ਸਾਈਕਲ
ਰਜਵੰਤ ਕੌਰ ਚਨਾਰਥਲ
ਸਾਈਕਲ ਚਲਾਉਣੋਂ ਹਟ ਗਏ ਹਾਂ।
ਐਸ਼ ਆਰਾਮ ਵਿੱਚ ਫਸ ਗਏ ਹਾਂ।
ਸਾਈਕਲ ’ਤੇ ਕੋਈ ਵਿਰਲਾ ਚੜ੍ਹਦਾ।
ਕਾਰ ਸਕੂਟਰ ਬਿਨਾਂ ਨਾ ਸਰਦਾ।
ਤੇਲ ਫੂਕਣ ’ਤੇ ਡਟ ਗਏ ਹਾਂ।
ਸਾਈਕਲ ਚਲਾਉਣੋਂ ਹਟ ਗਏ ਹਾਂ।
ਬੁਲਟ ਦੀ ਚੱਲੀ ਨਵੀਂ ਬਿਮਾਰੀ।
ਕਰਨ ਸ਼ੌਕ ਨਾਲ ਇਹਦੀ ਸਵਾਰੀ।
ਪ੍ਰਦੂਸ਼ਣ ਦੇ ਲੱਗੇ ਕੱਢਣ ਵੱਟ ਪਏ ਹਾਂ।
ਸਾਈਕਲ ਚਲਾਉਣੋਂ ਹਟ ਗਏ ਹਾਂ।
ਪੈਦਲ ਚੱਲਣਾ ਨਾ ਹੁਣ ਭਾਵੇ।
ਭੀੜ ਸੜਕ ’ਤੇ ਲੱਗੀ ਜਾਵੇ।
ਤਾਂਹੀਓਂ ਖਾਂਦੇ ਸੱਟ ਪਏ ਹਾਂ।
ਸਾਈਕਲ ਚਲਾਉਣੋਂ ਹਟ ਗਏ ਹਾਂ।
ਸਾਈਕਲ ਸਾਡੀ ਸਿਹਤ ਸੰਵਾਰੇ।
ਨਾਲੇ ਦੇਵੇ ਕੁਦਰਤੀ ਨਜ਼ਾਰੇ।
‘ਰਜਵੰਤ’ ਕਰਦੇ ਪਰਵਾਹ ਘੱਟ ਪਏ ਹਾਂ।
ਸਾਈਕਲ ਚਲਾਉਣੋਂ ਹਟ ਗਏ ਹਾਂ।
ਐਸ਼ ਆਰਾਮ ਵਿੱਚ ਫਸ ਗਏ ਹਾਂ।
ਸੰਪਰਕ: 81465-51328
* * *
ਬਦਲਣਾ ਤੈਅ
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ
ਜਦ ਪੈਸੇ ਆ ਜਾਣ ਚਾਰ
ਵੱਡੀ ਕੋਠੀ ਤੇ ਮਹਿੰਗੀ ਕਾਰ
ਫੇਰ ਬਦਲਣਾ ਤੈਅ ਹੀ ਹੁੰਦਾ ਹੈ।
ਆਪਣੇ ਨਾਲ ਖੜ੍ਹੀ ਸਰਕਾਰ
ਫੋਨ ’ਤੇ ਹੋ ਜਾਵਣ ਕੰਮਕਾਰ
ਫੇਰ ਬਦਲਣਾ ਤੈਅ ਹੀ ਹੁੰਦਾ ਹੈ।
ਪੁੱਤ ਜਵਾਨ ਉਹ ਬਿਨਾਂ ਲਗਾਮ
ਮਾਂ ਦਾ ਪਰਦਾ ਪੈਸਾ ਤਮਾਮ
ਫੇਰ ਬਦਲਣਾ ਤੈਅ ਹੀ ਹੁੰਦਾ ਹੈ।
ਅੱਖ ਦਾ ਓਹਲਾ ਬੁਰਾ ਵਿਚੋਲਾ
ਰੁਲ ਜਾਏ ਜ਼ਿੰਦਗੀ ਪਏ ਘਚੋਲਾ
ਫੇਰ ਬਦਲਣਾ ਤੈਅ ਹੀ ਹੁੰਦਾ ਹੈ।
ਸਮੇਂ ਦੀ ਕਦਰ ਨੀਵੀਂ ਨਜ਼ਰ
ਗੁਰਬਤ ਚੇਤੇ ਮਿਹਨਤ ਦੀ ਖ਼ਬਰ
ਫੇਰ ਬਦਲਣਾ ਤੈਅ ਹੀ ਹੁੰਦਾ ਹੈ।
ਖ਼ੁਸ਼ੀ ਦੇ ਖੇੜੇ ਧਾਲੀਵਾਲਾ ਚਾਰ ਬਥੇਰੇ
ਮੰਜ਼ਿਲ ਨਿਸ਼ਾਨਾ ਨਾ ਕੋਈ ਬਹਾਨਾ
ਫੇਰ ਬਦਲਣਾ ਤੈਅ ਹੀ ਹੁੰਦਾ ਹੈ।
ਸੰਪਰਕ: 78374-90309
* * *
ਗ਼ਜ਼ਲ
ਜਸਵਿੰਦਰ ਸਿੰਘ ‘ਰੁਪਾਲ’
ਕਾਲੇ ਸਿਆਹ ਨਾ ਹੁੰਦੇ, ਨ੍ਹੇਰੇ ਨੂੰ ਢੋਣ ਵਾਲੇ।
ਮਨ ਦੇ ਨਾ ਮੈਲੇ ਹੁੰਦੇ, ਮੈਲੇ ਨੂੰ ਧੋਣ ਵਾਲੇ।
ਸੰਘਰਸ਼ ਜ਼ਿੰਦਗੀ ਹੈ, ਉਹ ਭੁੱਲ ਜਾਂਦੇ ਬਿਲਕੁਲ,
ਦਿਨ ਰਾਤ ਹੰਝੂਆਂ ਦੀ, ਮਾਲਾ ਪਰੋਣ ਵਾਲੇ।
ਬਿਰਹੋਂ ਦਾ ਰੋਗ ਚੰਨਾ, ਦਿਲ ਤਾਈਂ ਲਾ ਗਿਆ ਜੋ,
ਲੱਭਣਗੇ ਵੈਦ ਕਿੱਥੋਂ, ਨਾੜੀ ਨੂੰ ਟੋਹਣ ਵਾਲੇ?
ਬਚ ਕੇ ਰਹੀਂ ਇਨ੍ਹਾਂ ਤੋਂ, ਇਹ ਮਿੱਤ ਕਿਸੇ ਦੇ ਨਾਹੀਂ,
ਹੁਸਨਾਂ ਦੇ ਇਹ ਛਲਾਵੇ, ਦਿਲ ਤਾਈਂ ਮੋਹਣ ਵਾਲੇ।
ਧੀ ਪੁੱਤ ਵੇਚ ਦਿੱਤੇ, ਖੱਟੇ ਨੇ ਪੌਂਡ ਡਾਲਰ,
ਹੁਣ ਬਣ ਗਏ ਵਪਾਰੀ, ਮੱਝਾਂ ਨੂੰ ਚੋਣ ਵਾਲੇ।
ਕਿਰਤੀਓ ਹੱਥ ਨਾ ਅੱਡੋ, ਜ਼ਾਲਮ ਦੇ ਹੱਥ ਵੱਢੋ,
ਹੱਥਾਂ ’ਤੇ ਹੱਕ ਰੱਖਣ, ਹੱਕਾਂ ਨੂੰ ਖੋਹਣ ਵਾਲੇ।
ਪੀਂਦੇ ਨੇ ਜੇ ਸਿਤਮਗਰ, ਅੱਜ ਖ਼ੂਨ ਆਸ਼ਕਾਂ ਦਾ,
ਉੱਠਣਗੇ ਇੱਕ-ਨਾ-ਇੱਕ ਦਿਨ, ਬਰਬਾਦ ਹੋਣ ਵਾਲੇ।
ਦੇਖਾਂ ਕਿਵੇਂ ਬਚਾਵਣ, ਆਪਾ ਇਹਦੀ ਜ਼ਹਿਰ ਤੋਂ,
‘ਰੁਪਾਲ’ ਨਾਗ ਜ਼ਹਿਰੀ, ਅੰਦਰ ਲੁਕੋਣ ਵਾਲੇ।
ਸੰਪਰਕ: 98147-15796
* * *
ਇਸ਼ਕ ਸਮੁੰਦਰ
ਪ੍ਰੋ. ਨਵ ਸੰਗੀਤ ਸਿੰਘ
ਇਸ਼ਕ ਸਮੁੰਦਰ ਬਹੁਤ ਡੂੰਘੇਰਾ, ਵਿਰਲਾ-ਟਾਵਾਂ ਤਰਦਾ।
ਮੰਝਧਾਰ ਵਿੱਚ ਗੋਤੇ ਖਾਵੇ, ਨਾ ਜੀਂਦਾ ਨਾ ਮਰਦਾ।
ਜਿਨ੍ਹਾਂ ਇਸ ਵਿੱਚ ਪੈਰ ਟਿਕਾਇਆ, ਰਹੇ ਘਾਟ ਨਾ ਘਰ ਦਾ।
ਬਿਖੜੇ ਮਾਰਗ ਚੱਲਣੋਂ ਹਰ ਇੱਕ, ਕਦਮ ਧਰਨ ਤੋਂ ਡਰਦਾ।
ਦੁਨੀਆ ਦੀ ਕੋਈ ਲਾਜ-ਸ਼ਰਮ ਤੇ, ਨਾ ਹੀ ਕਿਸੇ ਤੋਂ ਪਰਦਾ।
ਇਸ਼ਕ ’ਚ ਡੁੱਬਣਾ ਮੌਤ ਜਾਪਦਾ, ਬਿਨ ਇਹਦੇ ਨਾ ਸਰਦਾ।
ਆਸ਼ਕ ਤਰਸੇ ਦੀਦ ਮਾਸ਼ੂਕਾ, ਠੰਢੇ ਹਾਉਕੇ ਭਰਦਾ।
ਜਿਨ੍ਹਾਂ ਸੀਨੇ ਤਾਂਘ ਮਿਲਣ ਦੀ, ਹਰ ਤਾਅਨੇ ਨੂੰ ਜਰਦਾ।
ਏਥੇ ਨਹੀਂ ਕੋਈ ਹਾਕਮ ਮਾਲਕ, ਨਾ ਬਰਦੀ ਨਾ ਬਰਦਾ।
ਹਾਰੀ-ਸਾਰੀ ਦੁਨੀਆਂਦਾਰੀ, ਇਸ਼ਕ ਹੈ ਅਸਲੀ ਨਰ ਦਾ।
ਸੰਪਰਕ: 94176-92015
* * *
ਮਿੱਟੀ
ਸਰੂਪ ਚੰਦ ਹਰੀਗੜ੍ਹ
ਮਿੱਟੀ ਵਿੱਚੋਂ ਪੈਦਾ ਹੋਏ ਸੋਨਾ ਪਿੱਤਲ ਹੀਰੇ,
ਮਿੱਟੀ ਦੇ ਸਭ ਰਿਸ਼ਤੇ ਨਾਤੇ ਭੂਆ ਮਾਸੀ ਵੀਰੇ,
ਏਹ ਕੁਦਰਤ ਦੀਆਂ ਖੇਡਾਂ ਤੈਨੂੰ ਸਮਝ ਨਈਂ ਅਣਜਾਣਾ,
ਮਿੱਟੀ ਵਿੱਚੋਂ ਪੈਦਾ ਹੋ ਕੇ ਮਿੱਟੀ ਵਿੱਚ ਮਿਲ ਜਾਣਾ।
ਇੱਕ ਮਿੱਟੀ ਤੋਂ ਘੜਾ ਬਣ ਗਿਆ ਇੱਕ ਤੋਂ ਇੱਟਾਂ ਪੱਥਰ,
ਇੱਕ ਮਿੱਟੀ ਬਣੀ ਚਿਖਾ ਦਾ ਬਾਲਣ ਇੱਕ ਤੋਂ ਬਣਿਆ ਸੱਥਰ,
ਮਿੱਟੀ ਨੂੰ ਹੈ ਮਿੱਟੀ ਰੋਂਦੀ ਧਾਰ ਕੇ ਰੂਪ ਮਕਾਣਾ,
ਮਿੱਟੀ ਵਿੱਚੋਂ ਪੈਦਾ ਹੋ ਕੇ ਮਿੱਟੀ ਵਿੱਚ ਮਿਲ ਜਾਣਾ।
ਮਿੱਟੀ ਖਾਈਏ ਮਿੱਟੀ ਪੀਏ, ਮਿੱਟੀ ਉੱਤੇ ਬਹਿ ਕੇ,
ਇੱਕ ਮਿੱਟੀ ਦੀ ਸੇਜ ਬਣਾਲੀ, ਅਨੰਦ ਮਾਣਦੈ ਪੈ ਕੇ,
ਇੱਕ ਮਿੱਟੀ ਨਾਲ ਪਰਦਾ ਕੱਜਦੈ, ਇੱਕ ਮਿੱਟੀ ਲਾ ਸਿਰਹਾਣਾ,
ਮਿੱਟੀ ਵਿੱਚੋਂ ਪੈਦਾ ਹੋ ਕੇ ਮਿੱਟੀ ਵਿੱਚ ਮਿਲ ਜਾਣਾ।
ਮਿੱਟੀ ਦੇ ਸਭ ਤਖ਼ਤ ਤਾਜ ਨੇ, ਮਿੱਟੀ ਦੌਲਤ ਸਾਰੀ,
ਮਿੱਟੀ ਪਿੱਛੇ ਲੜ ਲੜ ਮਰਦੈ, ਬਣਿਆ ਫਿਰੇ ਹੰਕਾਰੀ,
ਮਿੱਟੀ ਦਾ ਹੈ ਪਿੰਜਰ ਛੱਡ ਕੇ, ਭੌਰ ਤੇਰਾ ਉੱਡ ਜਾਣਾ,
ਮਿੱਟੀ ਵਿੱਚੋਂ ਪੈਦਾ ਹੋ ਕੇ ਮਿੱਟੀ ਵਿੱਚ ਮਿਲ ਜਾਣਾ।
ਇੱਕ ਮਿੱਟੀ ਹੈ ਮਾਖਿਓਂ ਮਿੱਠੀ ਇੱਕ ਜ਼ਹਿਰ ਬਣ ਜਾਵੇ,
ਮਿੱਟੀ ਦੇ ਇਹ ਬਾਗ਼ ਬਗੀਚੇ ਵਿੱਚੋਂ ਸੁਗੰਧੀ ਆਵੇ,
ਸਰੂਪ ਮਿੱਟੀ ਦੀ ਕਲਮ ਤੂੰ ਫੜ ਕੇ ਬਣਦੈਂ ਵੱਡਾ ਸਿਆਣਾ,
ਮਿੱਟੀ ਵਿੱਚੋਂ ਪੈਦਾ ਹੋ ਕੇ ਮਿੱਟੀ ਵਿੱਚ ਮਿਲ ਜਾਣਾ।
ਸੰਪਰਕ: 99143-85202
* * *
ਰੀਲਾਂ
ਪ੍ਰੀਤ ਭਾਗੀਕੇ
ਜਦੋਂ ਭੈਣਾਂ ਜਵਾਨ ਹੋਈਆਂ
ਉਦੋਂ ਮੋਬਾਈਲ ਨਹੀਂ ਸਨ
ਨੇੜੇ ਤੇੜੇ ਗਾਣਿਆਂ ਦੀ
ਆਵਾਜ਼ ਨਹੀਂ ਸੀ
ਰੀਲਾਂ ’ਤੇ ਲੱਕ ਹਿਲਾ ਕੇ
ਨੱਚਣ ਦਾ ਰਿਵਾਜ ਨਹੀਂ ਸੀ
ਉਹ ਦੁਕਾਨ ’ਤੇ ਆਉਂਦੀਆਂ
ਕੱਪੜਿਆਂ ਦੀਆਂ ਕਤਰਨਾਂ
ਨਾਲ ਲਿਆਉਂਦੀਆਂ
ਇਨ੍ਹਾਂ ਟੁਕੜਿਆਂ ਨਾਲ
ਰੀਲਾਂ ਮਿਲਾਉਂਦੀਆਂ
ਸਾਰਾ ਸਾਰਾ ਦਿਨ
ਕੱਪੜੇ ਸਿਊਂਦੀਆਂ
ਬਾਪੂ ਨਾਲ
ਕਬੀਲਦਾਰੀ ਦਾ
ਭਾਰ ਵੰਡਾਉਂਦੀਆਂ
ਉਹ ਰੀਲਾਂ...
ਜਿਨ੍ਹਾਂ ਨੇ ਉਨ੍ਹਾਂ ਨੂੰ
ਕਿਰਤ ਦਾ ਰਾਹ ਦਿੱਤਾ
ਮਿਹਨਤ ਦਾ ਚਾਅ ਦਿੱਤਾ
ਇੱਜ਼ਤ ਬਖ਼ਸ਼ੀ
ਚੰਗੇ ਘਰੀਂ ਵਸਾ ਦਿੱਤਾ
ਤੇ ਅੱਜ ਇਹ ਰੀਲਾਂ...
ਜਿਨ੍ਹਾਂ ਨੇ ਕੁੜੀਆਂ ਨੂੰ
ਸਭ ਕੁਝ ਭੁਲਾ ਦਿੱਤਾ
ਪਤਾ ਨਹੀਂ
ਕੀ ਤੋਂ ਕੀ ਬਣਾ ਦਿੱਤਾ
ਸੰਪਰਕ: 98148-66367
* * *
ਗ਼ਜ਼ਲ
ਜਗਜੀਤ ਗੁਰਮ
ਜਿਸ ਦੇ ਵਿਰੋਧ ’ਚ ਹੋ ਗਿਆ ਸਾਰਾ ਹੀ ਅੱਜ ਨਿਜ਼ਾਮ ਹੈ
ਉਸ ਉੱਤੇ ਪਿੰਜਰਿਆਂ ’ਚੋਂ ਪੰਛੀ ਉਡਾਉਣ ਦਾ ਇਲਜ਼ਾਮ ਹੈ।
ਪਛਾਣ ਸਕਣਾ ਹੈ ਬੜਾ ਮੁਸ਼ਕਿਲ ਜ਼ਮਾਨੇ ਵਿੱਚ ਹੁਣ
ਮਸ਼ਹੂਰ ਕਿਹੜਾ ਹੈ ਅਤੇ ਕਿਹੜਾ ਸ਼ਖ਼ਸ ਬਦਨਾਮ ਹੈ।
ਇਹ ਲੋਕ ਭੋਲ਼ੇ ਦੱਸ ਦੇ ਇਨ੍ਹਾਂ ਤੋਂ ਬਚ ਜਾਂਦੇ ਕਿਵੇਂ
ਰਾਜਨੀਤੀ ਨੇ ਤਾਂ ਵਰਤ ਲਿਆ ਅੱਲਾ ਤੇ ਰਾਮ ਹੈ।
ਸਨਮਾਨ ਉਹ ਹੁੰਦਾ ਪ੍ਰਤਿਭਾ ਜੋ ਸਦਾ ਪੈਦਾ ਕਰੇ
ਇਹ ਚਾਪਲੂਸ ਬਣਾਉਣ ਲਈ ਵਰਤ ਲੈਂਦੇ ਇਨਾਮ ਹੈ।
ਉਹ ਦੇਰ ਕਿੰਨੀ ਹੋਰ ਕਰਦਾ ਲੁਕ ਕੇ ਉਸ ਨੂੰ ਪਿਆਰ
ਹੁਣ ਆਖ਼ਰ ਹੱਦਾਂ ਤੋੜ ਕੇ ਹੋ ਗਿਆ ਸ਼ਰ੍ਹੇਆਮ ਹੈ।
ਹੁੰਦੇ ਜ਼ਖ਼ਮ ਜਿਹੜੇ ਰਿਸਣ ਵਾਲੇ ਨਾ ਉਹ ਭਰਦੇ ਕਦੇ
ਜੋ ਪੁੱਛਦਾ ਮੈਂ ਕਹਿ ਦੇਵਾਂ ਹੁਣ ਤਾਂ ਬੜਾ ਆਰਾਮ ਹੈ।
ਇਹ ਲੋਕ ਤਾਂ ‘ਜਗਜੀਤ’ ਨੂੰ ਆਜ਼ਾਦ ਐਵੇਂ ਆਖਦੇ
ਤੂੰ ਜਾਣਦੀ ਤੇਰੀ ਅਦਾ ਦਾ ਉਹ ਸ਼ੁਰੂ ਤੋਂ ਗੁਲਾਮ ਹੈ।
ਸੰਪਰਕ: 99152-64836
* * *
ਗ਼ਜ਼ਲ
ਰਣਜੀਤ ਕੌਰ ਰਤਨ
ਅੰਬਰ ਨੂੰ ਕੋਈ ਜਿੰਦੇ ਕੁੰਡੇ, ਲਾ ਨਹੀਂ ਸਕਦਾ।
ਪੌਣਾਂ ਪੈਰੀਂ ਬੇੜੀਆਂ, ਕੋਈ ਪਾ ਨਹੀਂ ਸਕਦਾ।
ਠੱਲ੍ਹ ਕਿਵੇਂ ਸਕਦਾ ਕੋਈ, ਵਗਦੇ ਪਾਣੀਆਂ ਨੂੰ,
ਸੂਰਜ ਨੂੰ ਕੋਈ ਧਰਤੀ ਉੱਤੇ, ਲਾਹ ਨਹੀਂ ਸਕਦਾ।
ਫ਼ਿਕਰਾਂ ਦੇ ਵਿੱਚ ਉਮਰ ਗੁਜ਼ਾਰੀ, ਜਾਵੇ ਝੁਰ ਝੁਰ ਕੇ,
ਪੰਛੀਆਂ ਵਾਂਗੂੰ ਬੰਦਾ ਮੌਜ, ਉਡਾ ਨਹੀਂ ਸਕਦਾ।
ਕੌਣ ਕਤਾਵੇਗਾ ਤੂੰ ਦੱਸੀਂ, ਰੇਸ਼ਮ ਰਿਸ਼ਮਾਂ ਦਾ,
ਚੰਨ ਦੇ ਚਾਨਣ ਨੂੰ, ਕੋਈ ਡੱਕਾਂ ਪਾ ਨਹੀਂ ਸਕਦਾ।
ਇਤਰ ਫੁਲੇਲਾਂ ਲਾ ਕੇ, ਤਨ ਮਹਿਕਾਈ ਫਿਰਦਾ ਏ,
ਬਿਨ ਕਿਰਦਾਰੋਂ ਬੰਦਾ, ਮਨ ਮਹਿਕਾ ਨਹੀਂ ਸਕਦਾ।
ਅੱਧ ਵਿਚਾਲੇ ਬੈਠ ਗਿਆ ਏ, ਢੇਰੀ ਢਾਹੀ ਜੋ,
ਸਿਰੜਾਂ ਬਾਝੋਂ ਪਾਂਧੀ, ਮੰਜ਼ਿਲ ਪਾ ਨਹੀਂ ਸਕਦਾ।
* * *
ਗ਼ਜ਼ਲ
ਸੁਖਵਿੰਦਰ ਸਿੰਘ ਲੋਟੇ
ਝਾਤ ਜਿਹੀ ਇੱਕ ਮਾਰ ਗਏ ਉਹ ਜਾਂਦੇ ਜਾਂਦੇ।
ਪੱਥਰ ਦਿਲ ਵੀ ਤਾਰ ਗਏ ਉਹ ਜਾਂਦੇ ਜਾਂਦੇ।
ਖਿੜਿਆ ਚਿਹਰਾ, ਲਪਟਾਂ ਮਾਰੇ, ਨੈਣ ਸ਼ਰਾਬੀ,
ਬਿਨ ਬੋਲੇ ਹੀ ਸਾਰ ਗਏ ਉਹ ਜਾਂਦੇ ਜਾਂਦੇ।
ਲੰਘਿਆ ਵੇਲ਼ਾ ਯਾਦ ਕਰਾਵਣ ਆਏ ਸੀ ਉਹ,
ਅੱਲੇ ਜ਼ਖ਼ਮ ਖਿਲਾਰ ਗਏ ਉਹ ਜਾਂਦੇ ਜਾਂਦੇ।
ਹੁਸਨਾਂ ਦੀ ਤਾਂ, ਧਰਤੀ, ਅੰਬਰ ਪੂਜਾ ਕਰਦੇ,
ਨਖ਼ਰੇ ਸੰਗ ਨਿਹਾਰ ਗਏ ਉਹ ਜਾਂਦੇ ਜਾਂਦੇ।
ਹਰ ਬੰਦਾ ਹੀ ਟੇਢਾ ਟੇਢਾ ਤੱਕਦਾ ਰਹਿੰਦੈ,
ਤਪਦੇ ਸੀਨੇ ਠਾਰ ਗਏ ਉਹ ਜਾਂਦੇ ਜਾਂਦੇ।
ਜੀਵਨ ਭਾਗਾਂ ਭਰਿਆ ਇਸ ਨੂੰ ਸਮਝ ਸਕੇ ਨਾ,
ਲੱਗੀ ਯਾਰੀ ਖਾਰ ਗਏ ਉਹ ਜਾਂਦੇ ਜਾਂਦੇ।
ਭੋਲ਼ੇ ਭਾਲ਼ੇ ਬਣਕੇ ਲੁੱਟਣਾ ਕੰਮ ਉਨ੍ਹਾਂ ਦਾ,
ਕਰ ਵੀ ਬੇਰੁਜ਼ਗਾਰ ਗਏ ਉਹ ਜਾਂਦੇ ਜਾਂਦੇ।
ਫੱਟੜ ਕੀਤਾ ਹੁੰਦਾ, ਮੱਲ੍ਹਮ ਲਾਉਂਦਾ ਦਿਲ ’ਤੇ,
ਕਰਕੇ ਤਾਰੋ ਤਾਰ ਗਏ ਉਹ ਜਾਂਦੇ ਜਾਂਦੇ।
ਧੋਖੇਬਾਜ਼ੀ ਦੁਨੀਆ ਵਿੱਚ ਹੈ ਚਲਦੀ ‘ਲੋਟੇ’,
ਆਖ਼ਰ ਕਰ ਹੁਸ਼ਿਆਰ ਗਏ ਉਹ ਜਾਂਦੇ ਜਾਂਦੇ।
ਸੰਪਰਕ: 94177-73277
* * *
ਅਜਬ ਨਜ਼ਾਰਾ
ਜੇ.ਐੱਸ. ਮਹਿਰਾ
ਪਿੰਡ ਤੋਂ ਦੂਰ
ਮੇਰੇ ਖੇਤਾਂ ਦੇ ਵਿੱਚ
ਇੱਕ ਅਜਬ ਹੀ ਨਜ਼ਾਰਾ ਏ
ਰਾਤੀਂ ਬਹਿ ਆਸਮਾਨ ਨੂੰ ਤੱਕ ਲਓ
ਦਿਸਦਾ ’ਕੱਲਾ-’ਕੱਲਾ ਤਾਰਾ ਏ
ਪਿੰਡ ਤੋਂ ਦੂਰ
ਮੇਰੇ ਖੇਤਾਂ ਦੇ ਵਿੱਚ
ਇੱਕ ਅਜਬ ਹੀ ਨਜ਼ਾਰਾ ਏ
ਚੜ੍ਹਦਾ ਦਿਸਦਾ ਛਿਪਦਾ ਦਿਸਦਾ
ਸੂਰਜ ਰੰਗ ਬਦਲਦਾ ਦਿਸਦਾ
ਖਾਲਾਂ ਦੇ ਵਿੱਚ ਚੱਲਦਾ ਪਾਣੀ
ਥੰਮ-ਥੰਮ ਧਰਤੀ ਵਿੱਚ
ਰਿਸਦਾ ਦਿਸਦਾ
ਠੰਢਮ-ਠੰਢੀ ਚਲਦੀ ਪੱਛੋਂ
ਲਾਹ ਦਿੰਦੀ ਚੜ੍ਹਿਆ ਪਾਰਾ ਏ
ਪਿੰਡ ਤੋਂ ਦੂਰ
ਮੇਰੇ ਖੇਤਾਂ ਦੇ ਵਿੱਚ
ਇੱਕ ਅਜਬ ਹੀ ਨਜ਼ਾਰਾ ਏ
ਸ਼ਾਮ ਦੇ ਵੇਲੇ
ਮੋਰ ਪੈਲਾਂ ਪਾਉਂਦੇ
ਕਿਆਂਉ ਕਿਆਉਂ ਕਰਦੇ
ਸ਼ੋਰ ਮਚਾਉਂਦੇ
ਰੁੱਖ ਝੂਲਦੇ ਲਹਿਰਾਉਂਦੀਆਂ ਫ਼ਸਲਾਂ
ਮਿੱਠੜੇ-ਮਿੱਠੜੇ ਗੀਤ ਸੁਣਾਉਂਦੇ
ਰੰਗ ਬਿਰੰਗੇ ਫੁੱਲ ਤੇ ਪੰਛੀ
‘ਜੱਸੀ’ ਕੁਦਰਤ ਦਾ ਅਹਿਮ ਪਸਾਰਾ ਏ
ਪਿੰਡ ਤੋਂ ਦੂਰ
ਮੇਰੇ ਖੇਤਾਂ ਦੇ ਵਿੱਚ
ਇੱਕ ਅਜਬ ਹੀ ਨਜ਼ਾਰਾ ਏ।
ਸੰਪਰਕ: 95924-30420