ਸ਼ਾਰਟ ਸਰਕਟ ਕਾਰਨ ਸਾਈਕਲ ਦੀ ਦੁਕਾਨ ਨੂੰ ਅੱਗ ਲੱਗੀ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 3 ਫਰਵਰੀ
ਇੱਥੇ ਟੋਹਾਣਾ ਰੋਡ ’ਤੇ ਸਥਿਤ ਨੂਰ ਸਾਈਕਲ ਸਟੋਰ ਵਿੱਚ ਦੇਰ ਰਾਤ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੁਕਾਨ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੇਰ ਰਾਤ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਰਤੀਆ ਦੇ ਟੋਹਾਣਾ ਰੋਡ ’ਤੇ ਟੈਕਸੀ ਸਟੈਂਡ ਦੇ ਸਾਹਮਣੇ ਹੈਪੀ ਮਿੱਤਲ ਨਾਮ ਦਾ ਨੌਜਵਾਨ ਸਾਈਕਲ ਦੀ ਦੁਕਾਨ ’ਤੇ ਕੰਮ ਕਰਦਾ ਹੈ। ਹੈਪੀ ਨੇ ਦੱਸਿਆ ਕਿ ਉਹ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਦੇਰ ਰਾਤ, ਲਗਪਗ 12.30 ਵਜੇ, ਟੋਹਾਣਾ ਰੋਡ ’ਤੇ ਕੰਮ ਕਰਦੇ ਚੌਕੀਦਾਰ ਨੇ ਫ਼ੋਨ ’ਤੇ ਸੂਚਿਤ ਕੀਤਾ ਕਿ ਦੁਕਾਨ ਨੂੰ ਅੱਗ ਲੱਗ ਗਈ ਹੈ। ਸੂਚਨਾ ਮਿਲਦੇ ਹੀ ਦੁਕਾਨ ਮਾਲਕ ਹੈਪੀ ਅਤੇ ਉਸ ਦਾ ਪਰਿਵਾਰ ਮੌਕੇ ’ਤੇ ਪਹੁੰਚੇ। ਜਿਵੇਂ ਹੀ ਹੈਪੀ ਨੇ ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਦੁਕਾਨ ਦਾ ਸ਼ਟਰ ਖੋਲ੍ਹਿਆ, ਹਵਾ ਕਾਰਨ ਅੱਗ ਹੋਰ ਵੀ ਭਿਆਨਕ ਹੋ ਗਈ। ਫਾਇਰ ਬ੍ਰਿਗੇਡ ਦੀ ਗੱਡੀ ਦੇ ਅਮਲੇ ਨੇ ਮੌਕੇ ’ਤੇ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਦੁਕਾਨ ਦੇ ਮਾਲਕ ਹੈਪੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਉਨ੍ਹਾਂ ਦੀ ਦੁਕਾਨ ’ਤੇ ਲਗਪਗ 3 ਲੱਖ ਰੁਪਏ ਦੇ ਨਵੇਂ ਸਾਈਕਲ ਪਾਰਟਸ ਵੀ ਆਏ ਸਨ। ਦੁਕਾਨ ਮਾਲਕ ਨੇ ਦੱਸਿਆ ਕਿ ਕਰੀਬ 15 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਦੁਕਾਨ ਵਿੱਚ ਪਏ ਸਾਈਕਲ, ਈ-ਸਾਈਕਲ, ਬੱਚਿਆਂ ਦੇ ਟਰਾਈਸਾਈਕਲ, ਟਾਇਰ ਅਤੇ ਸਾਈਕਲਾਂ ਵਿੱਚ ਵਰਤੇ ਜਾਣ ਵਾਲੇ ਉਪਕਰਣ ਸੜ ਗਏ।
ਅੱਗ ’ਚ ਝੁਲਸੇ ਕਰਮਚਾਰੀ ਦੀ ਮੌਤ
ਟੋਹਾਣਾ (ਪੱਤਰ ਪ੍ਰੇਰਕ):
ਇੱਥੇ ਕੁਲਾਂ-ਭੂਨਾ ਰੋਡ ’ਤੇ ਪੈਂਦੇ ਸਟਰਾ ਬੋਰਡ ਕਾਰਖਾਨੇ ਵਿੱਚ ਵੈਲਡਿੰਗ ਕਰਦੇ ਸਮੇਂ ਨਿਕਲੀ ਚੰਗਿਆੜੀ ਨਾਲ ਭੜਕੀ ਅੱਗ ਨਾਲ ਝੁਲਸੇ ਕਰਮਚਾਰੀ ਬਲਜੀਤ ਸਿੰਘ (65) ਦੀ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ 11ਵੇਂ ਦਿਨ ਮੌਤ ਹੋ ਗਈ। ਮ੍ਰਿਤਕ ਪਿੰਡ ਕਾਨੀਖੇੜੀ ਦਾ ਰਹਿਣ ਵਾਲਾ ਸੀ ਤੇ ਉਸ ਦੀਆਂ ਤਿੰਨ ਧੀਆਂ ਅਤੇ ਦੋ ਪੁੱਤਰ ਹਨ। ਜਾਣਕਾਰੀ ਮੁਤਾਬਿਕ 20 ਜਨਵਰੀ ਨੂੰ ਕਾਰਖਾਨੇ ਵਿੱਚ ਰਘੁਵੀਰ ਮਿਸਤਰੀ ਵੈਲਡਿੰਗ ਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਇਕ ਚੰਗਿਆੜੀ ਨਿਕਲੀ ਤੇ ਕੋਲ ਪਏ ਭੂਸੇ ਵਿੱਚ ਫੈਲਦੀ ਗਈ। ਇਸ ਦੌਰਾਨ ਨਾਲ ਹੀ ਪਏ ਡੀਜ਼ਲ ਟੈਂਕ ਵਿੱਚ ਧਮਾਕਾ ਹੋਣ ’ਤੇ ਮਿਸਤਰੀ ਰਘੁਵੀਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਸੀ। ਬਲਜੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਹੋਣ ’ਤੇ ਹਿਸਾਰ ਦੇ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।