ਬੀਬੀ ਖ਼ਾਲਸਾ ‘ਭਾਈ ਘਨ੍ਹੱਈਆ ਜੀ ਸੇਵਾ ਐਵਾਰਡ’ ਨਾਲ ਸਨਮਾਨਿਤ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਅਕਤੂਬਰ
ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਈ ਬਲਾਕ, ਭਾਈ ਰਣਧੀਰ ਸਿੰਘ ਨਗਰ ਵਿੱਚ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ ਬੀਬੀ ਬਲਜੀਤ ਕੌਰ ਖਾਲਸਾ ਕੈਨੇਡਾ ਨੂੰ ‘ਭਾਈ ਘਨ੍ਹੱਈਆ ਜੀ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਗਾਤਾਰ ਸੱਤ ਦਿਨ ਸ੍ਰੀ ਗੁਰੂ ਨਾਨਕ ਮਿਸ਼ਨ ਦੇ ਮੁੱਖ ਸੇਵਾਦਾਰ ਬੀਬੀ ਬਲਜੀਤ ਕੌਰ ਨੇ ਗੁਰਮਤਿ ਵਿਚਾਰ, ਕਥਾ, ਨਾਮ ਸਿਮਰਨ ਅਤੇ ਯੋਗਾ ਰਾਹੀਂ ਤੰਦਰੁਸਤ ਰਹਿ ਕੇ ਜੀਵਨ ਜਿਊਣ ਦੀ ਜਾਚ ਬਾਰੇ ਦੱਸਿਆ। ਇਸ ਮੌਕੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਸਰਪੰਚ ਨਿਰਮਲ ਸਿੰਘ ਬੇਰਕਲਾਂ, ਬਲਦੇਵ ਸਿੰਘ ਸੰਧੂ ਅਤੇ ਜੁਝਾਰ ਸਿੰਘ ਨੇ ਬੀਬੀ ਬਲਜੀਤ ਕੌਰ ਖਾਲਸਾ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਸੰਗ ਸਭਾ ਨੇ ਵੀ ਬੀਬੀ ਬਲਜੀਤ ਕੌਰ ਖਾਲਸਾ ਦਾ ਸਨਮਾਨ ਕੀਤਾ। ਸਮਾਗਮ ਦੌਰਾਨ ਸੱਤਿਆਪਾਲ ਸਿੰਘ ਗੋਲਡੀ, ਸੁਰਿੰਦਰ ਸਿੰਘ ਕੀਵੀ, ਗੁਲਬਹਾਰ ਸਿੰਘ, ਪ੍ਰਭਜੋਤ ਸਿੰਘ ਅਤੇ ਬੀਬੀ ਇੰਦਰਜੀਤ ਕੌਰ ਹਾਜ਼ਰ ਸਨ।