ਕਾਂਗਰਸ ਦੇ ਰਾਜ ਵਿੱਚ ਲੱਗਦੀ ਸੀ ਨੌਕਰੀਆਂ ਲਈ ਬੋਲੀ: ਨਾਇਬ ਸੈਣੀ
ਮਹਾਂਵੀਰ ਮਿੱਤਲ
ਜੀਂਦ, 1 ਸਤੰਬਰ
ਇੱਥੇ ਏਕਲਵਯ ਸਟੇਡੀਅਮ ਵਿੱਚ ਭਾਜਪਾ ਦੀ ਜਨ ਆਸ਼ੀਰਵਾਦ ਰੈਲੀ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਜਨ ਨਾਇਕ ਜਨਤਾ ਪਾਰਟੀ (ਜਜਪਾ) ਦੇ ਤਿੰਨ ਵਿਧਾਇਕ ਰਾਮ ਕੁਮਾਰ ਗੌਤਮ, ਅਨੂਪ ਧਾਨਕ ਤੇ ਜੋਗੀ ਰਾਮ ਸਿਹਾਗ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਅੰਬਾਲਾ ਦੀ ਮੇਅਰ ਸ਼ਕਤੀ ਰਾਣੀ ਸ਼ਰਮਾ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ। ਰੈਲੀ ਵਿੱਚ ਅਮਿਤ ਸ਼ਾਹ ਅਤੇ ਮਨੋਹਰ ਲਾਲ ਖੱਟਰ ਨਾ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਕਾਂਗਰਸ ਝੂਠ ਬੋਲਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਨਾ ਨੀਤੀ ਹੈ, ਨਾ ਨੀਅਤ ਹੈ ਅਤੇ ਨਾ ਹੀ ਅਗਵਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 10 ਸਾਲਾਂ ਦਾ ਹਿਸਾਬ ਮੰਗਣ ਦਾ ਇੱਕ ਅਭਿਆਨ ਚਲਾਇਆ ਹੋਇਆ ਹੈ। ਇਸ ਤਹਿਤ ਜਦੋਂ ਉਨ੍ਹਾਂ ਕਾਂਗਰਸ ਤੋਂ 10 ਸਾਲਾਂ ਦਾ ਹਿਸਾਬ ਮੰਗਣ ਲਈ 10 ਸੁਆਲ ਪੁੱਛੇ ਤਾਂ ਉਹ ਕੋਈ ਜਵਾਬ ਨਾ ਦੇ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਨੌਕਰੀਆਂ ਦੀ ਬੋਲੀ ਲਗਦੀ ਸੀ, ਤਬਾਦਲਿਆਂ ਵਿੱਚ ਪੈਸਿਆਂ ਦਾ ਲੈਣ ਦੇਣ ਹੁੰਦਾ ਸੀ, ਸੀਐੱਲਯੂ ਦੇ ਨਾਮ ’ਤੇ ਲੋਕਾਂ ਨੂੰ ਲੁੱਟਿਆ ਜਾਂਦਾ ਸੀ ਪਰ ਹੁਣ ਪਿਛਲੇ 10 ਸਾਲਾਂ ਤੋਂ ਭਾਜਪਾ ਦੀ ਸਰਕਾਰ ਦੇ ਕਾਰਜਕਾਲ ਵਿੱਚ ਪਾਰਦਰਸ਼ੀ ਅਤੇ ਯੋਗਤਾ ਦੇ ਅਧਾਰ ਉੱਤੇ ਕੰਮ ਹੋਏ। ਉਨ੍ਹਾਂ ਕਿਹਾ ਕਿ ਭਾਜਪਾ 85 ਤੋਂ ਵੱਧ ਸੀਟਾਂ ਜਿੱਤ ਕੇ ਹਰਿਆਣਾ ਵਿੱਚ ਤੀਜੀ ਵਾਰ ਸਰਕਾਰ ਬਣਾਵੇਗੀ। ਇਸ ਮੌਕੇ ਉੱਤੇ ਜਜਪਾ ਦੇ ਵਿਧਾਇਕ ਰਾਮ ਕੁਮਾਰ ਗੌਤਮ, ਜੋਗੀ ਰਾਮ ਸਿਹਾਗ ਅਤੇ ਅਨੂਪ ਧਾਨਕ ਨੇ ਵੀ ਸੰਬੋਧਨ ਕੀਤਾ।