ਬਿਡੇਨ ਨੂੰ ਡੈਮੋਕਰੈਟਾਂ ਨੇ ਅਧਿਕਾਰਤ ਤੌਰ ’ਤੇ ਉਮੀਦਵਾਰ ਚੁਣਿਆ
ਵਾਸ਼ਿੰਗਟਨ, 19 ਅਗਸਤ
ਡੈਮੋਕਰੈਟਾਂ ਨੇ ਜੋਅ ਬਿਡੇਨ ਨੂੰ ਅਧਿਕਾਰਤ ਤੌਰ ’ਤੇ ਪਾਰਟੀ ਦਾ ਰਾਸ਼ਟਰਪਤੀ ਉਮੀਦਵਾਰ ਐਲਾਨ ਦਿੱਤਾ ਹੈ। ਕਈ ਤਜਰਬੇਕਾਰ ਅਤੇ ਬਜ਼ੁਰਗ ਰਾਜਸੀ ਆਗੂਆਂ ਨੇ ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਬਿਡੇਨ ਨੂੰ ਮੌਜੂਦਾ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੁਣੌਤੀ ਦੇਣ ਦੇ ਸਮਰੱਥ ਗਰਦਾਨਿਆ ਹੈ। ਉਨ੍ਹਾਂ ਕਿਹਾ ਕਿ ਆਗੂ ਵਜੋਂ ਬਿਡੇਨ ਕਾਫ਼ੀ ਗੁਣੀ ਹਨ। ਦੋ ਸਾਬਕਾ ਡੈਮੋਕ੍ਰੈਟਿਕ ਰਾਸ਼ਟਰਪਤੀਆਂ- ਬਿਲ ਕਲਿੰਟਨ ਤੇ ਜਿਮੀ ਕਾਰਟਰ, ਸਾਬਕਾ ਵਿਦੇਸ਼ ਮੰਤਰੀ ਜੌਹਨ ਕੈਰੀ ਨੇ ਬਿਡੇਨ ਦੀ ਹਮਾਇਤ ਕੀਤੀ ਹੈ। ਰਿਪਬਲਿਕਨ ਧਿਰ ਦੇ ਸਾਬਕਾ ਵਿਦੇਸ਼ ਮੰਤਰੀ ਕੋਲਿਨ ਪੋਵੈਲ ਨੇ ਵੀ ਬਿਡੇਨ ਨੂੰ ਉਮੀਦਵਾਰ ਵਜੋਂ ਸਹੀ ਚੋਣ ਦੱਸਿਆ ਹੈ। ਬਿਡੇਨ (77) ਹੁਣ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੈਟ ਉਮੀਦਵਾਰ ਹਨ। 50 ਸੂਬਿਆਂ ਦੀ ਪਹਿਲਾਂ ਤੋਂ ਰਿਕਾਰਡ ਰੋਲ ਕਾਲ ਵੋਟ ਵਿਚ ਉਨ੍ਹਾਂ ਨੂੰ ਉਮੀਦਵਾਰ ਚੁਣਿਆ ਗਿਆ ਹੈ। ਬਿਡੇਨ ਨੇ ਕਿਹਾ ਕਿ ‘ਮੇਰੇ ਅਤੇ ਮੇਰੇ ਪਰਿਵਾਰ ਲਈ ਇਹ ਬਹੁਤ ਵੱਡੀ ਗੱਲ ਹੈ।’ ਇਹ ਸ਼ਬਦ ਉਨ੍ਹਾਂ ਚਾਰ ਦਿਨ ਚੱਲੀ ਡੈਮੋਕ੍ਰੈਟਿਕ ਕੌਮੀ ਕਨਵੈਨਸ਼ਨ ਦੇ ਆਖ਼ਰੀ ਦਿਨ ਕਹੇ। ਕਨਵੈਨਸ਼ਨ ਆਨਲਾਈਨ ਹੀ ਕੀਤੀ ਗਈ ਸੀ। ਬਿਡੇਨ ਦੀ ਪਤਨੀ ਜਿਲ ਨੇ ਕਿਹਾ ਕਿ ਅਮਰੀਕਾ ਦਾ ਦਿਲ ਹਾਲੇ ਵੀ ਦਿਆਲਤਾ ਤੇ ਹਿੰਮਤ ਨਾਲ ਧੜਕਦਾ ਹੈ। ਅਮਰੀਕਾ ਦੀ ਇਸੇ ਰੂਹ ਲਈ ਬਿਡੇਨ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਮਹਾਮਾਰੀ ਤੇ ਆਰਥਿਕ ਸੰਕਟ ਨਾਲ ਝੰਬੇ ਮੁਲਕ ਨੂੰ ਬਿਡੇਨ ਯੋਗ ਅਗਵਾਈ ਦੇਣਗੇ। -ਪੀਟੀਆਈ
ਟਰੰਪ ਤੇ ਬਿਡੇਨ ਨੇ ਹਿੰਦੂਆਂ ਤੋਂ ਸਹਿਯੋਗ ਮੰਗਿਆ
ਰਾਸ਼ਟਰਪਤੀ ਚੋਣ ਲਈ ਊਮੀਦਵਾਰ ਡੋਨਲਡ ਟਰੰਪ ਅਤੇ ਜੋਅ ਬਿਡੇਨ ਵਲੋਂ ਆਪੋ-ਆਪਣੀਆਂ ਪ੍ਰਚਾਰ ਮੁਹਿੰਮਾਂ ਵਿੱਚ ਹਿੰਦੂ ਭਾਈਚਾਰੇ ਦਾ ਸਹਿਯੋਗ ਲਿਆ ਜਾ ਰਿਹਾ ਹੈ, ਜਿਸ ਤੋਂ ਅਮਰੀਕਾ ਵਿੱਚ ਇਸ ਘੱਟ ਗਿਣਤੀ ਧਾਰਮਿਕ ਭਾਈਚਾਰੇ ਦੀ ਵਧ ਰਹੀ ਸਿਆਸੀ ਮਹੱਤਤਾ ਸਾਹਮਣੇ ਆਉਂਦੀ ਹੈ। ਅਮਰੀਕਾ ਵਿੱਚ ਹਿੰਦੂਤਵ ਚੌਥਾ ਵੱਡਾ ਧਾਰਮਿਕ ਭਾਈਚਾਰਾ ਹੈ ਅਤੇ ਸਾਲ 2016 ਵਿੱਚ ਇਹ ਅਮਰੀਕੀ ਅਬਾਦੀ ਦਾ ਲਗਭਗ ਇੱਕ ਫ਼ੀਸਦ ਸੀ। ਟਰੰਪ ਦੀ ਪ੍ਰਚਾਰ ਮੁਹਿੰਮ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਕਿ ਡੋਨਲਡ ਟਰੰਪ ਦੇ ਮੁੜ ਰਾਸ਼ਟਰਪਤੀ ਬਣਨ ਦੀ ਸੂਰਤ ਵਿੱਚ ਅਮਰੀਕਾ ਵਿੱਚ ਹਿੰਦੂਆਂ ਲਈ ‘ਧਾਰਮਿਕ ਆਜ਼ਾਦੀ ਵਿਚ ਅੜਿੱਕਿਆਂ ਨੂੰ ਘਟਾਇਆ ਜਾਵੇਗਾ’ ਜਦਕਿ ਬਿਡੇਨ ਦੀ ਪ੍ਰਚਾਰ ਮੁਹਿੰਮ ਵਿੱਚ ਕਿਹਾ ਜਾ ਰਿਹਾ ਹੈ ਕਿ ਬਿਡੇਨ ਵਲੋਂ ਹਿੰਦੂ ਭਾਈਚਾਰੇ ਦੇ ਲੋਕਾਂ ਤੱਕ ਪਹੁੰਚ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਕਲਿੰਟਨ ਵਲੋਂ ਟਰੰਪ ’ਤੇ ਤਿੱਖੇ ਹਮਲੇ
ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਡੋਨਲਡ ਟਰੰਪ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੇ ਇਸ ਸਮੇਂ ਵਿੱਚ ਜਦੋਂ ਓਵਲ ਆਫਿਸ ਨੂੰ ‘ਕਮਾਂਡ ਕੇਂਦਰ’ ਹੋਣਾ ਚਾਹੀਦਾ ਸੀ, ਊਸ ਵੇਲੇ ਇਹ ਹਫ਼ੜਾ-ਦਫੜੀ ਵਾਲਾ ‘ਤੂਫ਼ਾਨ ਕੇਂਦਰ’ ਬਣਿਆ ਹੋਇਆ ਹੈ। ਊਨ੍ਹਾਂ ਕਿਹਾ ਕਿ ਟਰੰਪ ਲਈ ਰਾਸ਼ਟਰਪਤੀ ਬਣਨ ਦਾ ਅਰਥ ਘੰਟਿਆਂ ਬੱਧੀ ਬੈਠ ਕੇ ਟੀਵੀ ਦੇਖਣਾ ਤੇ ਸੋਸ਼ਲ ਮੀਡੀਆ ’ਤੇ ਲੋਕਾਂ ਊੱਪਰ ‘ਹਮਲੇ’ ਕਰਨਾ ਹੈ। ਊਹ ਕਦੇ ਵੀ ਆਪਣੀਆਂ ਕਾਰਵਾਈਆਂ ਲਈ ਜ਼ਿੰਮੇਵਾਰੀ ਨਹੀਂ ਲੈਂਦੇ।