For the best experience, open
https://m.punjabitribuneonline.com
on your mobile browser.
Advertisement

ਬੀਬੀ ਜਗੀਰ ਕੌਰ ਨੇ ਅਕਾਲ ਤਖ਼ਤ ’ਤੇ ਸਪਸ਼ਟੀਕਰਨ ਸੌਂਪਿਆ

08:47 AM Oct 03, 2024 IST
ਬੀਬੀ ਜਗੀਰ ਕੌਰ ਨੇ ਅਕਾਲ ਤਖ਼ਤ ’ਤੇ ਸਪਸ਼ਟੀਕਰਨ ਸੌਂਪਿਆ
ਅਕਾਲ ਤਖ਼ਤ ’ਤੇ ਸਪਸ਼ਟੀਕਰਨ ਸੌਂਪਣ ਮਗਰੋਂ ਬਾਹਰ ਆਉਂਦੇ ਹੋਏ ਬੀਬੀ ਜਾਗੀਰ ਕੌਰ। -ਫੋਟੋ: ਵਿਸ਼ਾਲ ਕੁਮਾਰ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਅਕਤੂਬਰ
ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਆਗੂ ਬੀਬੀ ਜਗੀਰ ਕੌਰ ਨੇ ਅੱਜ ਇੱਥੇ ਅਕਾਲ ਤਖ਼ਤ ਵਿਖੇ ਆਪਣਾ ਸਪਸ਼ਟੀਕਰਨ ਸੌਂਪ ਦਿੱਤਾ ਹੈ। ਉਨ੍ਹਾਂ ਆਪਣੇ ਖਿਲਾਫ਼ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਝੂਠੀ ਸ਼ਿਕਾਇਤ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨੇ 26 ਸਤੰਬਰ ਨੂੰ ਇੱਕ ਪੱਤਰ ਭੇਜ ਕੇ ਬੀਬੀ ਜਗੀਰ ਕੌਰ ਨੂੰ ਹਫ਼ਤੇ ਅੰਦਰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਸਨ। ਪੱਤਰ ਵਿੱਚ ਉਨ੍ਹਾਂ ’ਤੇ ਰੋਮਾਂ ਦੀ ਬੇਅਦਬੀ ਕਰਨ ਅਤੇ ਧੀ ਦੀ ਮੌਤ ਸਬੰਧੀ ਲੱਗੇ ਦੋਸ਼ਾਂ ਦਾ ਸਪਸ਼ਟੀਕਰਨ ਮੰਗਿਆ ਗਿਆ ਸੀ। ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਸਪਸ਼ਟੀਕਰਨ ਸੌਂਪਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਸ ਖਿਲਾਫ਼ ਆਈ ਇਹ ਸ਼ਿਕਾਇਤ ਝੂਠੀ ਤੇ ਬੇਬੁਨਿਆਦ ਹੈ ਜਿਸ ਬਾਰੇ ਪਹਿਲਾਂ ਪੜਤਾਲ ਕਰਵਾ ਲੈਣੀ ਚਾਹੀਦੀ ਸੀ ਅਤੇ ਪੰਜ ਸਿੰਘ ਸਾਹਿਬਾਨ ਨੂੰ ਇਸ ਬਾਰੇ ਵਿਚਾਰ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਤੱਥਾਂ ਦੇ ਉਲਟ ਇਹ ਸ਼ਿਕਾਇਤ ਅਕਾਲ ਤਖ਼ਤ ਦੀ ਮਾਣ-ਮਰਿਆਦਾ ਨੂੰ ਢਾਹ ਲਾਉਣ ਵਾਲੀ ਹੈ ਅਤੇ ਇਸ ਵਿੱਚ ਲਿਖੀ ਇਹ ਇਬਾਰਤ ਨੂੰ ਪੜ੍ਹ ਕੇ ਹਰ ਸਿੱਖ ਅਤੇ ਹਰ ਸਿੱਖ ਬੀਬੀ ਆਪਣੇ ਆਪ ਨੂੰ ਅਪਮਾਨਤ ਮਹਿਸੂਸ ਕਰ ਰਹੀ ਹੈ।
ਦੱਸਣਯੋਗ ਹੈ ਕਿ ਬੀਬੀ ਜਗੀਰ ਕੌਰ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਧੜੇ ਵਿੱਚ ਸ਼ਾਮਲ ਹਨ ਜਿਨਾਂ ਵੱਲੋਂ ਸ੍ਰੀ ਅਕਾਲ ਤਖਤ ’ਤੇ ਇੱਕ ਸ਼ਿਕਾਇਤ ਦੇ ਕੇ ਅਕਾਲੀ ਸਰਕਾਰ ਵੇਲੇ ਹੋਈਆਂ ਗ਼ਲਤੀਆਂ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

Advertisement

ਬੀਬੀ ਜਗੀਰ ਕੌਰ ਨੂੰ ਕੱਢੇ ਨੋਟਿਸ ਦਾ ਮਾਮਲਾ ਭਖਿਆ

ਜਲੰਧਰ (ਪਾਲ ਸਿੰਘ ਨੌਲੀ):

Advertisement

ਅਕਾਲ ਤਖ਼ਤ ਵੱਲੋਂ ਬੀਬੀ ਜਗੀਰ ਕੌਰ ਨੂੰ ਭੇਜੇ ਨੋਟਿਸ ਦਾ ਮਾਮਲਾ ਤੂਲ ਫੜ ਗਿਆ ਹੈ। ਸਿੱਖ ਵਿਦਵਾਨਾਂ ਨੇ ਇਸ ਨੋਟਿਸ ਨੂੰ ਔਰਤ ਜਾਤੀ ਦਾ ਅਪਮਾਨ ਦੱਸਦਿਆਂ ਨਿਖੇਧੀ ਕੀਤੀ ਹੈ। ਬਾਬਾ ਮੱਖਣ ਸ਼ਾਹ ਲੁਬਾਣਾ ਵੈੱਲਫੇਅਰ ਸੁਸਾਇਟੀ ਜਲੰਧਰ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਫਾਊਂਡੇਸ਼ਨ ਚੰਡੀਗੜ੍ਹ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਸਿੰਘ ਸਾਹਿਬ ਨੂੰ ਮਿਲ ਕੇ ਇਹ ਨੋਟਿਸ ਵਾਪਸ ਲੈਣ ਦੀ ਅਪੀਲ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਇਹ ਨੋਟਿਸ ਸਿਆਸੀ ਦਬਾਅ ਤੋਂ ਬਿਨਾਂ ਜਾਰੀ ਨਹੀਂ ਹੋ ਸਕਦਾ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਇਸ ਨੂੰ ਇਤਿਹਾਸਕ ਗ਼ਲਤੀ ਕਰਾਰ ਦਿੰਦਿਆਂ ਕਿਹਾ ਕਿ ਇਹ 300 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਹੈ ਕਿ ਜਾਤੀ ਕਾਰਨਾਂ ਕਰਕੇ ਕਿਸੇ ਸਿੱਖ ਬੀਬੀ ਨੂੰ ਅਕਾਲ ਤਖਤ ਸਾਹਿਬ ਪੇਸ਼ ਹੋਣ ਲਈ ਕਿਹਾ ਗਿਆ ਹੋਵੇ। ਉਧਰ, ਦਲ ਖਾਲਸਾ ਅਤੇ ਸਾਬਕਾ ਆਈਏਐੱਸ ਅਧਿਕਾਰੀ ਤੇ ਸਿੱਖ ਮਾਮਲਿਆਂ ਦੀ ਮਹਾਰਤ ਰੱਖਣ ਵਾਲੇ ਗੁਰਤੇਜ ਸਿੰਘ ਨੇ ਗੁਰਬਾਣੀ ਦੇ ਹਵਾਲੇ ਦੇ ਕੇ ਇਸ ਮਾਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਬੀਬੀ ਜਗੀਰ ਕੌਰ ਤੋਂ ਸਪੱਸ਼ਟੀਕਰਨ ਮੰਗਣ ਨੂੰ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਢਾਹ ਲਗਾਉਣ ਦੇ ਬਰਾਬਰ ਦੱਸਿਆ ਹੈ। ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ) ਅਤੇ ਪ੍ਰੀਤਮ ਸਿੰਘ ਰੁਪਾਲ ਨੇ ਇਸ ਵਰਤਾਰੇ ’ਤੇ ਚਿੰਤਾ ਜ਼ਾਹਿਰ ਕੀਤੀ ਹੈ।

Advertisement
Author Image

joginder kumar

View all posts

Advertisement