ਬਾਇਡਨ-ਸ਼ੀ ਵਾਰਤਾ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਸ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਵਿਚਕਾਰ ਸਾਂ ਫਰਾਂਸਿਸਕੋ ਵਿਚ ਚਾਰ ਘੰਟੇ ਗੱਲਬਾਤ ਹੋਈ। ਇਹ ਗੱਲਬਾਤ ਏਸ਼ੀਆ-ਪੈਸੇਫਿਕ ਆਰਥਿਕ ਸਹਿਯੋਗ ਸਿਖਰ ਸੰਮੇਲਨ ਦੇ ਚੱਲਦਿਆਂ ਹੋਈ ਜਿਸ ਵਿਚ ਅਮਰੀਕਾ ਤੇ ਚੀਨ ਸਮੇਤ 21 ਦੇਸ਼ ਹਿੱਸਾ ਲੈ ਰਹੇ ਹਨ। ਮੀਟਿੰਗ ਤੋਂ ਇਹ ਸੰਕੇਤ ਮਿਲਦੇ ਹਨ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਆਰਥਿਕ ਸ਼ਕਤੀਆਂ ਦੇ ਸਬੰਧ ਵਿਚ ਠਹਿਰਾਅ ਆ ਰਿਹਾ ਹੈ; ਅਜਿਹਾ ਠਹਿਰਾਅ ਜ਼ਰੂਰੀ ਵੀ ਸੀ। ਮੀਟਿੰਗ ਵਿਚ ਦੋਵੇਂ ਆਗੂ ਆਪਸ ਵਿਚ ਹਾਟ ਲਾਈਨ ’ਤੇ ਗੱਲਬਾਤ ਕਰਨ ਅਤੇ ਦੋਵਾਂ ਦੇਸ਼ਾਂ ਦੇ ਫ਼ੌਜੀ ਹੈਡਕੁਆਰਟਰਾਂ ਵਿਚਕਾਰ ਸੰਚਾਰ ਸਬੰਧ ਬਹਾਲ ਕਰਨ ਲਈ ਸਹਿਮਤ ਹੋ ਗਏ। ਮੀਟਿੰਗ ਤੋਂ ਬਾਅਦ ਜੋਅ ਬਾਇਡਨ ਨੇ ਕਿਹਾ, ‘‘ਅਮਰੀਕਾ ਚੀਨ ਦਾ ਪੂਰੇ ਜ਼ੋਰ ਨਾਲ ਮੁਕਾਬਲਾ ਕਰਦਾ ਰਹੇਗਾ ਪਰ ਇਹ ਮੁਕਾਬਲਾ ਜ਼ਿੰਮੇਵਾਰੀ ਨਾਲ ਕੀਤਾ ਜਾਵੇਗਾ ਤਾਂ ਜੋ ਕਿਤੇ ਵੀ ਕੋਈ ਬਿਖੇੜਾ ਜਾਂ ਕਿਸੇ ਹਾਦਸੇ ਕਾਰਨ ਵੀ ਬਿਖੇੜਾ ਪੈਦਾ ਨਾ ਹੋਵੇ।’’ ਸ਼ੀ ਨੇ ਵੀ ਸਹਿਮਤੀ ਵਾਲੀ ਸੁਰ ਅਪਣਾਉਂਦਿਆਂ ਕਿਹਾ ਕਿ ਦੁਨੀਆ ਦੀ ਜ਼ਰੂਰਤ ਹੈ ਕਿ ਚੀਨ ਤੇ ਅਮਰੀਕਾ ਰਲ ਕੇ ਕੰਮ ਕਰਨ। ਸ਼ੀ ਅਨੁਸਾਰ ‘‘ਚੀਨ ਨੂੰ ਖ਼ਤਰਾ ਸਮਝਣਾ ਅਤੇ ਇਸ (ਚੀਨ) ਵਿਰੁੱਧ ਅਰਥਹੀਣ ਖੇਡਾਂ ਖੇਡਣਾ ਗ਼ਲਤ ਹੋਵੇਗਾ।’’
ਫਰਵਰੀ ਵਿਚ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਵਿਚ ਵੱਡੀ ਗਿਰਾਵਟ ਉਦੋਂ ਆਈ ਜਦੋਂ ਅਮਰੀਕਾ ਨੇ ਚੀਨ ਦੇ ਇਕ ਜਾਸੂਸੀ ਗੁਬਾਰੇ ਨੂੰ ਡੇਗ ਲਿਆ ਸੀ। ਇਸ ਤੋਂ ਬਾਅਦ ਅਮਰੀਕਾ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਦੇ ਤਾਇਵਾਨ ਦਾ ਦੌਰਾ ਕਰਨ ਨਾਲ ਸਬੰਧ ਹੋਰ ਵਿਗੜੇ ਸਨ। ਤਾਇਵਾਨ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਤਣਾਉ ਹਮੇਸ਼ਾ ਬਣਿਆ ਰਿਹਾ ਹੈ। ਇਸ ਦੇ ਬਾਵਜੂਦ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧ ਵਧੇ-ਫੁੱਲੇ ਹਨ ਅਤੇ ਹੁਣ ਹੋਈ ਗੱਲਬਾਤ ਇਹ ਦਿਖਾਉਂਦੀ ਹੈ ਕਿ ਦੋਵੇਂ ਦੇਸ਼ ਆਪਸੀ ਵਖਰੇਵਿਆਂ ਬਾਰੇ ਸਪੱਸ਼ਟਤਾ ਨਾਲ ਗੱਲ ਕਰ ਰਹੇ ਹਨ। ਬਾਇਡਨ ਅਨੁਸਾਰ ਉਸ ਨੇ ਚੀਨ ਦੇ ਹਾਂਗ ਕਾਂਗ, ਤਿੱਬਤ ਤੇ ਕਈ ਹੋਰ ਖੇਤਰਾਂ ਵਿਚ ਮਨੁੱਖੀ ਅਧਿਕਾਰਾਂ ਦਾ ਮਸਲਾ ਵੀ ਉਠਾਇਆ। ਬਾਇਡਨ ਦੀ ਪ੍ਰੈਸ ਨਾਲ ਗੱਲਬਾਤ ਵਿਚ ਅਮਰੀਕਾ ਦੀ ਇਕ-ਪਾਸੜ ਪਹੁੰਚ ਦਾ ਵੀ ਪਤਾ ਲੱਗਦਾ ਹੈ; ਉਸ ਨੇ ਰੂਸ ਦੇ ਯੂਕਰੇਨ ’ਤੇ ਹਮਲੇ ਨੂੰ ਜਾਬਰਾਨਾ ਹਮਲਾ ਦੱਸਿਆ ਜਦੋਂਕਿ ਇਜ਼ਰਾਈਲ ਦੇ ਗਾਜ਼ਾ ’ਤੇ ਹਮਲੇ ਨੂੰ ਮਹਜਿ਼ ਬਖੇੜਾ ਜਾਂ ਲੜਾਈ (Conflict) ਕਿਹਾ।
ਅਮਰੀਕਾ ਤੇ ਚੀਨ ਆਪਸੀ ਸਬੰਧ ਸੁਧਾਰਨ ਤੇ ਤਣਾਉ ਘਟਾਉਣ ਲਈ ਵਿਹਾਰਕ ਪਹੁੰਚ ਅਪਣਾ ਰਹੇ ਹਨ। ਉਨ੍ਹਾਂ ਨੂੰ ਆਪਣੇ ਵਖਰੇਵਿਆਂ ਦਾ ਪਤਾ ਹੈ ਪਰ ਉਹ ਸਾਂਝੀ ਜ਼ਮੀਨ ਤਲਾਸ਼ ਕਰਨ ਦੇ ਆਹਰ ਵਿਚ ਵੀ ਹਨ। ਇਹ ਭਾਰਤ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਭਾਰਤ-ਚੀਨ ਸਰਹੱਦ ’ਤੇ ਤਣਾਉ ਬਣਿਆ ਹੋਇਆ ਹੈ। ਭਾਰਤ ਦੇ ਅਮਰੀਕਾ ਨਾਲ ਸਬੰਧ ਸੁਧਰੇ ਹਨ; ਚੀਨ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਗੁਆਂਢੀਆਂ ਨਾਲ ਅਮਨ-ਸ਼ਾਂਤੀ ਨਾਲ ਰਹੇ। ਚੀਨ ਏਸ਼ੀਆ ਤੇ ਅਫਰੀਕਾ ਦੇ ਦੇਸ਼ਾਂ ਵਿਚ ਆਪਣਾ ਪ੍ਰਭਾਵ ਤੇਜ਼ੀ ਨਾਲ ਵਧਾ ਰਿਹਾ ਹੈ। ਉਸ ਨੇ ਇਨ੍ਹਾਂ ਦੇਸ਼ਾਂ ਵਿਚ ਵੱਡੀ ਪੱਧਰ ’ਤੇ ਨਿਵੇਸ਼ ਕੀਤਾ ਹੈ ਅਤੇ ਉਨ੍ਹਾਂ ਨੂੰ ਲੰਮੇ ਸਮੇਂ ਵਾਲੇ ਕਰਜ਼ੇ ਦਿੱਤੇ ਹਨ। ਅਫਰੀਕਾ ਦੇ ਦੇਸ਼ਾਂ ਵਿਚ ਇਹ ਪ੍ਰਭਾਵ ਵੀ ਗਿਆ ਹੈ ਕਿ ਚੀਨ ਉਨ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਵਿਚ ਸਹਾਇਤਾ ਕਰ ਰਿਹਾ ਹੈ ਜਦੋਂਕਿ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਕੁਦਰਤੀ ਖਜ਼ਾਨਿਆਂ ਦੀ ਲੁੱਟ ਵੱਲ ਸੇਧਿਤ ਹੁੰਦੀਆਂ ਹਨ। ਅਮਰੀਕਾ ਨੂੰ ਚੀਨ ਦੇ ਵਧਦੇ ਪ੍ਰਭਾਵ ਬਾਰੇ ਚਿੰਤਾ ਹੈ ਪਰ ਦੋਹਾਂ ਦੇਸ਼ਾਂ ਦੇ ਅਰਥਚਾਰਿਆਂ ਦੀ ਦਿਸ਼ਾ ਅਜਿਹੀ ਹੈ ਕਿ ਆਪਸੀ ਸਹਿਯੋਗ ਬਿਨਾ ਦੋਵਾਂ ਵਿਚੋਂ ਕਿਸੇ ਦਾ ਵੀ ਗੁਜ਼ਾਰਾ ਨਹੀਂ। ਇਹ ਮੀਟਿੰਗ ਇਹ ਵੀ ਦਰਸਾਉਂਦੀ ਹੈ ਕਿ ਵਿਸ਼ਵੀਕਰਨ ਦੇ ਇਸ ਦੌਰ ਵਿਚ ਸਾਰੇ ਦੇਸ਼ ਇਕ ਦੂਸਰੇ ਨਾਲ ਡੂੰਘੇ ਵਪਾਰਕ ਸੂਤਰਾਂ ਵਿਚ ਬੱਝੇ ਹੋਏ ਹਨ।