ਹਮਲੇ ਲਈ ਬਾਇਡਨ ਤੇ ਹੈਰਿਸ ਜ਼ਿੰਮੇਵਾਰ: ਟਰੰਪ
ਨਿਊਯਾਰਕ, 17 ਸਤੰਬਰ
ਡੋਨਾਲਡ ਟਰੰਪ ਨੇ ਅੱਜ ਬਿਨਾਂ ਸਬੂਤਾਂ ਦੇ ਦਾਅਵਾ ਕੀਤਾ ਕਿ ਉਨ੍ਹਾਂ ’ਤੇ ਪਿੱਛੇ ਜਿਹੇ ਹੋਏ ਹਮਲੇ ਲਈ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀਆਂ ਟਿੱਪਣੀਆਂ ਜ਼ਿੰਮੇਵਾਰ ਹਨ, ਜੋ ਉਨ੍ਹਾਂ (ਟਰੰਪ) ਨੂੰ ਲੋਕਤੰਤਰ ਲਈ ਖਤਰਾ ਦਸਦੇ ਹਨ। ਉਨ੍ਹਾਂ ਕਿਹਾ ਕਿ ਬਾਇਡਨ ਤੇ ਹੈਰਿਸ ਦਾ ਪਹਿਲਾਂ ਵੀ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਟਿੱਪਣੀਆਂ ਕਰਨ ਅਤੇ ਉਨ੍ਹਾਂ ਨੂੰ ਜੇਲ੍ਹਾਂ ’ਚ ਭੇਜਣ ਜਾਂ ਉਨ੍ਹਾਂ ਖ਼ਿਲਾਫ਼ ਕੇਸ ਚਲਾਉਣ ਦਾ ਇਤਿਹਾਸ ਰਿਹਾ ਹੈ।
ਚੋਣਾਂ ’ਚ ਹੁਣ ਸਿਰਫ਼ 50 ਦਿਨ ਬਚੇ ਹਨ ਅਤੇ ਕੁਝ ਥਾਵਾਂ ’ਤੇ ਮੁੱਢਲੇ ਬੈਲੇਟ ਪੇਪਰ ਪਹਿਲਾਂ ਹੀ ਭੇਜੇ ਜਾ ਚੁੱਕੇ ਹਨ। ਇਸ ਸਾਲ ਰਾਸ਼ਟਰਪਤੀ ਚੋਣਾਂ ਲਈ ਮੁਹਿੰਮ ਲੰਘੇ ਐਤਵਾਰ ਨੂੰ ਟਰੰਪ ’ਤੇ ਹੋਏ ਹਮਲੇ ਤੋਂ ਪਹਿਲਾਂ ਵੀ ਅਮਰੀਕੀ ਇਤਿਹਾਸ ’ਚ ਸਭ ਤੋਂ ਉੱਥਲ ਪੁੱਥਲ ਵਾਲਾ ਰਿਹਾ ਹੈ। ਫਲੋਰੀਡਾ ’ਚ ਵਾਪਰੀ ਘਟਨਾ ਮਗਰੋਂ ਟਰੰਪ ਸੁਰੱਖਿਅਤ ਸਨ ਅਤੇ ਉਨ੍ਹਾਂ ਆਪਣੀ ਸੁਰੱਖਿਆ ਲਈ ਸੀਕਰੇਟ ਸਰਵਿਸ ਦੀ ਸ਼ਲਾਘਾ ਕੀਤੀ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਉਨ੍ਹਾਂ (ਬਾਇਡਨ ਤੇ ਹੈਰਿਸ) ਦੀ ਬਿਆਨਬਾਜ਼ੀ ਮੈਨੂੰ ਗੋਲੀ ਮਾਰਨ ਲਈ ਮਜਬੂਰ ਕਰ ਰਹੀ ਹੈ, ਜਦਕਿ ਮੈਂ ਉਹ ਹਾਂ ਜੋ ਦੇਸ਼ ਨੂੰ ਬਚਾਅ ਰਿਹਾ ਹਾਂ।’ ਰਿਪਬਲਿਕਨ ਆਗੂ ਤੇ ਸਾਬਕਾ ਰਾਸ਼ਟਰਪਤੀ ’ਤੇ ਲੰਘੇ ਜੁਲਾਈ ਮਹੀਨੇ ਵੀ ਰੈਲੀ ਦੌਰਾਨ ਹਮਲਾ ਹੋਇਆ ਸੀ -ਏਪੀ