ਬਾਇਡਨ ਤੇ ਸ਼ੀ ਕੋਲ ਸਬੰਧ ਸੁਧਾਰਨ ਦਾ ਚੰਗਾ ਮੌਕਾ: ਸੁਲੀਵਨ
ਵਾਸ਼ਿੰਗਟਨ, 14 ਨਵੰਬਰ
ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁੁਲੀਵਨ ਨੇ ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੇ ਚੀਨ ਦੇ ਹਮਰੁਤਬਾ ਸ਼ੀ ਜਿਨਪਿੰਗ ਵਿਚਾਲੇ ਹੋਣ ਵਾਲੀ ਸਿਖਰ ਵਾਰਤਾ ਤੋਂ ਪਹਿਲਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ‘ਗੁੰਝਲਦਾਰ ਤੇ ਮੁਕਾਬਲੇ ਵਾਲੇ’ ਸਬੰਧਾਂ ਨੂੰ ਚੰਗੀ ਤਰ੍ਹਾਂ ਹੱਲ ਨਾ ਕੀਤਾ ਗਿਆ ਤਾਂ ਅਮਰੀਕਾ ਤੇ ਚੀਨ ਆਸਾਨੀ ਨਾਲ ਸੰਘਰਸ਼ ਵੱਲ ਵੱਧ ਸਕਦੇ ਹਨ। ਬਾਇਡਨ ਤੇ ਸ਼ੀ ਭਲਕੇ ਸਾਂ ਫਰਾਂਸਿਸਕੋ ’ਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੀਈਸੀ) ਲੀਡਰਸ਼ਿਪ ਦੀ ਮੀਟਿੰਗ ਮੌਕੇ ਮੁਲਾਕਾਤ ਕਰਨ ਵਾਲੇ ਹਨ। ਦੋਵੇਂ ਆਗੂ ਆਖਰੀ ਵਾਰ ਨਵੰਬਰ 2022 ਵਿੱਚ ਬਾਲੀ ’ਚ ਹੋਏ ਜੀ-20 ਸਿਖਰ ਸੰਮੇਲਨ ਦੌਰਾਨ ਇੱਕ-ਦੂਜੇ ਨੂੰ ਮਿਲੇ ਸਨ। 80 ਸਾਲਾ ਬਾਇਡਨ ਤੇ 70 ਸਾਲਾ ਸ਼ੀ 2021 ’ਚ ਬਾਇਡਨ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਇੱਕ-ਦੂਜੇ ਨੂੰ ਜਾਣਦੇ ਹਨ। ਸੁਲੀਵਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਕੋਲ ਇਸ ਗੱਲ ’ਤੇ ਚਰਚਾ ਕਰਨ ਦਾ ਮੌਕਾ ਹੈ ਕਿ ਉਹ ਤਾਇਵਾਨ ’ਚ ਸ਼ਾਂਤੀ ਤੇ ਸਥਿਰਤਾ ਨੂੰ ਅਸਰਦਾਰ ਢੰਗ ਨਾਲ ਕਿਵੇਂ ਲਿਆਉਂਦੇ ਹਨ। ਦੋਵਾਂ ਧਿਰਾਂ ਵਿਚਾਲੇ ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਦੀਆਂ ਹਮਲਾਵਰ ਕਾਰਵਾਈਆਂ ਬਾਰੇ ਵੀ ਚਰਚਾ ਹੋਣ ਦੀ ਉਮੀਦ ਹੈ। ਸੁਲੀਵਨ ਨੇ ਕਿਹਾ ਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਗੁੰਝਲਦਾਰ ਤੇ ਮੁਕਾਬਲੇ ਵਾਲਾ ਰਿਸ਼ਤਾ ਜੇਕਰ ਚੰਗੀ ਤਰ੍ਹਾਂ ਸੁਲਝਾਇਆ ਨਾ ਗਿਆ ਤਾਂ ਦੋਵੇਂ ਧਿਰਾਂ ਸੰਘਰਸ਼ ਜਾਂ ਟਕਰਾਅ ਵੱਲ ਜਾ ਸਕਦੀਆਂ ਹਨ। -ਪੀਟੀਆਈ