Biden assures peaceful transfer of power ਮੈਂ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜਨਵਰੀ ’ਚ ਸ਼ਾਂਤੀ ਨਾਲ ਸੱਤਾ ਸੌਂਪਣ ਦਾ ਭਰੋਸਾ ਦਿੱਤਾ: ਬਾਇਡਨ
ਵਾਸ਼ਿੰਗਟਨ, 7 ਨਵੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜਨਵਰੀ ਵਿੱਚ ਸ਼ਾਂਤੀ ਨਾਲ ਸੱਤਾ ਸੌਂਪਣ ਦਾ ਭਰੋਸਾ ਦਿਵਾਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਕਰਨ। ਡੋਨਲਡ ਟਰੰਪ (78) ਵੱਲੋਂ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਹਾਸਲ ਕੀਤੇ ਜਾਣ ਤੋਂ ਇਕ ਦਿਨ ਬਾਅਦ ਬਾਇਡਨ ਨੇ ਦੋਸ਼ ਵਾਸੀਆਂ ਨੂੰ ਕੀਤੇ ਸੰਬੋਧਨ ਦੌਰਾਨ ਇਹ ਟਿੱਪਣੀਆਂ ਕੀਤੀਆਂ।
ਉਨ੍ਹਾਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਤੁਸੀਂ ਭਾਵੇਂ ਕਿਸੇ ਨੂੰ ਵੀ ਵੋਟ ਦਿਓ, ਤੁਹਾਨੂੰ ਇਕ-ਦੂਜੇ ਨੂੰ ਵਿਰੋਧੀ ਦੇ ਰੂਪ ਵਿੱਚ ਨਹੀਂ ਬਲਕਿ ਸਾਥੀ ਅਮਰੀਕੀ ਵਜੋਂ ਦੇਖਣਾ ਚਾਹੀਦਾ ਹੈ।’’ ਬਾਇਡਨ ਨੇ ਕਿਹਾ ਕਿ ਕਮਲਾ ਹੈਰਿਸ ਨੇ ਇਕ ਪ੍ਰੇਰਣਾਦਾਇਕ ਚੋਣ ਪ੍ਰਚਾਰ ਕੀਤਾ।
ਉਨ੍ਹਾਂ ਕਿਹਾ, ‘‘ਅਸੀਂ ਜੋ ਹਾਸਲ ਕੀਤਾ ਹੈ ਉਸ ਨੂੰ ਨਾ ਭੁੱਲੋ। ਅਸੀਂ ਅਮਰੀਕਾ ਨੂੰ ਦੁਨੀਆ ਦੇ ਸਭ ਤੋਂ ਮਜ਼ਬੂਤ ਅਰਥਚਾਰੇ ਵਜੋਂ ਛੱਡ ਕੇ ਸੱਤਾ ਤੋਂ ਜਾ ਰਹੇ ਹਾਂ।’’ ਬਾਇਡਨ ਨੇ ਇਹ ਟਿੱਪਣੀਆਂ ਅਜਿਹੇ ਸਮੇਂ ਵਿੱਚ ਕੀਤੀਆਂ ਹਨ ਜਦੋਂ ਰਾਸ਼ਟਰਪਤੀ ਅਹੁਦੇ ਦੀ ਚੋਣ ਦੇ ਸਖ਼ਤ ਮੁਕਾਬਲੇ ਦੇ ਨਤੀਜੇ ਆਉਣ ਤੋਂ ਬਾਅਦ ਦੋ ਸਮੂਹਾਂ ਵਿੱਚ ਵੰਡਿਆ ਦਿਖ ਰਿਹਾ ਹੈ। -ਪੀਟੀਆਈ