀ ਸੀ। ਝੇਂਪਿਆ ਹੋਇਆ ਵੀ ਸਾਂ ਤੇ ਕੁਝ ਛਿੱਥਾ ਜਿਹਾ ਵੀ, ਮੈਂ ਆਖਿਆ, ‘‘ਬਾਪੂ ਜੀ! ਇਹ ਕਵਿਤਾ ਤਾਂ ਮੈਂ ਬੱਸ ਐਵੇਂ ਹੀ ਲਿਖ ਦਿੱਤੀ ਸੀ, ਅੱਗੇ ਤੋਂ ਨਈਂ ਲਿਖਦਾ।’’
‘‘ਜੇ ਤੂੰ ਨਹੀਂ ਲਿਖਿਆ ਕਰਨਾ ਤਾਂ ਆਨਾ ਵਾਪਸ ਕਰ।’’ ਬਾਪੂ ਜੀ ਹੱਸਦਿਆਂ ਹੱਸਦਿਆਂ ਮੇਰੇ ਵੱਲ ਅਹੁਲੇ।
ਮੈਨੂੰ ਲੱਗਾ, ਬਾਪੂ ਜੀ ਮੈਥੋਂ ਆਨਾ ਖੋਹਣ ਲੱਗੇ ਸਨ। ਮੈਂ ਕਾਹਲੀ ਨਾਲ ਆਖਿਆ, ‘‘ਨਈਂ... ਨਈਂ ਬਾਪੂ ਜੀ! ... ਮੈਂ ਅੱਗੇ ਤੋਂ ਵੀ ਲਿਖਿਆ ਕਰੂੰਗਾ।’’
ਉਹ ਆਨਾ ਮਹਿਜ਼ ਇੱਕ ਆਨਾ ਨਹੀਂ ਸੀ। ਪ੍ਰੇਰਣਾ ਦਾ ਉਹ ਆਨਾ ਮੇਰੀ ਲਿਖਤ ਦਾ ਇੱਕ ਵੱਡਾ ਇਨਾਮ ਸੀ।
... ਤੇ ਮੈਂ ਲੇਖਕ ਬਣ ਗਿਆ।
ਉਦੋਂ ਮੈਂ ਉਹ ਆਨਾ ਸੰਭਾਲ ਕੇ ਜੇਬ ਵਿੱਚ ਰੱਖ ਲਿਆ ਸੀ।
ਉਹ ਆਨਾ ਆਪਣੇ ਕੋਲ ਰੱਖਣ ਦਾ ਹੱਕ ਅੱਜ ਵੀ ਮੇਰੇ ਕੋਲ ਹੈ, ਮੈਂ ਗੁਆਇਆ ਨਹੀਂ।
ਉਹ ਪਹਿਲਾ ਵੱਡਾ ਇਨਾਮ ਆਖ਼ਰੀ ਨਹੀਂ ਸੀ। 1965-66 ਵੇਲੇ ਦੇ ਇੱਕ ਹੋਰ ਵੱਡੇ ਇਨਾਮ ਨੂੰ ਮੈਂ ਅੱਜ ਵੀ ਭੁੱਲਿਆ ਨਹੀਂ।
ਉਹ ਇਨਾਮ ਮੇਰੀਆਂ ਸ਼ੁਰੂ ਵਾਲੀਆਂ ਕਹਾਣੀਆਂ ਵਿੱਚੋਂ ‘ਸਫ਼ੇਦ ਸਾੜ੍ਹੀ ਵਾਲੀ ਕੁੜੀ’ ਕਹਾਣੀ ਲਈ ਸੀ।
ਮੇਰੀ ਪਹਿਲੀ ਨੌਕਰੀ ਜਲੰਧਰ ਸ਼ਹਿਰ ਦੀ ਸੀ। ਮੈਂ ‘ਪੰਚਾਇਤੀ ਰਾਜ ਟਰੇਨਿੰਗ ਸੈਂਟਰ’ ਵਿੱਚ ਇੰਸਟਰੱਕਟਰ ਵਜੋਂ ਤਾਇਨਾਤ ਸਾਂ। ਉਹ ਅਦਾਰਾ ‘ਭਾਰਤ ਸੇਵਕ ਸਮਾਜ’ ਦਾ ਸੀ।
ਹੁਕਮ ਹੋਇਆ ਸੀ ਕਿ ਅਸੀਂ ਪਿੰਡਾਂ ਵਿੱਚ ਜਾ ਕੇ ਪੰਜਾਹ ਕੁ ਦੇ ਲਗਭਗ ਵਾਲੰਟੀਅਰ ਲੱਭੀਏ ਜਿਹੜੇ ਹੋਮ ਗਾਰਡ ਵਜੋਂ ਆਪਣੀਆਂ ਸੇਵਾਵਾਂ ਦੇਣ।
ਅਸੀਂ ਸੈਂਟਰ ਦੇ ਦੋ ਜਣੇ ਇਹੋ ਜਿਹੇ ਸੇਵਕਾਂ ਦੀ ਭਾਲ ਵਿੱਚ ਤੁਰ ਪਏ ਜਿਹੜੇ ਭੁੱਖੇ ਢਿੱਡ ਭਜਨ ਕਰ ਸਕਦੇ ਹੋਣ। ਸਿਖਲਾਈ ਦੌਰਾਨ ਉਨ੍ਹਾਂ ਨੂੰ ਦੋ ਵੇਲੇ ਦਾ ਭੋਜਨ ਮਿਲਣਾ ਸੀ। ਉਨ੍ਹਾਂ ਲਈ ਤਨਖ਼ਾਹ ਜਾਂ ਭੱਤਾ ਨਹੀਂ ਸੀ।
ਅਸੀਂ ਕਈਆਂ ਪਿੰਡਾਂ ਦੇ ਗੇੜੇ ਲਾਏ, ਪਰ ਨਤੀਜਾ ਸਿਫ਼ਰ ਹੀ ਰਿਹਾ।
ਇੱਕ ਰੋਜ਼ ਅਸੀਂ ਲਾਂਬੜਾ ਪਿੰਡ ਦੀਆਂ ਗਲੀਆਂ ਕੱਛਣ ਪਹੁੰਚ ਗਏ। ਦੁਪਹਿਰ ਵੇਲੇ ਤੱਕ ਸਾਡਾ ਤ੍ਰੇਹ ਨਾਲ ਬੁਰਾ ਹਾਲ ਹੋ ਗਿਆ। ਜਿਨ੍ਹਾਂ ਕਾਗਜ਼ਾਂ ਉੱਤੇ ਸਵੈ-ਇੱਛਾ ਨਾਲ ਸੇਵਾ ਕਰਨ ਵਾਲਿਆਂ ਦੀ ਫਹਿਰਿਸਤ ਬਣਨੀ ਸੀ, ਉਹ ਕਾਗਜ਼ ਕੋਰੇ ਹੀ ਰਹੇ।
ਮੈਂ ਪਿੰਡ ਦੀ ਸੱਥ ਦੇ ਨੇੜੇ, ਇੱਕ ਕਮਰੇ ਦੇ ਬਾਹਰ ਬੋਰਡ ਲਟਕਦਾ ਵੇਖਿਆ। ਲਿਖਿਆ ਸੀ, ‘ਨੌਜਵਾਨ ਸਭਾ, ਲਾਂਬੜਾਂ।’ ਮੈਂ ਖੁੱਲ੍ਹੇ ਬੂਹੇ ਦੇ ਅੰਦਰ ਝਾਕਿਆ। ਇੱਕ ਲੰਮੇ ਮੇਜ਼ ਦੁਆਲੇ ਬੈਂਚ ਡੱਠੇ ਹੋਏ ਸਨ। ਮੇਜ਼ ਉੱਤੇ ਦੋ ਅਖ਼ਬਾਰ ਤੇ ਚਾਰ ਰਸਾਲੇ ਪਏ ਸਨ।
ਅਸੀਂ ਅੰਦਰ ਜਾ ਵੜੇ।
ਉੱਥੇ ਬੈਠੇ ਇੱਕ ਨੌਜਵਾਨ ਨੇ ਸਾਡੇ ਵੱਲ ਵੇਖਿਆ, ‘‘ਬਾਹਰੋਂ ਆਏ ਹੋ?’’ ‘‘ਹਾਂ।’’
ਉਹਨੇ ਉੱਠ ਕੇ ਨੁੱਕਰੇ ਪਏ ਘੜੇ ਵਿੱਚੋਂ ਪਾਣੀ ਪਿਆਇਆ ਤੇ ਮੈਥੋਂ ਪਿੰਡ ਆਉਣ ਦਾ ਕਾਰਨ ਪੁੱਛਿਆ।
ਮੇਰਾ ਜਵਾਬ ਸੁਣ ਕੇ ਉਹ ਵਿਅੰਗ ਨਾਲ ਹੱਸਿਆ, ‘‘ਇਹੋ ਜਿਹੀਆਂ ਸਰਕਾਰੀ ਸਕੀਮਾਂ ਨੂੰ ਮੈਂ ਜਾਣਨਾ ਵਾਂ। ਤੁਸੀਂ ਪਾਣੀ ਤਾਂ ਪੀ ਲਿਆ ਏ। ਹੁਣ ਤੁਰਦੇ ਬਣੋ।’’
ਮੈਂ ਨਵਾਂ ਲੇਖਕ ਸਾਂ। ਉਸ ਵੇਲੇ ਦੇ ‘ਕਵਿਤਾ’ ਰਸਾਲੇ ਵਿੱਚ ਉਦੋਂ ਤਕ ਮੇਰੀਆਂ ਦੋ ਕਹਾਣੀਆਂ ਛਪ ਚੁੱਕੀਆਂ ਸਨ। ਮੈਂ ਹੱਥ ਲੰਮਾ ਕਰ ਕੇ ਮੇਜ਼ ਉੱਤੇ ਪਏ ‘ਕਵਿਤਾ’ ਰਸਾਲੇ ਦਾ ਅੰਕ ਚੁੱਕ ਲਿਆ, ‘‘ਇਸ ਵਿੱਚ ਤਾਂ ਮੇਰੀ ਕਹਾਣੀ ਵੀ ਛਪੀ ਐ।’’
ਮੈਂ ਇਹ ਗੱਲ ਬੱਸ ਹਵਾ ਨੂੰ ਹੀ ਕਹੀ ਸੀ। ਉਸ ਨੌਜਵਾਨ ਨੇ ਪੁੱਛਿਆ, ‘‘ਤੇਰਾ ਨਾਂ ਕੀ ਏ।’’
ਮੈਂ ਨਾਂ ਦੱਸਿਆ ਤਾਂ ਮੁੰਡੇ ਦਾ ਪੂਰਾ ਰੌਂਅ ਬਦਲ ਗਿਆ। ਉਸ ਨੇ ਦੱਸਿਆ, ‘‘ਵੀਰ, ਤੇਰੀ ਇਹ ਕਹਾਣੀ ਤਾਂ ਸਾਡੇ ਅੱਧੇ ਪਿੰਡ ਨੇ ਪੜ੍ਹ ਲਈ ਹੋਊ। ਐ ਵੇਖ!’’
ਉਹਨੇ ਕਹਾਣੀ ਵਾਲਾ ਸਫ਼ਾ ਖੋਲ੍ਹ ਕੇ ਮੇਰੇ ਸਾਹਵੇਂ
ਕਰ ਦਿੱਤਾ। ਮੇਰੀ ਕਹਾਣੀ ਦੇ ਕੁਝ ਵਾਕਾਂ ਹੇਠ
ਲੀਕਾਂ ਵੱਜੀਆਂ ਹੋਈਆਂ ਸਨ। ਚੰਗੀਆਂ ਲੱਗੀਆਂ ਸਤਰਾਂ ਹੇਠ ਉਹ ਲੀਕਾਂ ਕਹਾਣੀ ਪੜ੍ਹਨ ਵਾਲਿਆਂ ਨੇ ਮਾਰੀਆਂ ਸਨ।
ਸਾਨੂੰ ਬੈਠੇ ਰਹਿਣ ਲਈ ਆਖ ਕੇ ਉਹ ਬਾਹਰ ਚਲਿਆ ਗਿਆ। ਉਹ ਵਾਪਸ ਆਇਆ ਤਾਂ ਦੋ ਤਿੰਨ ਗੱਭਰੂ ਉਹਦੇ ਨਾਲ ਸਨ।
ਮੈਂ ਪਲ-ਛਿਣ ਵਿੱਚ ਵਿਅਕਤੀ ਵਿਸ਼ੇਸ਼ ਹੋ ਗਿਆ ਸਾਂ। ਇੱਕ ਬੋਲਿਆ, ‘‘ਮੇਰਾ ਨਾਂ ਭੁਪਿੰਦਰ ਦਲੇਰ ਹੈ।’’
ਮੈਂ ਦੱਸਿਆ, ‘‘ਮੈਨੂੰ ਇੱਕ ਅਵਤਾਰ ਸਿੰਘ ਦਲੇਰ ਦਾ ਪਤਾ ਹੈ ਜਿਨ੍ਹਾਂ ਨੇ ਲੋਕਗੀਤ ਇਕੱਠੇ ਕੀਤੇ ਨੇ ਤੇ ਗੀਤਾਂ ਦੀਆਂ ਦੋ ਕਿਤਾਬਾਂ ਵੀ ਛਾਪੀਆਂ ਨੇ।’’
‘‘ਉਹ ਮੇਰੇ ਪਿਤਾ ਜੀ ਨੇ।’’ ਉਸ ਨੇ ਦੱਸਿਆ ਤੇ ਆਪਣੇ ਦੋਸਤਾਂ ਵਿੱਚੋਂ ਇੱਕ ਜਣੇ ਨੂੰ ਘਰੋਂ ਚਾਹ ਅਤੇ ਕੁਝ ਖਾਣ ਦਾ ਸਾਮਾਨ ਲਿਆਉਣ ਲਈ ਭੇਜ ਦਿੱਤਾ।
‘‘ਹੋਮ-ਗਾਰਡ ਲਈ ਕਿੰਨੇ ਵਾਲੰਟੀਅਰ ਚਾਹੀਦੇ ਨੇ ਤੁਹਾਨੂੰ?’’ ਭੁਪਿੰਦਰ ਨੇ ਪੁੱਛਿਆ।
‘‘ਅਗਲੇ ਦਿਨ ਵੀ ਅਸੀਂ ਕਈ ਪਿੰਡਾਂ ਵਿੱਚ ਜਾਵਾਂਗੇ। ਤੁਹਾਡੇ ਪਿੰਡੋਂ ਸਾਨੂੰ ਪੰਜ-ਸੱਤ ਜਣੇ ਵੀ ਲੱਭ ਪੈਣ ਤਾਂ ਬਹੁਤ ਹੈ।’’
ਭੁਪਿੰਦਰ ਨੇ ਮੇਰੇ ਹੱਥੋਂ ਖਾਲੀ ਕਾਗਜ਼ ਫੜ ਲਏ। ਨੌਜਵਾਨ ਸਭਾ ਦਾ ਰਜਿਸਟਰ ਖੋਲ੍ਹ ਕੇ ਫਹਿਰਿਸਤ ਤਿਆਰ ਕਰਨ ਲੱਗ ਪਿਆ।
ਭੁਪਿੰਦਰ ਨੇ ਆਪਣੇ ਦੂਜੇ ਸਾਥੀ ਨੂੰ ਉਹ ਫਹਿਰਿਸਤ ਫੜਾ ਦਿੱਤੀ ਤੇ ਨਾਵਾਂ ਅੱਗੇ ਦਸਤਖ਼ਤ ਕਰਵਾ ਕੇ ਲਿਆਉਣ ਲਈ ਕਿਹਾ।
ਭੁਪਿੰਦਰ ਸਿੰਘ ਦਲੇਰ ਕੋਲ ਬੈਠਿਆਂ ਉਸ ਦਿਨ ਸਾਡੀ ਭੁੱਖ, ਤੇਹ ਵੀ ਮੁੱਕ ਗਈ ਸੀ ਤੇ ਭਟਕਣਾ ਵੀ।
ਜਦੋਂ ਉਹਨੇ ਵਾਲੰਟੀਅਰਾਂ ਦੇ ਦਸਤਖ਼ਤਾਂ ਵਾਲੀ ਫਹਿਰਿਸਤ ਮੈਨੂੰ ਸੌਂਪੀ ਤਾਂ ਮੈਂ ਹੈਰਾਨ ਹੋ ਕੇ ਵੇਖਿਆ, ਹੋਮ-ਗਾਰਡ ਲਈ ਮਿਥਿਆ ਵਾਲੰਟੀਅਰਾਂ ਦਾ ਟੀਚਾ ਉਹਨੇ ਆਪਣੇ ਪਿੰਡ ਵਿੱਚੋਂ ਹੀ ਪੂਰਾ ਕਰ ਦਿੱਤਾ ਸੀ।
ਮੈਂ ਉਹਦੇ ਵੱਲ ਵੇਖਿਆ ਤਾਂ ਉਹ ਹੱਸ ਪਿਆ, ‘‘ਮੈਂ ਸੋਚਿਆ, ਸਾਡਾ ਏਨਾ ਚੰਗਾ ਕਹਾਣੀਕਾਰ ਪਿੰਡਾਂ ਦਾ ਘੱਟਾ ਫੱਕਦਾ ਕਿਉਂ ਤੁਰਿਆ ਫਿਰੇ। ਸਗੋਂ ਉਸ ਵੇਲੇ ਵਿੱਚ ਕੋਈ ਹੋਰ ਕਹਾਣੀ ਲਿਖੇ।’’
ਇਹ ਇਨਾਮ ਮੈਨੂੰ ‘ਕਵਿਤਾ’ ਰਸਾਲੇ ਵਿੱਚ ਛਪੀ ਇੱਕ ਕਹਾਣੀ ਕਰ ਕੇ ਮਿਲਿਆ ਸੀ। ਇਹ ਇੱਕ ਵੱਡਾ ਇਨਾਮ ਸੀ। ਸੱਚ ਮੰਨਿਓਂ! ਏਡਾ ਵੱਡਾ ਇਨਾਮ ਹਰ ਲੇਖਕ ਨੂੰ ਨਹੀਂ ਮਿਲਦਾ। ਕਮਾਲ ਇਹ ਵੀ ਹੈ ਕਿ ਇਹ ਵੱਡੇ ਇਨਾਮ ਜ਼ਮੀਰ ਨੂੰ ਹੀਣਾ ਨਹੀਂ ਕਰਦੇ।
ਇਹੋ ਜਿਹੇ ਇਨਾਮਾਂ ਦਾ ਮੈਂ ਹੁਣ ਵੀ ਤਲਬਗਾਰ ਹਾਂ। ਇਹ ਇਨਾਮ ਮੈਨੂੰ ਚੰਗਾ ਲਿਖਣ ਲਈ ਆਖਦੇ ਨੇ।
ਸੰਪਰਕ: 97810-08582