ਬਾਇਡਨ ਵੱਲੋਂ ਹਿਲੇਰੀ ਕਲਿੰਟਨ, ਜੌਰਜ ਸੋਰੋਸ, ਲਿਓਨਲ ਮੈਸੀ ਦਾ ਅਮਰੀਕਾ ਦੇ ਸਿਖਰਲੇ ਨਾਗਰਿਕ ਪੁਰਸਕਾਰ ਨਾਲ ਸਨਮਾਨ
ਵਾਸ਼ਿੰਗਟਨ, 5 ਜਨਵਰੀ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ, ਫੁਟਬਾਲ ਸੁਪਰਸਟਾਰ ਲਾਇਨਲ ਮੈਸੀ, ਵਿਵਾਦਤ ਸਮਾਜਸੇਵੀ ਜੌਰਜ ਸੋਰੋਸ ਤੇ ਅਦਾਕਾਰ ਡੈਂਜ਼ਲ ਵਾਸ਼ਿੰਗਟਨ ਸਣੇ ਕੁੱਲ 19 ਵਿਅਕਤੀਆਂ ਦਾ ਦੇਸ਼ ਦੇ ਸਿਖਰਲੇ ਨਾਗਰਿਕ ਪੁਰਸਕਾਰ ‘ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫਰੀਡਮ’ ਨਾਲ ਸਨਮਾਨ ਕੀਤਾ ਹੈ। ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਅਮਰੀਕਾ ਦੀ ਖੁ਼ਸ਼ਹਾਲੀ, ਉਸ ਦੀਆਂ ਕਦਰਾਂ ਕੀਮਤਾਂ ਤੇ ਆਲਮੀ ਸ਼ਾਂਤੀ ਨੂੰ ਵਧਾਉਣ ਵਿਚ ਅਹਿਮ ਯੋਗਦਾਨ ਪਾਇਆ ਹੋਵੇ ਜਾਂ ਫਿਰ ਜਨਤਕ ਜਾਂ ਨਿੱਜੀ ਖੇਤਰ ਵਿਚ ਅਹਿਮ ਕੰਮ ਕੀਤੇ ਹੋਣ। ਅਰਜਨਟੀਨਾ ਦਾ ਫੁਟਬਾਲ ਖਿਡਾਰੀ ਲਾਇਨਲ ਮੈਸੀ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮਾਂ ਕਰਕੇ ਇਹ ਪੁਰਸਕਾਰ ਲੈਣ ਲਈ ਵ੍ਹਾਈਟ ਹਾਊਸ ਵਿਚ ਨਿੱਜੀ ਰੂਪ ਵਿਚ ਮੌਜੂਦ ਨਹੀਂ ਸੀ। ਬਾਇਡਨ ਨੇ ਵ੍ਹਾਈਟ ਹਾਊਸ ਦੇ ਈਸਟ ਰੂਮ ਵਿਚ ਰੱਖੇ ਸਮਾਗਮ ਦੌਰਾਨ ਕਿਹਾ, ‘‘ਮੈਨੂੰ ਰਾਸ਼ਟਰਪਤੀ ਵਜੋਂ ਆਖਰੀ ਵਾਰ ਦੇਸ਼ ਦੇ ਸਰਬਉੱਚ ਨਾਗਰਿਕ ਸਨਮਾਨ ਨਾਲ ਅਸਧਾਰਨ ਲੋਕਾਂ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਿਆ ਹੈ। ਅਜਿਹੇ ਲੋਕ ਜਿਨ੍ਹਾਂ ਅਮਰੀਕਾ ਦੇ ਸਭਿਆਚਾਰ ਤੇ ਟੀਚੇ ਨੂੰ ਆਕਾਰ ਦੇਣ ਵਿਚ ਯੋਗਦਾਨ ਪਾਇਆ।’’ ਸਮਾਗਮ ਵਿਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਰੱਖਿਆ ਮੰਤਰੀ ਲਾਇਡ ਆਸਟਿਨ, ਕਈ ਮੰਤਰੀ ਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ। -ਪੀਟੀਆਈ