ਵੱਡਾ ਬਦਲਾਉ
ਪਿਆਰਾ ਸਿੰਘ ਟਾਂਡਾ
ਉਦੋਂ ਮੈਂ 10 ਕੁ ਸਾਲ ਦਾ ਸੀ। ਪਿੰਡ ਵਿਚੋਂ ਚੌਥੀ ਜਮਾਤ ਪਾਸ ਕਰਨ ਪਿਛੋਂ ਮੈਨੂੰ ਪੰਜਵੀਂ ਵਿਚ ਸ਼ਹਿਰ ਦੇ ਸਕੂਲ ਵਿਚ ਪੜ੍ਹਨ ਜਾਣਾ ਪਿਆ। ਸਕੂਲ ਪਿੰਡ ਤੋਂ 10 ਕਿਲੋਮੀਟਰ ਦੂਰ ਸੀ। ਰੋਜ਼ 10 ਕਿਲੋਮੀਟਰ ਜਾਣਾ ਤੇ 10 ਕਿਲੋਮੀਟਰ ਆਉਣਾ ਬਹੁਤ ਔਖਾ ਸੀ; ਖਾਸ ਤੌਰ ’ਤੇ ਗਰਮੀਆਂ ਵਿਚ। ਪੈਰੀਂ ਜੁੱਤੀ ਨਹੀਂ ਸੀ। ਰੇਤ ਵਿਚ ਪੈਰ ਸੜਦੇ ਸਨ। ਸਾਡੇ ਸਕੂਲ ਦੇ ਕੋਲ ਦੀ ਸੂਆ ਵਗਦਾ ਸੀ। ਬਹੁਤੇ ਮੁੰਡੇ ਸੂਏ ਦੇ ਕਿਨਾਰਿਆਂ ’ਤੇ ਹੀ ਚਲਦੇ ਸਨ।
ਮੇਰੇ ਬਾਪੂ ਨੇ ਸ਼ਹਿਰ ਦੇ ਮੋਚੀ ਕੋਲੋਂ ਮੋਟੀ ਧੌੜੀ ਦੀ ਜੁੱਤੀ ਬਣਵਾ ਦਤਿੀ। ਉਸ ਜੁੱਤੀ ਨੇ ਮੇਰੇ ਦੋਵੇਂ ਪੈਰ ਵੱਢ ਖਾਧੇ। ਪੈਰਾਂ ਵਿਚ ਛਾਲੇ ਦੇਖ ਮੇਰੀ ਮਾਂ ਦਾ ਤ੍ਰਾਹ ਨਿਕਲ ਗਿਆ। ਉਸ ਨੇ ਇਸ ਜੁੱਤੀ ਨੂੰ ਦੋ ਚਾਰ ਦਿਨ ਸਰ੍ਹੋਂ ਦੇ ਤੇਲ ਵਿਚ ਡੋਬੀ ਰੱਖਿਆ ਪਰ ਕੋਈ ਗੱਲ ਨਾ ਬਣੀ। ਫਿਰ ਇਕ ਦਿਨ ਉਸ ਨੇ ਬਾਪੂ ਤੋਂ ਡਰਦਿਆਂ ਜੁੱਤੀ ਕਤਿੇ ਲੁਕਾ ਦਤਿੀ, ਤੇ ਮੇਰੀ ਜਾਨ ਛੁੱਟ ਗਈ ਪਰ ਸਾਨੂੰ ਮਾਂ ਪੁੱਤ ਨੂੰ ਬਾਪੂ ਦੀਆਂ ਗਾਲ੍ਹਾਂ ਦਾ ਵਾਧੂ ਸਿ਼ਕਾਰ ਹੋਣਾ ਪਿਆ।
ਸਾਡੇ ਸਕੂਲ ਅਤੇ ਪਿੰਡ ਦੇ ਵਿਚਕਾਰ ਖਰਬੂਜ਼ਿਆਂ ਦਾ ਵਾੜਾ ਸੀ। ਇਕ ਦਿਨ ਵਾੜੇ ਦਾ ਰਾਖਾ ਉਥੇ ਨਹੀਂ ਸੀ, ਸਾਡੀ ਸਾਰੀ ਢਾਣੀ ਕਚਰੇ ਤੋੜਨ ਲਈ ਵਾੜੇ ਵਿਚ ਵੜ ਗਈ। ਉਧਰੋਂ ਵਾੜੇ ਦੇ ਰਾਖੇ ਨੇ ਲਲਕਾਰਿਆ। ਅਸੀਂ ਭੱਜ ਉਠੇ। ਵੱਡੇ ਮੁੰਡੇ ਤਾਂ ਹੱਥ ਨਾ ਆਏ ਪਰ ਮੈਂ ਫੜਿਆ ਗਿਆ। ਮੇਰਾ ਨਾਂ ਥਾਂ ਪੁੱਛ ਕੇ ਅਤੇ ਦੋ ਚਪੇੜਾਂ ਮਾਰ ਕੇ ਉਸ ਮੈਨੂੰ ਵੀ ਛੱਡ ਦਿੱਤਾ।
ਅਗਲੇ ਦਿਨ ਸਕੂਲ ਦੀ ਪ੍ਰਾਰਥਨਾ ਤੋਂ ਬਾਅਦ ਮੁੱਖ ਅਧਿਆਪਕ ਆ ਧਮਕੇ। ਆਉਂਦੇ ਹੀ ਉਨ੍ਹਾਂ ਮੇਰਾ ਨਾਮ ਪੁਕਾਰਿਆ। ਮੈਂ ਕੰਬਦਾ ਕੰਬਦਾ ਉਨ੍ਹਾਂ ਕੋਲ ਗਿਆ। ਉਨ੍ਹਾਂ ਦਾ ਇਕ ਬੈਂਤ ਵੱਜਣ ਨਾਲ ਮੈਂ ਸਾਰਿਆਂ ਦੇ ਨਾਮ ਦੱਸ ਦਿੱਤੇ। ਬਸ ਫਿਰ ਕੀ ਸੀ, ਉਨ੍ਹਾਂ ਦੇ ਦਸ ਦਸ ਬੈਂਤ ਵੱਜਣ ਨਾਲ ਉਨ੍ਹਾਂ ਦੀਆਂ ਚੀਕਾਂ ਨਿਕਲ ਗਈਆਂ। ਛੁੱਟੀ ਹੋਣ ’ਤੇ ਰਸਤੇ ਵਿਚ ਉਨ੍ਹਾਂ ਮੈਨੂੰ ਕੁਟਾਪਾ ਚਾੜ੍ਹ ਦਿੱਤਾ। ਜਦੋਂ ਬਾਪੂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਮੇਰੇ ਤਾਂ ਦੋ ਹੀ ਚਪੇੜਾਂ ਮਾਰੀਆਂ ਪਰ ਵੱਡੇ ਮੁੰਡਿਆ ਦੀ ਕਾਫੀ ਲਾਹ ਪਾਹ ਕਰ ਕੇ ਆਏ।
ਸਕੂਲੋਂ ਘਰ ਆ ਕੇ ਪੱਠਾ-ਦੱਥਾ ਕਰ, ਡੰਗਰ ਵੱਛਾ ਸਾਂਭ ਕੇ ਰਾਤ ਨੂੰ ਦੀਵੇ ਦੀ ਰੌਸ਼ਨੀ ਵਿਚ ਪੜ੍ਹਨ ਬੈਠ ਜਾਂਦੇ। ਸਾਡੇ ਕੋਲ ਹੀ ਸਾਡੀ ਮਾਂ ਚਰਖਾ ਡਾਹ ਲੈਂਦੀ। ਚਰਖੇ ਦੀ ਘੂਕਰ ਅਤੇ ਨੀਂਦ ਦੀ ਸ਼ੂਕਰ ਦਾ ਅਮਲ ਜਿਹਾ ਅੱਜ ਤਕ ਮਹਿਸੂਸ ਹੁੰਦਾ ਹੈ। ਉਸ ਵਕਤ ਸਮਾਂ ਨਾਪਣ ਦਾ ਇਕ ਹੀ ਸਾਧਨ ਸੀ, ਉਹ ਸੀ ਤਾਰਿਆਂ ਦੀ ਮਸਤ ਚਾਲ। ਜਦ ਸਪਤ ਰਿਸ਼ੀ ਜਾਂ ਤਾਰਾ ਖਿੱਤੀ ਸਾਡੇ ਕੋਠੇ ’ਤੇ ਆ ਜਾਂਦੀ ਤਾਂ ਸਮਝਿਆ ਜਾਂਦਾ ਸੀ ਅੱਧੀ ਰਾਤ ਹੋ ਗਈ। ਸਾਡੀ ਪੜ੍ਹਾਈ ਦੇ ਨਾਲ ਹੀ ਮਾਂ ਦਾ ਚਰਖਾ ਵੀ ਬੰਦ ਹੋ ਜਾਂਦਾ।
ਫਿਰ ਭਾਖੜਾ ਡੈਮ ਬਣ ਗਿਆ। ਇਸ ਦੇ ਨਾਲ ਹੀ ਪਿੰਡ ਬਜਿਲੀ ਸਪਲਾਈ ਨਾਲ ਰੋਸ਼ਨ ਹੋ ਗਏ। ਇਸ ਸਮੇਂ ਹੀ ਪੰਜਾਬ ਵਿਚ ਹਰੇ ਇਨਕਲਾਬ ਦੀ ਨੀਂਹ ਰੱਖੀ ਗਈ। ਪੰਜਾਬ ਦੇ ਇਸ ਵਡਮੁੱਲੇ ਯੋਗਦਾਨ ਨਾਲ ਦੇਸ਼ ਦੀ ਭੁੱਖ ਦੂਰ ਹੋਈ।
ਇਸ ਤਰ੍ਹਾਂ ਸਮਾਂ ਬਦਲਦਾ ਗਿਆ। ਨਾ ਉਹ ਕੱਚੀਆਂ ਪਗਡੰਡੀਆਂ ਰਹੀਆਂ, ਨਾ ਉਹ ਕੱਚੇ ਪਹੇ। ਨਾ ਉਹ ਤੱਪੜਾਂ ਵਾਲੇ ਸਕੂਲ। ਉਦੋਂ ਨਾ ਕਿਸਾਨ ਕਰਜ਼ਈ ਸੀ ਅਤੇ ਨਾ ਸਰਕਾਰ। ਲੋਕ ਗਰੀਬ ਹੋ ਕੇ ਵੀ ਖੁਸ਼ਹਾਲ ਸਨ। ਵੱਡੇ ਪਰਿਵਾਰ ਸਨ, ਫਿਰ ਵੀ ਸਬਰ ਸੰਤੋਖ ਤੇ ਸੁਖ ਸ਼ਾਂਤੀ ਸੀ। ਭਾਈਚਾਰਕ ਸਾਂਝ ਬਹੁਤ ਪੀਡੀ ਸੀ।
... ਤੇ 1980ਵਿਆਂ ਵਿਚ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ। ਅਮਨ ਕਾਨੂੰਨ, ਸਿਹਤ, ਸਿੱਖਿਆ ਅਤੇ ਆਰਥਿਕ ਵਿਕਾਸ ਦੇ ਖੇਤਰ ਬੁਰੀ ਤਰ੍ਹਾਂ ਪ੍ਰਭਾਵਤਿ ਹੁੰਦੇ ਚਲੇ ਗਏ...ਤੇ ਇਹ ਸਿਲਸਿਲ ਹੁਣ ਤੱਕ ਜਾਰੀ ਹੈ।...
ਖ਼ੈਰ ਹੋਵੇ! ਉਮੀਦ ਬਹੁਤ ਹੈ ਕਿ ਰੰਗਲੇ ਪੰਜਾਬ ਦੇ ਦਿਨ ਮੁੜ ਆਉਣਗੇ।
ਸੰਪਰਕ: 98880-79692