ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੋਟੀ ਕਿਸਾਨੀ ਤੋਂ ਵੱਡੀਆਂ ਆਸਾਂ

07:58 AM Jan 05, 2024 IST

ਦਵਿੰਦਰ ਸ਼ਰਮਾ

ਕਰਾਧਿਕਾ ਸੀਮਾਂਤ ਕਿਸਾਨ ਹੈ ਅਤੇ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜਿ਼ਲੇ ਦੇ ਪਿੰਡ ਵੀਰਾਪਾਨੇਨੀਗੁਡਮ ਦੀ ਵਸਨੀਕ ਹੈ। ਉਹ ਡੇਢ ਏਕੜ ਜ਼ਮੀਨ ਦੀ ਮਾਲਕ ਹੈ ਜਿਸ ਵਿਚ ਉਹ ਕੁਦਰਤੀ ਖੇਤੀਬਾੜੀ ਕਰਦੀ ਹੈ। ਮੈਨੂੰ ਯਕੀਨ ਨਾ ਆਇਆ ਜਦੋਂ ਕਰਾਧਿਕਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਐੱਮਬੀਏ ਦੀ ਡਿਗਰੀ ਕਰ ਲਈ ਹੈ ਅਤੇ ਉਸ ਦੀ ਧੀ ਅਮਰੀਕਾ ਵਿਚ ਪੜ੍ਹ ਰਹੀ ਹੈ। ਮੈਂ ਜਦੋਂ ਉਸ ਨੂੰ ਪੁੱਛਿਆ ਕਿ ਜਦੋਂ ਉਸ ਦੇ ਦੋਵੇਂ ਬੱਚੇ ਚੰਗਾ ਪੜ੍ਹ ਲਿਖ ਰਹੇ ਹਨ ਤਾਂ ਫਿਰ ਉਹ ਖੇਤੀਬਾੜੀ ਛੱਡ ਕਿਉਂ ਨਹੀਂ ਦਿੰਦੀ; ਉਸ ਦਾ ਜਵਾਬ ਸੀ: “ਮੇਰੇ ਬੱਚੇ ਚਾਹੁੰਦੇ ਹਨ ਕਿ ਮੈਂ ਖੇਤੀਬਾੜੀ ਛੱਡ ਕੇ ਉਨ੍ਹਾਂ ਕੋਲ ਰਹਾਂ ਪਰ ਮੈਂ ਉਨ੍ਹਾਂ ਨੂੰ ਆਖਦੀ ਹਾਂ ਕਿ ਤੁਸੀਂ ਆਪਣੀਆਂ ਮੌਜਾਂ ਮਾਣੋ ਤੇ ਮੈਨੂੰ ਆਪਣਾ ਕੰਮ ਕਰਨ ਦਿਓ।” ਉਹ ਟੁੱਟਵੀਂ ਕਾਸ਼ਤਕਾਰੀ (staggered cropping) ਪ੍ਰਣਾਲੀ ਦਾ ਪਾਲਣ ਕਰਦੀ ਹੈ ਜਿਸ ਨੂੰ ਏਟੀਐੱਮ (any time money) ਵੀ ਕਿਹਾ ਜਾਂਦਾ ਹੈ ਜਿਸ ਨਾਲ ਉਸ ਨੂੰ ਬੱਝਵੀਂ ਆਮਦਨ ਮਿਲਦੀ ਰਹਿੰਦੀ ਹੈ।
ਏਟੀਐੱਮ ਅਜਿਹੀ ਵੰਨਗੀ ਦਾ ਧੰਦਾ ਹੈ ਜਿਸ ਨੂੰ ਆਂਧਰਾ ਪ੍ਰਦੇਸ਼ ਕਮਿਊਨਿਟੀ ਮੈਨੇਜਡ ਨੈਚੁਰਲ ਫਾਰਮਿੰਗ (APCNF) ਪ੍ਰੋਗਰਾਮ ਤਹਿਤ ਸੂਚੀਦਰਜ ਕੀਤਾ ਗਿਆ ਹੈ ਅਤੇ ਇਸ ਪ੍ਰੋਗਰਾਮ ਦਾ ਸਾਰਾ ਕਾਰਵਿਹਾਰ ਕੁਦਰਤ ਨਾਲ ਇਕਸੁਰਤਾ ਬਿਠਾਉਣ ’ਤੇ ਕੇਂਦਰਤ ਹੈ। ਇਸ ਦੀ ਸ਼ੁਰੂਆਤ ਕਰੀਬ ਦੋ ਦਹਾਕੇ ਪਹਿਲਾਂ ਖਮਾਮ ਜਿ਼ਲੇ ਦੇ ਪਿੰਡ ਪੁੰਨੁਕਲਾ ਤੋਂ ਹੋਈ ਸੀ ਅਤੇ ਹੁਣ ਇਹ ਕੁਦਰਤੀ ਖੇਤੀਬਾੜੀ ਦੀ ਪ੍ਰਣਾਲੀ ਆਂਧਰਾ ਪ੍ਰਦੇਸ਼ ਦੇ 26 ਜਿ਼ਲਿਆਂ ਦੇ 3730 ਪਿੰਡਾਂ ਤੱਕ ਪਹੁੰਚ ਗਈ ਹੈ। ਅੱਠ ਲੱਖ ਕਿਸਾਨਾਂ ਨੇ ਜਾਂ ਤਾਂ ਪੂਰੀ ਤਰ੍ਹਾਂ ਰਸਾਇਣਕ ਖੇਤੀਬਾੜੀ ਤਿਆਗ ਕੇ ਗ਼ੈਰ-ਰਸਾੲਣਿਕ ਜਾਂ ਕੁਦਰਤੀ ਖੇਤੀਬਾੜੀ ਅਪਣਾ ਲਈ ਹੈ ਜਾਂ ਉਹ ਅਜਿਹੀ ਤਬਦੀਲੀ ਦੀ ਪ੍ਰਕਿਰਿਆ ਵਿਚ ਹਨ। ਸੂਬੇ ਦਾ ਇਹ ਨਿਸ਼ਾਨਾ ਮਿੱਥਿਆ ਹੋਇਆ ਹੈ ਕਿ 2031 ਤੱਕ ਸੂਬੇ ਦੀ ਕੁੱਲ 60 ਲੱਖ ਆਬਾਦੀ ਨੂੰ ਕੁਦਰਤੀ ਖੇਤੀਬਾੜੀ ਅਧੀਨ ਲਿਆਂਦਾ ਜਾਵੇਗਾ।
ਮਾਇਸੁੰਮਾ ਐੱਨਟੀਆਰ ਜਿ਼ਲੇ ਦੇ ਪਿੰਡ ਬੱਟੀਨਾਪਾੜੂ ਦੀ ਵਸਨੀਕ ਹੈ। ਉਹ ਦੋ ਏਕੜ ਰਕਬੇ ਵਿਚ ਨਰਮਾ ਉਗਾਉਂਦੀ ਹੈ ਅਤੇ 2018 ਵਿਚ ਉਸ ਨੇ ਕੁਦਰਤੀ ਖੇਤੀਬਾੜੀ ਵੱਲ ਮੋੜਾ ਕੱਟ ਲਿਆ ਸੀ। ਜਦੋਂ ਉਸ ਨੇ ਮੈਨੂੰ ਦੱਸਿਆ ਕਿ ਉਸ ਦੀ ਧੀ ਏਅਰੋਨੌਟਿਕਲ ਇੰਜਨੀਅਰ ਹੈ ਤਾਂ ਮੈਨੂੰ ਜਾਪਿਆ, ਮੈਂ ਮੱਧ ਵਰਗ ਦੀ ਕਿਸੇ ਸੁਆਣੀ ਨਾਲ ਗੱਲਾਂ ਕਰ ਰਿਹਾ ਹੋਵਾਂ ਪਰ ਇਹ ਸਾਰੇ ਛੋਟੇ ਤੇ ਸੀਮਾਂਤ ਕਿਸਾਨ ਹਨ ਜਿਨ੍ਹਾਂ ’ਚੋਂ ਜਿ਼ਆਦਾਤਰ ਔਰਤਾਂ ਹਨ ਜੋ ਜਲਵਾਯੂ ਦੇ ਅਨੁਕੂਲ ਅਤੇ ਵਾਤਾਵਰਨ ਲਈ ਸਿਹਤਮੰਦ ਕੁਦਰਤੀ ਖੇਤੀ ਪ੍ਰਣਾਲੀ ਦੀਆਂ ਖੂਬੀਆਂ, ਤਾਕਤ ਅਤੇ ਅਸੀਮ ਸੰਭਾਵਨਾਵਾਂ ਬਾਰੇ ਦੱਸਣ ਲਈ ਪੂਰੇ ਪ੍ਰਦੇਸ਼ ’ਚੋਂ ਸਮਾਗਮ ਵਿਚ ਇਕੱਤਰ ਹੋਈਆਂ ਸਨ।
ਇਨ੍ਹਾਂ ’ਚੋਂ ਕੁਝ ਕਿਸਾਨਾਂ ਦੀ ਮਾਲਕੀ ਇਕ ਏਕੜ ਜਾਂ ਇਸ ਤੋਂ ਵੀ ਕਾਫ਼ੀ ਘੱਟ ਸੀ ਅਤੇ ਇਹ ਸਭ ਕੁਦਰਤੀ ਖੇਤੀਬਾੜੀ ਦੇ ਸੂਬਾਈ ਪ੍ਰੋਗਰਾਮ ਅਧੀਨ ਗੁੰਟੂਰ ਜਿ਼ਲੇ ਵਿਚਲੇ ਸਦਰ ਮੁਕਾਮ ’ਤੇ ਇਕੱਤਰ ਹੋਏ ਸਨ; ਇਹ ਪ੍ਰੋਗਰਾਮ ਸੂਬੇ ਦੀ ਮਾਲਕੀ ਵਾਲੀ ਕੰਪਨੀ ਰਾਇਤੂ ਸਾਧਿਕਾਰਾ ਸਮਸਤ (ਆਰਵਾਇਐੱਸਐੱਸ) ਵਲੋਂ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਜਲਦੀ ਹੀ ਇਹ ਜ਼ਾਹਿਰ ਹੋ ਗਿਆ ਕਿ ਮੁੱਖਧਾਰਾ ਦੀ ਸੋਚ ਪਾਏਦਾਰ ਬਦਲਵੀਆਂ ਪ੍ਰਣਾਲੀਆਂ ਨੂੰ ਕਿਉਂ ਕੁਚਲਣਾ ਚਾਹੁੰਦੀ ਹੈ। ਛੋਟੇ ਕਾਸ਼ਤਕਾਰਾਂ ਨੂੰ ਅਕਸਰ ਗ਼ੈਰ-ਹੰਢਣਸਾਰ ਕਰਾਰ ਦਿੱਤਾ ਜਾਂਦਾ ਹੈ ਅਤੇ ਜ਼ਮੀਨੀ ਤੇ ਕਿਰਤ ਸੁਧਾਰਾਂ ਦੇ ਨਾਂ ’ਤੇ ਅਰਥ ਸ਼ਾਸਤਰੀ ਅਤੇ ਕਾਰਪੋਰੇਟ ਮੋਹਰੀ ਇਨ੍ਹਾਂ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਖੇਤੀਬਾੜੀ ’ਚੋਂ ਕੱਢ ਕੇ ਸ਼ਹਿਰੀ ਮਜ਼ਦੂਰਾਂ ਦੀ ਸ਼੍ਰੇਣੀ ਵਿਚ ਸ਼ਾਮਲ ਕਰਨ ’ਤੇ ਜ਼ੋਰ ਦਿੰਦੇ ਹਨ। ਆਲਮੀ ਆਰਥਿਕ ਡਿਜ਼ਾਈਨ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਆਰਥਿਕ ਬੋਝ ਦੱਸ ਕੇ ਇਨ੍ਹਾਂ ਦੀ ਕਦਰ ਮਾਰਦਾ ਰਹਿੰਦਾ ਹੈ। ਹਾਲਾਂਕਿ ਇਨ੍ਹਾਂ ਦੀ ਥੋੜ੍ਹੀ ਦੇਰ ਲਈ ਬਾਂਹ ਫੜਨ ਅਤੇ ਢੁਕਵੀਂ ਮਾਰਕੀਟਿੰਗ ਪਹਿਲਕਦਮੀ ਲੈਣ ਦੀ ਦੇਰ ਹੈ ਕਿ ਇਹੀ ਖੇਤੀ ਜੋਤਾਂ ਪਾਏਦਾਰ ਉਦਮਾਂ ਦਾ ਰੂਪ ਵਟਾ ਲੈਂਦੀਆਂ ਹਨ ਜੋ ਨਾ ਤਾਂ ਆਲਮੀ ਤਪਸ਼ ਵਿਚ ਵਾਧਾ ਕਰਦੀਆਂ ਹਨ ਅਤੇ ਨਾ ਹੀ ਹਵਾ, ਜਲ ਅਤੇ ਜ਼ਮੀਨ ਵਿਚ ਜ਼ਹਿਰੀਲੇ ਮਾਦੇ ਪਾਉਂਦੀਆਂ ਹਨ।
ਨੁਕਤਿਆਂ ਨੂੰ ਜੋੜ ਕੇ ਪੂਰੀ ਤਸਵੀਰ ਸਾਫ਼ ਹੋ ਜਾਂਦੀ ਹੈ ਕਿ ਖੇਤੀ-ਕਾਰੋਬਾਰੀ ਸਨਅਤ ਵੱਖਰੀ ਦ੍ਰਿਸ਼ਟੀ ਕਿਉਂ ਅਪਣਾਉਂਦੀ ਹੈ ਜੋ ਇਸ ਦੇ ਇਸ ਫ਼ੈਸਲੇ ਤੋਂ ਪ੍ਰਤੱਖ ਹੁੰਦੀ ਹੈ ਜਿਸ ਤਹਿਤ ਕੁਝ ਦਿਨ ਪਹਿਲਾਂ ਦੁਬਈ ਵਿਚ ਹੋਏ ਜਲਵਾਯੂ ਸੰਮੇਲਨ ਵਿਚ ਭੇਜੇ ਜਾਣ ਵਾਲੀ ਇਸ ਦੇ ਲੌਬੀਕਾਰਾਂ ਦੀ ਸੰਖਿਆ ਪਿਛਲੇ ਸਾਲ ਦੇ ਸੰਮੇਲਨ ਨਾਲੋਂ ਦੁੱਗਣੀ ਕਰ ਦਿੱਤੀ ਗਈ ਸੀ। ਮਸਲਨ, ਬਹੁਕੌਮੀ ਖੇਤੀ-ਕਾਰੋਬਾਰੀ ਕੰਪਨੀ ‘ਬਾਯਰ’ ਨੇ ਇਸ ਸੰਮੇਲਨ ਵਿਚ ਅਫਰੀਕੀ ਮੁਲਕ ਇਰੀਟ੍ਰੀਆ ਨਾਲੋਂ ਜਿ਼ਆਦਾ ਨੁਮਾਇੰਦੇ ਭੇਜੇ ਸਨ। ਹੈਰਾਨੀ ਦੀ ਗੱਲ ਹੈ ਕਿ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈਸੀਏਆਰ) ਨੇ ਖੋਜ ਕਾਰਜਾਂ ਲਈ ਇਸੇ ਕੰਪਨੀ ਨਾਲ ਹੱਥ ਮਿਲਾਏ ਹਨ।
ਇਸ ਤੋਂ ਮੈਨੂੰ ਸਾਇੰਸ ਮੈਗਜ਼ੀਨ ‘ਨੇਚਰ’ ਵਿਚ ਛਪੇ ਵਿਸ਼ਲੇਸ਼ਣ ਦਾ ਚੇਤਾ ਆ ਗਿਆ। ਇਸ ਲੇਖ ਵਿਚ ਪਿਛਲੇ ਪੰਜਾਹ ਸਾਲਾਂ ਦੌਰਾਨ ਕੀਤੇ 51 ਅਧਿਐਨਾਂ ਦਾ ਵਿਸ਼ਲੇਸ਼ਣ ਕਰ ਕੇ ਨਤੀਜਾ ਕੱਢਿਆ ਗਿਆ ਸੀ ਕਿ ਆਮ ਪ੍ਰਭਾਵ ਦੇ ਉਲਟ ਛੋਟੀਆਂ ਜੋਤਾਂ ਵਧੇਰੇ ਉਤਪਾਦਕ ਅਤੇ ਵਾਤਾਵਰਨ ਪੱਖੋਂ ਹੰਢਣਸਾਰ ਸਾਬਿਤ ਹੋਈਆਂ ਹਨ। ਫਿਰ ਵੀ ਅਜਿਹੇ ਅਧਿਐਨ ਮੁੱਖਧਾਰਾ ਦੀ ਵਿਗਿਆਨਕ ਨੀਤੀ ਦਾ ਹਿੱਸਾ ਨਹੀਂ ਬਣਦੇ ਕਿਉਂਕਿ ਆਲਮੀ ਪੱਧਰ ’ਤੇ ਖੇਤੀਬਾੜੀ ਵਿਗਿਆਨੀ, ਅਰਥ ਸ਼ਾਸਤਰੀ, ਮੀਡੀਆ ਅਤੇ ਨੀਤੀਘਾੜਿਆਂ ਨੇ ਕਈ ਦਹਾਕਿਆਂ ਤੋਂ ਸੰਘਣੀ ਖੇਤੀ ’ਤੇ ਜ਼ੋਰ ਦੇਣ ਵਾਲੀਆਂ ਵੱਡੀਆਂ ਖੇਤੀ-ਕਾਰੋਬਾਰੀ ਕੰਪਨੀਆਂ ਦੇ ਵਪਾਰਕ ਹਿੱਤਾਂ ਨੂੰ ਸਾਧਣ ਦਾ ਹੀ ਕੰਮ ਕੀਤਾ ਹੈ ਜਿਸ ਕਰ ਕੇ ਉਹ ਵਾਤਾਵਰਨ ਦੇ ਲਿਹਾਜ਼ ਤੋਂ ਸਿਹਤਮੰਦ ਅਤੇ ਨਾਲ ਹੀ ਉਤਪਾਦਕ, ਹੰਢਣਸਾਰ ਖੁਰਾਕ ਪ੍ਰਣਾਲੀਆਂ ਵੱਲ ਅਗਾਂਹ ਵਧਣ ਵਾਲੇ ਹਰ ਕਦਮਾਂ ਨੂੰ ਡੱਕ ਦਿੰਦੇ ਹਨ।
ਇਸ ਦੇ ਬਾਵਜੂਦ ਕਾਫ਼ੀ ਕੁਝ ਬਦਲ ਰਿਹਾ ਹੈ ਅਤੇ ਨਵੀਂ ਖੇਤੀਬਾੜੀ ਵੱਲ ਤਬਦੀਲੀ ਦਾ ਮੁਹਾਂਦਰਾ ਘੜਿਆ ਜਾ ਰਿਹਾ ਹੈ। ਮੈਂ ਇਸ ਨੂੰ ਨਵੀਂ ਖੇਤੀਬਾੜੀ ਕਹਿੰਦਾ ਹਾਂ ਕਿਉਂਕਿ ਪ੍ਰਚੱਲਤ ਇਕ ਫ਼ਸਲੀ ਚੱਕਰ ਵਾਲੀ ਖੇਤੀਬਾੜੀ ਦੀ ਟੇਕ ਵਾਧੂ ਅਨਾਜ ਉਤਪਾਦਨ ’ਤੇ ਹੈ ਅਤੇ ਜਿਸ ਨੇ ਜ਼ਮੀਨ ਦੇ ਤੱਤ ਸੋਖ ਲਏ ਹਨ ਤੇ ਜ਼ਮੀਨ ਬਿਮਾਰ ਬਣਾ ਦਿੱਤੀ ਹੈ, ਜ਼ਮੀਨ ਹੇਠਲਾ ਪਾਣੀ ਕੱਢ ਲਿਆ ਹੈ ਅਤੇ ਖੁਰਾਕ ਲੜੀ ਨੂੰ ਪਲੀਤ ਕਰ ਦਿੱਤਾ ਹੈ, ਨਾਲ ਹੀ ਖੇਤੀ ਵਸੋਂ ਨੂੰ ਖੇਤੀ ਛੱਡ ਕੇ ਪਲਾਇਨ ਕਰਨ ਲਈ ਮਜਬੂਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਸ ਨੇ ਮਨੁੱਖੀ ਬਿਮਾਰੀਆਂ ਅਤੇ ਜਲਵਾਯੂ ਐਮਰਜੈਂਸੀ ਜਿਹੀਆਂ ਜੁੜਵੀਆਂ ਚੁਣੌਤੀਆਂ ਪੈਦਾ ਕਰਨ ਵਿਚ ਯੋਗਦਾਨ ਦਿੱਤਾ ਹੈ।
ਬਹਰਹਾਲ, ਜਿਸ ਤਰ੍ਹਾਂ ਆਲਮੀ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ ਤਾਂ ਭਵਿੱਖ ਵਿਚ ਇਸ ਕਿਸਮ ਦੀ ਖੇਤੀਬਾੜੀ ਦੀ ਭੂਮਿਕਾ ਨਾ-ਮਾਤਰ ਰਹਿ ਜਾਵੇਗੀ। ਖੁਰਾਕ ਪ੍ਰਣਾਲੀ ਨੂੰ ਖੇਤੀ ਚੌਗਿਰਦਾ ਪ੍ਰਣਾਲੀ ਮੋੜਦਿਆਂ ਨਾ ਕੇਵਲ ਖੁਰਾਕ ਸੁਰੱਖਿਆ ਸਗੋਂ ਪੋਸ਼ਕ ਤੱਤਾਂ ਨੂੰ ਵੀ ਯਕੀਨੀ ਬਣਾਉਂਦੇ ਹੋਏ ਸਿਹਤਮੰਦ ਵਾਤਾਵਰਨਕ ਪ੍ਰਣਾਲੀਆਂ ਨੂੰ ਸੁਰਜੀਤ ਕਰਨ ਦੀ ਲੋੜ ਹੈ ਜੋ ਆਰਥਿਕ ਤੌਰ ’ਤੇ ਪਾਏਦਾਰ ਰੋਜ਼ੀ ਰੋਟੀ ਦੇ ਸਾਧਨਾਂ ਨੂੰ ਹੱਲਾਸ਼ੇਰੀ ਦਿੰਦੀ ਹੈ ਜਿਸ ਸਦਕਾ ਰੁਜ਼ਗਾਰ ਪੈਦਾ ਕਰਨ ਵਿਚ ਮਦਦ ਮਿਲਦੀ ਹੋਵੇ।
ਖੇਤੀਬਾੜੀ ਨੂੰ ਨਵੇਂ ਸਿਰਿਓਂ ਵਿਉਂਤਣਾ ਸਮੇਂ ਦੀ ਲੋੜ ਹੈ। ਫਿਲਪੀਨਜ਼ ਤੋਂ ਵੀਅਤਨਾਮ, ਕੰਬੋਡੀਆ ਤੋਂ ਮੈਕਸਿਕੋ ਅਤੇ ਭਾਰਤ ਤੋਂ ਅਮਰੀਕਾ ਤੱਕ ਖੇਤੀ ਚੌਗਿਰਦੇ ਵੱਲ ਪੇਸ਼ਕਦਮੀ ਦੀ ਮਜ਼ਬੂਤ ਤੇ ਜਾਨਦਾਰ ਲਹਿਰ ਹੌਲੀ ਹੌਲੀ ਪਰ ਸਾਵੀਆਂ ਨੀਤੀਆਂ ਵਿਚ ਤਬਦੀਲੀ ਲੈ ਕੇ ਆ ਰਹੀ ਹੈ ਜਿਵੇਂ ਰਵਾਇਤੀ ਖੇਤੀ ਦੇ ਮੁੜ ਉਭਾਰ ਲਈ ਛੋਟੇ ਛੋਟੇ ਕਦਮ ਪੁੱਟੇ ਜਾ ਰਹੇ ਹਨ ਅਤੇ ਖਾਦਾਂ ਦੀ ਵਰਤੋਂ ਵਿਚ ਕਮੀ ਲਿਆਉਣ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੀਆਂ ਜੜ੍ਹਾਂ ਵਿਚ ਧਰਤੀ ਅੰਦਰ ਨਵੀਂ ਰੂਹ ਫੂਕਣ ਦਾ ਉਦੇਸ਼ ਪਿਆ ਹੈ। ਉਂਝ, ਅਜੇ ਬਹੁਤ ਕੁਝ ਕਰਨ ਦੀ ਲੋੜ ਹੈ ਜਿਸ ਦੀ ਸ਼ੁਰੂਆਤ ਲਈ ਉਨ੍ਹਾਂ ਵੇਲਾ ਵਿਹਾ ਚੁੱਕੀਆਂ ਨੀਤੀਆਂ ਨੂੰ ਰੱਦ ਕਰਨ ਪਵੇਗਾ ਜਿਨ੍ਹਾਂ ਦਾ ਮਕਸਦ ਸਿਰਫ਼ ਕਾਰਪੋਰੇਟ ਹਿੱਤਾਂ ਦੀ ਪੂਰਤੀ ਕਰਨਾ ਰਿਹਾ ਹੈ। ਚੌਗਿਰਦੇ ਦੀ ਹੰਢਣਸਾਰਤਾ ਨੂੰ ਖੇਤੀ ਖੋਜ ਅਤੇ ਸਿੱਖਿਆ ਦਾ ਵੀ ਮੂਲ ਮਕਸਦ ਬਣਾਇਆ ਜਾਣਾ ਚਾਹੀਦਾ ਹੈ ਤਾਂ ਹੀ ਇਹ ਤਬਦੀਲੀ ਮੁਕੰਮਲ ਹੋ ਸਕੇਗੀ।
ਜੀਨ ਸੋਧਿਤ (ਜੀਐੱਮ) ਬੀਟੀ ਕੌਟਨ ਦੀ ਨਾਕਾਮੀ ਨਾਲ ਹੋਈ ਤਬਾਹੀ ਦੀ ਮਿਸਾਲ ਲੈ ਲਓ। ਇਕ ਸਮੇਂ ਇਸ ਨੂੰ ਖੇਤੀ ਉਪਜ ਲਈ ‘ਰਾਮਬਾਣ’ ਵਜੋਂ ਪੇਸ਼ ਕੀਤਾ ਗਿਆ ਸੀ ਪਰ ਹੁਣ ਇਹ ਮਿੱਟੀ ਵਿਚ ਮਿਲ ਗਈ ਹੈ। ਦੂਜੇ ਪਾਸੇ, ਮੈਨੂੰ ਐੱਨਟੀਆਰ ਜਿ਼ਲੇ ਦੇ ਲਕਸ਼ਮੀ ਨਰਾਇਣ ਜਿਹੇ ਕਿਸਾਨਾਂ ਤੋਂ ਉਮੀਦ ਬੱਝਦੀ ਹੈ ਜੋ ਜੈਵਿਕ ਨਰਮੇ ਦੀ ਕਾਸ਼ਤ ਵਿਚ ਜੁਟੇ ਹੋਏ ਹਨ। ਲਕਸ਼ਮੀ ਦੇ ਖੇਤ ਵਿਚ ਅਜਿਹੇ ਬਹੁਤ ਸਾਰੇ ਬੂਟੇ ਹਨ ਜਿਨ੍ਹਾਂ ਨੂੰ 100 ਤੋਂ ਵੱਧ ਫੁੱਟੀਆਂ ਲੱਗੀਆਂ ਹਨ। ਨਰਮੇ ਦੇ ਜਿਸ ਬੂਟੇ ਨੂੰ 50 ਤੋਂ ਵੱਧ ਫੁੱਟੀਆਂ ਲੱਗ ਜਾਣ, ਉਸ ਨੂੰ ਚੰਗੀ ਫ਼ਸਲ ਮੰਨਿਆ ਜਾਂਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਖੇਤ ਦਾ ਝਾੜ ਪ੍ਰਤੀ ਏਕੜ 12 ਤੋਂ 15 ਕੁਇੰਟਲ ਤੱਕ ਪਹੁੰਚ ਗਿਆ ਹੈ ਜੋ ਕਾਫ਼ੀ ਉਤਸ਼ਾਹਜਨਕ ਜਾਪਦਾ ਹੈ। ਇਸੇ ਜਿ਼ਲੇ ਦਾ ਕਿਸਾਨ ਗੋਪਾਲ ਰਾਓ ਆਪਣੇ ਸਾਢੇ ਤਿੰਨ ਏਕੜਾਂ ਵਿਚ ਜੈਵਿਕ ਝੋਨਾ ਉਗਾਉਂਦਾ ਹੈ। ਉਸ ਨੇ ਦੋ ਸਾਲ ਪਹਿਲਾਂ ਜੈਵਿਕ ਖੇਤੀ ਵੱਲ ਕਦਮ ਪੁੱਟਿਆ ਸੀ ਅਤੇ ਉਸ ਦਾ ਕਹਿਣਾ ਹੈ ਕਿ ਉਸ ਦਾ ਝੋਨੇ ਦਾ ਝਾੜ ਪ੍ਰਤੀ ਏਕੜ ਕਰੀਬ 30 ਕੁਇੰਟਲ ਹੋ ਗਿਆ ਹੈ। ਇਸ ਲਈ ਸੰਘਣੀ ਖੇਤੀਬਾੜੀ ਦੇ ਮੁਕਾਬਲੇ ਗ਼ੈਰ- ਰਸਾਇਣਕ ਖੇਤੀ ਲਾਹੇਵੰਦ ਜਾਪਦੀ ਹੈ। ਇਸ ਵਾਸਤੇ ਵਧੇਰੇ ਖੋਜ ਅਤੇ ਸਰਕਾਰੀ ਨਿਵੇਸ਼ ਦੀ ਲੋੜ ਹੈ।
ਸਾਨੂੰ ਪਿਛਾਂਹ ਨਹੀਂ ਬੈਠੇ ਰਹਿਣਾ ਚਾਹੀਦਾ। ਛੋਟੇ ਕਿਸਾਨਾਂ ਦੀ ਬਾਂਹ ਫੜਨ ਅਤੇ ਉਨ੍ਹਾਂ ਨੂੰ ਸਹੀ ਰਾਹ ਦਿਖਾਉਣ ਦੀ ਲੋੜ ਹੈ। ਬਾਕੀ ਕੰਮ ਉਹ ਆਪ ਕਰ ਕੇ ਦਿਖਾ ਦਿੰਦੇ ਹਨ।

Advertisement

*ਲੇਖਕ ਖੁਰਾਕ ਤੇ ਖੇਤੀਬਾੜੀ ਮਾਮਲਿਆਂ ਦਾ ਮਾਹਿਰ ਹੈ।

Advertisement
Advertisement