ਵੱਡੇ ਬੰਦਿਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ: ਗੁਰੂ ਰੰਧਾਵਾ
ਮੁੰਬਈ: ਗਾਇਕ ਤੇ ਅਦਾਕਾਰ ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਪੋਸਟ ਵਿੱਚ ਟੀ-ਸੀਰੀਜ਼ ਨਾਲ ਸਮੱਸਿਆਵਾਂ ਦਾ ਸੰਕੇਤ ਦਿੱਤਾ ਹੈ। ਉਸ ਨੇ ਆਪਣੇ ਚਾਹੁਣ ਵਾਲਿਆਂ ਨੂੰ ਛੇਤੀ ਹੀ ਇਨ੍ਹਾਂ ਨੂੰ ਸੁਲਝਾਉਣ ਦਾ ਭਰੋਸਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗਾਇਕ ਦੇ ਪ੍ਰਸ਼ੰਸਕ ਨੇ ਉਸ ਦੇ ਐਕਸ ਹੈਂਡਲ ’ਤੇ ਟੀ-ਸੀਰੀਜ਼ ’ਤੇ ਕਥਿਤ ਤੌਰ ’ਤੇ ਗੁਰੂ ਨੂੰ ਸੁਤੰਤਰ ਤੌਰ ’ਤੇ ਜਾਂ ਕਿਸੇ ਹੋਰ ਨਾਲ ਕੰਮ ਕਰਨ ਤੋਂ ਰੋਕਣ ਦਾ ਦੋਸ਼ ਲਗਾਇਆ ਸੀ। ਇਸ ਦੇ ਜਵਾਬ ਵਿੱਚ ਗੁਰੂ ਨੇ ਲਿਖਿਆ,‘ਵੱਡੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਮਸਲਾ ਕੁਝ ਦਿਨਾਂ ਵਿੱਚ ਹੱਲ ਹੋ ਜਾਵੇਗਾ ਅਤੇ ਅਸੀਂ ਪਹਿਲਾਂ ਨਾਲੋਂ ਮਜ਼ਬੂਤ ਹੋ ਕੇ ਵਾਪਸ ਆਵਾਂਗੇ। ਇਹ ਸਾਲ ਸੰਗੀਤ ਅਤੇ ਫ਼ਿਲਮਾਂ ਨਾਲ ਭਰਿਆ ਹੋਵੇਗਾ। ਬਸ ਤਿਆਰੀ ਚੱਲ ਰਹੀ ਹੈ। ਉਹ ਅਜਿਹੇ ਸਾਰੇ ਮਾਮਲਿਆਂ ਬਾਰੇ ਸ਼ਾਇਦ ਹੀ ਕਦੇ ਗੱਲ ਕਰਦਾ ਹੈ ਪਰ ਹਾਂ, ਇਸ ’ਤੇ ਗੱਲ ਕਰਨ ਅਤੇ ਤੁਹਾਨੂੰ ਸਾਰਿਆਂ ਨੂੰ ਦੱਸਣ ਦਾ ਸਮਾਂ ਹੈ ਕਿ ਪਿਛਲੇ ਡੇਢ ਸਾਲ ਤੋਂ ਕੀ ਹੋ ਰਿਹਾ ਹੈ। ਉਮੀਦ ਹੈ ਕਿ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਪਰਮਾਤਮਾ ਸਭ ਤੋਂ ਮਹਾਨ ਹੈ।’ ਗੁਰੂ ਰੰਧਾਵਾ ‘ਲਾਹੌਰ’, ‘ਪਟੋਲਾ’, ‘ਹਾਈ ਰੇਟਿਡ ਗੱਭਰੂ’ ਸਣੇ ਅਜਿਹੇ ਹੋਰ ਗੀਤਾਂ ਕਰਕੇ ਜਾਣਿਆ ਜਾਂਦਾ ਹੈ। -ਏਐੱਨਆਈ