ਪਿੰਡਾਂ ’ਚ ਸਰਬਸੰਮਤੀ ਨਾਲ ਸਰਪੰਚ ਬਣਨ ਲਈ ਲੱਗਣ ਲੱਗੀਆਂ ਬੋਲੀਆਂ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 29 ਸਤੰਬਰ
ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੋਣ ਤੋਂ ਬਾਅਦ ਸਿਆਸੀ ਮਾਹੌਲ ਭਖ਼ ਗਿਆ ਹੈ। ਸਰਕਾਰ ਨੇ ਸਿਆਸੀ ਚੋਣ ਨਿਸ਼ਾਨ ਖ਼ਤਮ ਕਰ ਦਿੱਤੇ ਹਨ ਅਤੇ ਸਰਬਸੰਮਤੀ ਕਰਨ ਵਾਲੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣਨ ਲਈ ਬੋਲੀਆਂ ਲੱਗ ਰਹੀਆਂ ਹਨ। ਗਿੱਦੜਬਾਹਾ ਹਲਕੇ ਦੇ ਇੱਕ ਪਿੰਡ ਦੀ ਵਾਇਰਲ ਵੀਡੀਓ ਨੇ ਸਰਬਸੰਮਤੀ ਦੇ ਇਸ ਰੁਝਾਨ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਵੀਡੀਓ ਵਿੱਚ ਪਿੰਡ ਦੇ ਲੋਕਾਂ ਦੇ ਇਕੱਠ ਵਿੱਚ ਦੋ ਵਿਅਕਤੀ ਖੜ੍ਹੇ ਹੋ ਕੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਲਈ ਬੋਲੀ ਦੇ ਰਹੇ ਹਨ। ਇਨ੍ਹਾਂ ਦੇ ਨਾਮ ਕਥਿਤ ਅਮਰੀਕ ਸਿੰਘ ਤੇ ਅਮਰਜੀਤ ਸਿੰਘ ਦੱਸੇ ਜਾ ਰਹੇ ਹਨ। ਬੋਲੀ 15 ਲੱਖ ਤੋਂ ਸ਼ੁਰੂ ਹੁੰਦੀ ਹੈ ਅਤੇ 35 ਲੱਖ ’ਤੇ ਖ਼ਤਮ ਹੁੰਦੀ ਹੈ। ਆਖ਼ਿਰ ਅਮਰੀਕ ਸਿੰਘ 35 ਲੱਖ 50 ਹਜ਼ਾਰ ਰੁਪਏ ਨਾਲ ਬੋਲੀ ਜਿੱਤ ਜਾਂਦਾ ਹੈ। ਇਹ ਸਾਰੇ ਪੈਸੇ ਪਿੰਡ ਦੇ ਗੁਰਦੁਆਰੇ ਨੂੰ ਦਿੱਤੇ ਜਾਣੇ ਹਨ। ਅਮਰੀਕ ਸਿੰਘ ਦੇ ਮੁਕਾਬਲੇ ’ਚ ਹੁਣ ਕੋਈ ਵਿਅਕਤੀ ਸਰਪੰਚੀ ਦੀ ਚੋਣ ਵਾਸਤੇ ਖੜ੍ਹਾ ਨਹੀਂ ਹੋਵੇਗਾ ਪਰ ਜਿਵੇਂ ਹੀ ਇਹ ਵੀਡੀਓ ਵਾਇਰਲ ਹੁੰਦੀ ਹੈ ਅਤੇ ਬੋਲੀ ਕਰਨ ਤੇ ਬੋਲੀ ਦੇਣ ਵਾਲਿਆਂ ਨੂੰ ਪਤਾ ਚੱਲਦਾ ਹੈ ਕਿ ਬੋਲੀ ਦੇ ਕੇ ਸਰਪੰਚੀ ਲਈ ਸਰਬਸੰਮਤੀ ਕਰਨਾ ਚੋਣ ਨਿਯਮਾਂ ਤੇ ਸੰਵਿਧਾਨ ਦੀ ਉਲਘੰਣਾ ਹੈ ਤਾਂ ਪਿੰਡ ਦੇ ਲੋਕ, ਬੋਲੀ ਕਰਨ ਵਾਲੇ ਅਤੇ ਬੋਲੀ ਵਿੱਚ ਸ਼ਾਮਲ ਵਿਅਕਤੀ ਇਸ ਬਾਰੇ ਕੁਝ ਵੀ ਬੋਲਣ ਤੋਂ ਟਾਲਾ ਵੱਟ ਰਹੇ ਹਨ। ਪਿੰਡ ਦੇ ਕੁਝ ਲੋਕਾਂ ਨੇ ਸਰਪੰਚੀ ਦੀ ਬੋਲੀ ਨੂੰ ਸੱਚੀ ਘਟਨਾ ਦੱਸਿਆ ਹੈ। ਪਿੰਡ ਦੇ ਕੁਝ ਲੋਕਾਂ ਨੇ ਅਜਿਹੇ ਰੁਝਾਨ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਤਾਂ ਸਰਮਾਏਦਾਰ ਹੀ ਸਰਪੰਚ ਬਣਿਆ ਕਰਨਗੇ ਤਾਂ ਆਮ ਆਦਮੀ ਕਿੱਧਰ ਜਾਵੇ? ਸੂਤਰਾਂ ਅਨੁਸਾਰ ਇਸ ਪਿੰਡ ਵਿੱਚ ਪਿਛਲੀਆਂ ਪੰਚਾਇਤ ਚੋਣਾਂ ਵੇਲੇ ਵੀ ਬੋਲੀ ਲੱਗੀ ਸੀ।
ਜਾਣਕਾਰੀ ਅਨੁਸਾਰ ਪਿੰਡ ਕੋਠੇ ਕੇਸਰ ਸਿੰਘ ਅਤੇ ਕੋਠੇ ਬਰੜੇ ਵਾਲੇ ਆਦਿ ਪਿੰਡਾਂ ’ਚ ਵੀ ਬੋਲੀ ਦੀ ਚਰਚਾ ਚੱਲੀ ਸੀ ਪਰ ਹੁਣ ਰੁਕ ਗਈ ਹੈ। ਸੂਤਰਾਂ ਅਨੁਸਾਰ ਪਿੰਡ ਦਾਦੂ ਵਾਲਾ ਮਹੱਲਾ (ਮੱਲਣ) ਵਿਚ ਸਰਪੰਚੀ ਵਾਸਤੇ ਇੱਕ ਵਿਅਕਤੀ ਵੱਲੋਂ 23 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਵੱਡੀ ਗਿਣਤੀ ਵੋਟਰ ਸਹਿਮਤ ਸੀ ਪਰ ਸਿਰਫ਼ ਤਿੰਨ ਵੋਟਰ ਸਹਿਮਤੀ ਨਹੀਂ ਹੋਏ। ਇਸ ਕਰਕੇ ਹੁਣ ਇਥੇ ਚੋਣ ਹੋਵੇਗੀ। ਇਸੇ ਤਰ੍ਹਾਂ ਪਿੰਡ ਦੌਲਾ ਦੇ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਰਬਸੰਮਤੀ ਨਾਲ ਸਰਪੰਚ ਬਣਨ ਲਈ 30 ਲੱਖ ਰੁਪਏ ਦੀ ਰਕਮ ਅਤੇ ਗਰੀਬ ਲੜਕੀਆਂ ਦੇ ਵਿਆਹ ਲਈ 21 ਹਜ਼ਾਰ ਰੁਪਏ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਸਰਪੰਚੀ ਦੀ ਚੋਣ ਵਾਸਤੇ ਸਿਰਫ 40 ਹਜ਼ਾਰ ਰੁਪਏ ਖਰਚਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਗਿੱਦੜਬਾਹਾ ਦੇ ਹਲਕਾ ਇੰਚਾਰਜ ਤੇ ਮਾਰਕੀਟ ਕਮੇਟੀ ਗਿਦੜਬਾਹਾ ਦੇ ਚੇਅਰਮੈਨ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਸਰਬਸੰਮਤੀ ਉਦੋਂ ਤੱਕ ਮੰਨੀ ਜਾ ਸਕਦੀ ਜਦੋਂ ਤੱਕ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਕੰਮ ਦੇ ਜਜ਼ਬੇ ਅਤੇ ਪਿੰਡ ਦੇ ਭਲੇ ਲਈ ਪੱਲਿਓਂ ਪੈਸੇ ਲਾਉਣ ਨੂੰ ਤਿਆਰ ਹੈ ਤਾਂ ਇਸ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਗਰਾਂਟ ਤਾਂ ਲੱਗਣੀ ਹੀ ਹੈ ਪਰ ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਬਸੰਮਤੀ ਵਾਸਤੇ ਸੌ ਫੀਸਦੀ ਵੋਟਰਾਂ ਦਾ ਸਹਿਮਤ ਹੋਣਾ ਜ਼ਰੂਰੀ ਹੈ। ਮੁਕਤਸਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਸਰਪੰਚੀ ਵਾਸਤੇ ਬੋਲੀ ਲਾਉਣ ਦੀ ਵਾਇਰਲ ਵੀਡੀਓ ਦਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਹੈ। ਇਸਦੀ ਪੜਤਾਲ ਕੀਤੀ ਜਾ ਰਹੀ ਹੈ।
ਸਰਪੰਚੀ ਲਈ ਨੌਜਵਾਨ ਵੱਲੋਂ ਦੋ ਏਕੜ ਜ਼ਮੀਨ ਦੇਣ ਦੀ ਪੇਸ਼ਕਸ਼
ਸਾਦਿਕ (ਗੁਰਪ੍ਰੀਤ ਸਿੰਘ): ਸਰਪੰਚੀ ਚੋਣ ਲਈ ਪਿੰਡ ਸਾਦਿਕ ਦੀ ਸੱਥ ਵਿੱਚ ਵੱਡਾ ਇਕੱਠ ਹੋਇਆ। ਕਰੀਬ 6600 ਵੋਟਾਂ ਵਾਲੇ ਪਿੰਡ ’ਚੋਂ ਹਰ ਭਾਈਚਾਰੇ ਦੇ ਲੋਕ ਇਕੱਠੇ ਹੋਏ। ਸਰਪੰਚ ਬਣਨ ਦੇ ਚਾਹਵਾਨ ਅਵਤਾਰ ਸਿੰਘ ਸੰਧੂ (ਆਜ਼ਾਦ) ਨੇ ਆਖਿਆ ਕਿ ਜੇ ਉਸ ਨੂੰ ਮੌਕਾ ਮਿਲਦਾ ਹੈ ਤਾਂ ਆਪਣੀ ਤਿੰਨ ਕਿੱਲੇ ਮਾਲਕੀ ਜ਼ਮੀਨ ਵਿੱਚੋਂ ਦੋ ਕਿੱਲੇ ਪਿੰਡ ਦੇ ਨਾਮ ਲਗਵਾ ਦੇਵੇਗਾ ਜਿਸ ਦੀ ਕੀਮਤ 75 ਤੋਂ 80 ਲੱਖ ਬਣਦੀ ਹੈ। ਇਸ ਦੌਰਾਨ ਚਾਹਵਾਨ ਉਮੀਦਵਾਰ ਡਾ. ਜਗਦੀਸ਼ ਸਿੰਘ ਦੀਸ਼ਾ, ਪਰਗਟ ਸਿੰਘ ਸੰਧੂ, ਹਰਜਿੰਦਰ ਸਿੰਘ ਚੌਹਾਨ, ਬਲਜਿੰਦਰ ਸਿੰਘ ਭੁੱਲਰ (ਸਾਰੇ ‘ਆਪ’) ਨੇ ਆਖਿਆ ਕਿ ਉਹ ਇਮਾਨਦਾਰੀ ਨਾਲ ਪਿੰਡ ਦੇ ਕੰਮ ਕਰਨਗੇ। ‘ਆਪ’ ਦੇ ਨੌਜਵਾਨ ਮਨਦੀਪ ਸਿੰਘ ਭਾਊ ਨੇ ਪਿੰਡ ਅਤੇ ਅੱਡੇ ਦੇ 49 ਵਿਕਾਸ ਕਾਰਜਾਂ ਦਾ ਖਰੜਾ ਪੇਸ਼ ਕੀਤਾ ਅਤੇ ਆਖਿਆ ਕਿ ਜੇ ਪਹਿਲੇ ਸਾਲ ਵਿੱਚ ਇਨ੍ਹਾਂ ਵਿੱਚੋਂ 60 ਫੀਸਦੀ ਕੰਮ ਨਹੀਂ ਹੁੰਦੇ ਤਾਂ ਉਹ ਸਰਪੰਚੀ ਤੋਂ ਅਸਤੀਫ਼ਾ ਦੇ ਦੇਵੇਗਾ। ਸ਼ਿਵਰਾਜ਼ ਸਿੰਘ ਸੰਧੂ (ਅਕਾਲੀ ਦਲ) ਨੇ ਆਖਿਆ ਕਿ ਜੇ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਕਿਸੇ ਉਮੀਦਵਾਰ ਨੂੰ ਸਹਿਮਤੀ ਦਿੰਦਾ ਹੈ ਤਾਂ ਉਹ ਵੀ ਪਿੰਡ ਦੇ ਵਿਕਾਸ ਦੇ ਮੱਦੇਨਜ਼ਰ ਉਸ ਨੂੰ ਸਹਿਮਤੀ ਦੇਣਗੇ। ਜੇ ਸਹਿਮਤੀ ਨਹੀਂ ਹੁੰਦੀ ਤਾਂ ਚੋਣ ਲੜਾਂਗੇ ਅਤੇ ਜਿੱਤਣ ’ਤੇ ਇਮਾਨਦਾਰੀ ਨਾਲ ਕੰਮ ਕਰਾਂਗੇ। ਕਾਗਜ਼ ਰੱਦ ਹੋਣ ਦਾ ਫਿਕਰ ਜ਼ਾਹਿਰ ਕਰਦਿਆਂ ਡੀਟੀਐੱਫ ਆਗੂ ਸੁਖਵਿੰਦਰ ਸਿੰਘ ਸੁੱਖੀ ਨੇ ਆਖਿਆ ਕਿ ਪਿੰਡ ਦੇਸ਼ ਦੀ ਸਭ ਤੋਂ ਛੋਟੀ ਇਕਾਈ ਹੈ ਅਤੇ ਇੱਥੋਂ ਮਜ਼ਬੂਤ ਲੋਕਤੰਤਰ ਦੀ ਨੀਂਹ ਰੱਖੀ ਜਾਂਦੀ ਹੈ। ਜੇ ਕਾਗਜ਼ ਰੱਦ ਕਰ ਕੇ ਧੱਕੇ ਨਾਲ ਸਹਿਮਤੀ ਦੇ ਹਾਲਾਤ ਬਣਦੇ ਹਨ ਤਾਂ ਦੁਬਾਰਾ ਇਕੱਠ ਕੀਤਾ ਜਾਵੇਗਾ। ਅੱਜ ਦੇ ਇਕੱਠ ਵਿੱਚ ਇੱਕ ਉਮੀਦਵਾਰ ਤੋਂ ਬਿਨਾਂ ਕਿਸੇ ਵੀ ਉਮੀਦਵਾਰ ਨੇ ਨਸ਼ੇ ਦੀ ਸਮੱਸਿਆ ਬਾਬਤ ਗੱਲ ਨਹੀਂ ਕੀਤੀ ਨਾ ਹੀ ਕਿਸੇ ’ਤੇ ਸਹਿਮਤੀ ਬਣ ਸਕੀ।