ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਤਲੇ ਟਾਇਰਾਂ ਵਾਲਾ ਸਾਈਕਲ

08:36 AM Dec 06, 2023 IST

ਡਾ. ਬਿਹਾਰੀ ਮੰਡੇਰ

ਸਾਈਕਲ ਦਾ ਸਾਡੀ ਜਿ਼ੰਦਗੀ ਵਿਚ ਅਹਿਮ ਰੋਲ ਹੈ। ਪਹੀਏ ਦੀ ਖੋਜ ਤੋਂ ਬਾਅਦ ਮਨੁੱਖੀ ਜਿ਼ੰਦਗੀ ਵਿਚ ਆਵਾਜਾਈ ਦੇ ਜ਼ਮੀਨੀ ਸਾਧਨ ਵਜੋਂ ਸਭ ਤੋਂ ਪਹਿਲਾਂ ਆਉਣ ਵਾਲ਼ੀ ਮਸ਼ੀਨ ਸ਼ਾਇਦ ਸਾਈਕਲ ਹੀ ਹੈ। ਯੂਰੋਪ ਦੇ ਦੇਸ਼ਾਂ ਵਿਚ 18ਵੀਂ ਸਦੀ ਦੇ ਅੱਧ ਤੋਂ ਬਾਅਦ ਲੋਕਾਂ ਦੇ ਮਨਾਂ ਵਿਚ ਇਸ ਦਾ ਖਿਆਲ ਆਇਆ। ਫਰਾਂਸ ਦੇ ਇੱਕ ਕਾਰੀਗਰ ਨੇ ਇਸ ਨੂੰ ਸਾਕਾਰ ਰੂਪ ਦਿੱਤਾ। ਇਸ ਨੂੰ ਹਾਬੀ ਹਾਰਸ ਜਾਂ ਕਾਠ ਦਾ ਘੋੜਾ ਕਿਹਾ ਗਿਆ। ਪੈਡਲਾਂ ਨਾਲ ਚੱਲਣ ਵਾਲੇ ਸਾਈਕਲ ਦੀ ਸ਼ੁਰੂਆਤ 1865 ਵਿਚ ਹੋਈ। ਦੁਨੀਆ ਵਿਚ ਸਭ ਤੋਂ ਵੱਧ ਸਾਈਕਲ ਦੀ ਵਰਤੋਂ ਨੀਦਰਲੈਂਡ ਵਿਚ ਕੀਤੀ ਜਾਂਦੀ ਹੈ। ਇਸ ਦੀ ਰਾਜਧਾਨੀ ਐਮਸਟਰਡਮ ਨੂੰ ਸਾਈਕਲਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਅੱਜ ਦੁਨੀਆ ਭਰ ਵਿਚ ਸਾਈਕਲ ਸਨਅਤ ਵਿਕਸਿਤ ਹੋਈ ਹੈ। ਇਸ ਸਨਅਤ ਵਿਚ ਸਾਡੇ ਦੇਸ਼ ਦਾ ਚੀਨ ਤੋਂ ਬਾਅਦ ਦੂਜਾ ਨੰਬਰ ਹੈ। ਸਾਡਾ ਲੁਧਿਆਣਾ ਸ਼ਹਿਰ ਸਾਈਕਲ ਸਨਅਤ ਲਈ ਮਸ਼ਹੂਰ ਹੈ। ਇੱਥੇ ਵੀ ਸਾਈਕਲ ਬਣਾਉਣ ਵਾਲੀਆਂ ਕਈ ਨਾਮੀ ਕੰਪਨੀਆਂ ਨੇ ਆਪਣੀ ਸਨਅਤ ਲਾਈ ਹੋਈ ਹੈ ਜਿੱਥੋਂ ਦੇਸ਼ ਵਿਦੇਸ਼ ਵਿਚ ਸਾਈਕਲ ਸਪਲਾਈ ਕੀਤੇ ਜਾਂਦੇ ਹਨ। ਅੱਜ ਕੱਲ੍ਹ ਸਾਈਕਲ ਕਈ ਕਿਸਮਾਂ ਦੇ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਕੀਮਤ ਹਜ਼ਾਰਾਂ ਤੋਂ ਸ਼ੁਰੂ ਹੋ ਕੇ ਲੱਖਾਂ ਤੱਕ ਹੈ। ਇਲੈਕਟ੍ਰੋਨਿਕ ਸਾਈਕਲ ਵੀ ਅੱਜ ਕੱਲ੍ਹ ਹਰਮਨ ਪਿਆਰਾ ਹੋ ਰਿਹਾ ਹੈ। ਸਾਈਕਲ ਉਮਰ ਦੇ ਹਰ ਵਰਗ ਦੇ ਮਨੁੱਖਾਂ ਵਿਚ ਹਰਮਨ ਪਿਆਰਾ ਹੈ। ਬੱਚੇ ਅੱਜ ਕੱਲ੍ਹ ਸਾਈਕਲ ਚਲਾਉਣਾ ਬੜੀ ਛੋਟੀ ਉਮਰ ਵਿਚ ਹੀ ਸਿੱਖ ਜਾਂਦੇ ਹਨ।
ਕੋਈ ਵੇਲਾ ਸੀ ਜਦੋਂ ਸਾਈਕਲ ਚਲਾਉਣਾ ਅਜੂਬੇ ਤੋਂ ਘੱਟ ਨਹੀਂ ਸੀ। ਮੈਂ ਵੀ ਉਸ ਪੀੜ੍ਹੀ ਵਿਚੋਂ ਹਾਂ ਜਿਸ ਨੇ ਸਾਈਕਲ ਚਲਾਉਣਾ ਕਈ ਕਈ ਪੜਾਵਾਂ ਵਿਚ ਸਿੱਖਿਆ; ਜਿਵੇਂ ਪਹਿਲਾਂ ਅੱਧੀ ਕੈਂਚੀ, ਉਸ ਤੋਂ ਬਾਅਦ ਪੂਰੀ ਕੈਂਚੀ, ਉਸ ਤੋਂ ਬਾਅਦ ਡੰਡਾ, ਫਿਰ ਕਾਠੀ। ਕਾਠੀ ਭਾਵ ਸੀਟ। ਸੀਟ ’ਤੇ ਬੈਠ ਕੇ ਸਾਈਕਲ ਚਲਾਉਣ ਵਾਲਾ ਪੂਰਾ ਟ੍ਰੇਂਡ ਮੰਨਿਆ ਜਾਂਦਾ। ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਸਮੇਂ ਤਾਂ ਮਾਸਟਰ ਜੀ ਦੇ ਸਾਈਕਲ ਨੂੰ ਹੱਥ ਲਾਉਣ ਤੋਂ ਵੀ ਡਰਦੇ ਸਾਂ। ਜਿਸ ਕਿਸੇ ਨੂੰ ਮਾਸਟਰ ਜੀ ਸਾਈਕਲ ਨੂੰ ਸਟੈਂਡ ’ਤੇ ਖੜ੍ਹਾ ਕਰਨ ਲਈ ਸਾਈਕਲ ਫੜਾਉਂਦੇ, ਉਸ ਦੀ ਟੌਹਰ ਬਣ ਜਾਂਦੀ।
ਛੇਵੀਂ ਜਮਾਤ ਵਿਚ ਨੇੜਲੇ ਪਿੰਡ ਕੁਲਰੀਆਂ ਦੇ ਹਾਈ ਸਕੂਲ ਵਿਚ ਦਾਖਲ ਹੋਏ। ਇਕ ਮੀਲ ਦਾ ਕੱਚਾ ਰਸਤਾ। ਸਕੂਲ ਪੈਦਲ ਹੀ ਜਾਂਦੇ ਸੀ। ਸਾਰੇ ਅਧਿਆਪਕ ਸਾਈਕਲਾਂ ਉੱਪਰ ਸਕੂਲ ਪਹੁੰਚਦੇ। ਨੇੜੇ ਦੇ ਪਿੰਡਾਂ ਦੇ ਕੁਝ ਮੁੰਡੇ ਵੀ ਸਾਈਕਲ ’ਤੇ ਸਕੂਲ ਆਉਂਦੇ ਸੀ। ਸਾਈਕਲ ਸਿੱਖਣ ਲਈ ਕਿਸੇ ਸਾਈਕਲ ਵਾਲੇ ਵਿਦਿਆਰਥੀ ਮੁੰਡੇ ਨਾਲ ਆੜੀ ਪਾਉਣੀ ਜ਼ਰੂਰੀ ਸੀ। ਮੇਰਾ ਵੀ ਇੱਕ ਪੱਕਾ ਮਿੱਤਰ ਬਣ ਗਿਆ ਕੁਲਵੰਤ ਸਿੰਘ ਜੋ ਨਵੇਂ ਗਾਂਵ ਤੋਂ ਸਾਈਕਲ ’ਤੇ ਆਉਂਦਾ ਸੀ। ਮੈਂ ਸਾਈਕਲ ਚਲਾਉਣਾ ਬੇਸ਼ੱਕ ਸਿੱਖ ਗਿਆ ਪਰ ਅਜੇ ਪੂਰੀ ਤਰ੍ਹਾਂ ਨਹੀਂ ਸੀ ਸਿੱਖਿਆ। ਸਾਈਕਲ ਸਿੱਖਣ ਵਿਚ ਸਭ ਤੋਂ ਵੱਡੀ ਸਮੱਸਿਆ ਸਾਈਕਲ ਦਾ ਉੱਚੇ ਹੋਣਾ ਸੀ। ਉਸ ਵੇਲੇ 22 ਜਾਂ 24 ਇੰਚੀ ਸਾਈਕਲ ਹੀ ਆਉਂਦੇ ਸਨ। ਹੁਣ ਵਾਂਗ ਛੋਟੇ ਸਾਈਜ਼ ਦੇ ਸਾਈਕਲ ਨਹੀਂ ਸਨ ਹੁੰਦੇ। ਸੋ, ਸਾਈਕਲ ਦਾ ਸਾਈਜ਼ ਚਲਾਉਣ ਸਿੱਖਣ ਵਿਚ ਸਭ ਤੋਂ ਵੱਡੀ ਮੁਸ਼ਕਿਲ ਹੁੰਦਾ ਸੀ। ਮੈਂ ਕੁਲਵੰਤ ਦੇ ਸਾਈਕਲ ’ਤੇ ਹੀ ਸਿੱਖ ਕੇ ਪੱਕਾ ਡਰਾਈਵਰ ਬਣਿਆ। ਅੱਠਵੀਂ ਤੱਕ ਜਾਂਦਿਆਂ ਮੈਂ ਸਾਈਕਲ ਚਲਾਉਣਾ ਪੂਰੀ ਤਰਾਂ ਸਿੱਖ ਚੁੱਕਿਆ ਸੀ। ਇਹ ਵੱਖਰੀ ਗੱਲ ਹੈ ਕਿ ਦਸਵੀਂ ਤੱਕ ਵੀ ਸਾਈਕਲ ਨਸੀਬ ਨਹੀਂ ਸੀ ਹੋਇਆ।
ਅਧਿਆਪਕਾਂ ਵਿਚੋਂ ਇੱਕ ਅਧਿਆਪਕ ਸਨ ਗੁਰਿੰਦਰ ਸਿੰਘ ਜੋ ਮੋਟਰਸਾਈਕਲ ’ਤੇ ਆਉਂਦੇ ਸਨ। ਉੱਚੇ ਲੰਮੇ ਕੱਦ ਦੇ ਭਰ ਜਵਾਨ ਗੱਭਰੂ ਸਨ। ਬਹੁਤ ਸੋਹਣੀ ਪੱਗ ਬੰਨ੍ਹਦੇ। ਸੋਹਣੇ ਕੱਪੜੇ ਪਹਿਨਦੇ। ਹਰ ਰੋਜ਼ ਕੱਪੜੇ ਬਦਲ ਕੇ ਆਉਂਦੇ। ਕਮੀਜ਼ ਪੈਂਟ ਵਿਚ ਦਿੱਤਾ ਹੁੰਦਾ; ਬਾਕੀ ਸਾਰੇ ਅਧਿਆਪਕਾਂ ਦੀ ਕਮੀਜ਼ ਪੈਂਟ ਤੋਂ ਬਾਹਰ ਹੀ ਹੁੰਦੀ, ਆਮ ਤੌਰ ’ਤੇ ਗੋਲ ਘੇਰੇ ਵਾਲੀਆਂ ਕਮੀਜ਼ਾਂ ਤੇ ਖੁੱਲ੍ਹੀ ਮੂਹਰੀ ਦੀਆਂ ਪੈਂਟਾਂ ਹੁੰਦੀਆਂ। ਇੱਕ ਹੋਰ ਅਧਿਆਪਕ ਸਨ ਭਗਵਾਨ ਸਿੰਘ ਜੋ ਕੁੜਤੇ ਪਜਾਮੇ ਵਿਚ ਸਕੂਲ ਆਉਂਦੇ। ਪੈਂਟ ਸ਼ਰਟ ਕਦੇ ਕਦਾਈਂ ਹੀ ਪਾਉਂਦੇ। ਸਾਰੇ ਉਨ੍ਹਾਂ ਨੂੰ ਗੁਰੂ ਜੀ ਕਹਿੰਦੇ ਸਨ। ਗੁਰਿੰਦਰ ਮਾਸਟਰ ਜੀ ਸਾਨੂੰ ਬਹੁਤ ਗੱਲਾਂ ਸੁਣਾਉਂਦੇ, ਨਵੀਆਂ ਨਵੀਆਂ। ਸਾਨੂੰ ਉਹ ਬਾਕੀ ਅਧਿਆਪਕਾਂ ਨਾਲੋਂ ਵੱਖਰੇ ਅਤੇ ਦਿਲਚਸਪ ਲੱਗਦੇ। ਅਸੀਂ ਪਹਿਲੀ ਵਾਰ ਉਨ੍ਹਾਂ ਤੋਂ ਸੁਣਿਆ ਕਿ ਉਨ੍ਹਾਂ ਚਾਹ ਦੇ ਬਾਗ਼ ਵੀ ਦੇਖੇ ਹੋਏ ਨੇ। ਪਹਿਲੀ ਵਾਰ ਟੈਲੀਵਿਜ਼ਨ ਵੀ ਅਸੀਂ ਉਨ੍ਹਾਂ ਦੇ ਘਰ ਜਾ ਕੇ ਦੇਖਿਆ। ਸਕੂਲ ਵਿਚ ਚਿੜੀ ਬੱਲੇ (ਬੈਡਮਿੰਟਨ) ਦੀ ਖੇਡ ਵੀ ਉਨ੍ਹਾਂ ਸ਼ੁਰੂ ਕਰਵਾਈ।
ਹੋਇਆ ਇਉਂ ਕਿ ਗੁਰਿੰਦਰ ਮਾਸਟਰ ਜੀ ਵੀ ਦੂਜੇ ਅਧਿਆਪਕਾਂ ਦੀ ਰੀਸੇ ਸਾਈਕਲ ’ਤੇ ਆਉਣ ਲੱਗੇ। ਉਂਝ, ਜਿਸ ਦਿਨ ਉਹ ਸਾਈਕਲ ਲੈ ਕੇ ਆਏ ਤਾਂ ਸਾਰੇ ਸਕੂਲ ਲਈ ਇਹ ਅਚੰਭੇ ਭਰਿਆ ਦਿਨ ਸੀ। ਉਹੋ ਜਿਹਾ ਸਾਈਕਲ ਕਿਸੇ ਨੇ ਪਹਿਲਾਂ ਨਹੀਂ ਸੀ ਦੇਖਿਆ। ਬਹੁਤ ਸੋਹਣਾ ਸਾਈਕਲ ਸੀ। ਕੀ ਅਧਿਆਪਕ ਤੇ ਕੀ ਵਿਦਿਆਰਥੀ! ਸਾਰੇ ਸਾਈਕਲ ਨੂੰ ਹੈਰਾਨੀ ਨਾਲ ਦੇਖ ਰਹੇ ਸਨ। ਗੁਰੂ ਮਾਸਟਰ ਜੀ ਨੇ ਕਿਹਾ ਕਿ ਇਸ ਨੇ ਤਾਂ ਮੇਰਾ ਭਾਰ ਝੱਲਣਾ ਹੀ ਨਹੀਂ। ਉਨ੍ਹਾਂ ਸਾਈਕਲ ਦਾ ਇਕ ਉਂਗਲ ’ਤੇ ਬਾਲਾ ਵੀ ਕੱਢ ਦਿੱਤਾ। ਸਭ ਤੋਂ ਵੱਧ ਖਿੱਚ ਪਾ ਰਹੇ ਸਨ ਸਾਈਕਲ ਦੇ ਟਾਇਰ ਜੋ ਬਹੁਤ ਪਤਲੇ ਸਨ। ਸਾਰਿਆਂ ਦਾ ਇਹੋ ਕਹਿਣਾ ਸੀ ਕਿ ਗੁਰਿੰਦਰ ਮਾਸਟਰ ਜੀ ਦੇ ਸਾਈਕਲ ਦੇ ਟਾਇਰ ਤਾਂ ਬਸ ਉਂਗਲ ਜਿੰਨੇ ਪਤਲੇ ਨੇ।
ਸਮਾਂ ਆਪਣੀ ਤੋਰ ਤੁਰਦਾ ਰਹਿੰਦਾ ਹੈ। ਮੈਂ ਵੀ ਹੁਣ ਮੁਲਾਜ਼ਮਤ ਤੋਂ ਬਾਅਦ ਰਿਟਾਇਰ ਹੋ ਗਿਆ ਹਾਂ। ਮੇਰੀ ਸਾਈਕਲ ਚਲਾਉਣ ਦੀ ਰੁਚੀ ਨੂੰ ਦੇਖਦਿਆਂ ਸਾਡੇ ਪੁੱਤਰ ਨੇ ਸਾਡੀ ਸਾਲ ਗਿਰ੍ਹਾ ਮੌਕੇ ਐਤਕੀਂ ਮੈਨੂੰ ਸਾਈਕਲ ਦਾ ਤੋਹਫ਼ਾ ਦਿੱਤਾ। ਸਾਈਕਲ ਪਾਰਸਲ ਰਾਹੀਂ ਡੱਬਾਬੰਦ ਪਹੁੰਚਿਆ ਜਿਸ ਨੂੰ ਸਾਈਕਲਾਂ ਵਾਲੀ ਦੁਕਾਨ ’ਤੇ ਜੜਨ ਲਈ ਪਹੁੰਚਾ ਦਿੱਤਾ ਗਿਆ। ਜਦੋਂ ਦੁਕਾਨ ’ਤੇ ਆਪਣਾ ਨਵਾਂ ਸਾਈਕਲ ਲੈਣ ਪਹੁੰਚਿਆ ਤਾਂ ਕੀ ਦੇਖਦਾ ਹਾਂ ਕਿ ਇਹ ਸਾਈਕਲ ਤਾਂ ਮਾਸਟਰ ਗੁਰਿੰਦਰ ਸਿੰਘ ਜੀ ਦੇ ਸਾਈਕਲ ਨਾਲ ਮਿਲਦਾ ਜੁਲਦਾ ਸੀ। ਸਾਈਕਲ ਦੇਖਣ ਸਾਰ ਸਕੂਲ ਦਾ ਉਹ ਦਿਨ ਚੇਤੇ ਆ ਗਿਆ ਜਦੋਂ ਪਹਿਲੇ ਦਿਨ ਮਾਸਟਰ ਗੁਰਿੰਦਰ ਸਿੰਘ ਜੀ ਸਾਈਕਲ ਲੈ ਕੇ ਸਕੂਲ ਆਏ ਸਨ। ਮੇਰੇ ਇਸ ਸਾਈਕਲ ਦੇ ਟਾਇਰ ਵੀ ਗੁਰਿੰਦਰ ਮਾਸਟਰ ਜੀ ਦੇ ਸਾਈਕਲ ਵਾਂਗ ਉਂਗਲ ਜਿੰਨੇ ਪਤਲੇ ਸਨ।

Advertisement

ਸੰਪਰਕ: 98144-65017

Advertisement
Advertisement