Bibek Debroy passes away: ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਬਿਬੇਕ ਦੇਬਰਾਏ ਦਾ ਦੇਹਾਂਤ
ਨਵੀਂ ਦਿੱਲੀ, 1 ਨਵੰਬਰ
ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ (ਈਏਸੀ-ਪੀਐਮ) ਦੇ ਚੇਅਰਮੈਨ ਬਿਬੇਕ ਦੇਬਰਾਏ ਦਾ ਸ਼ੁੱਕਰਵਾਰ ਸਵੇਰੇ ਦੇਹਾਂਤ ਹੋ ਗਿਆ। ਇਹ ਜਾਣਕਾਰੀ ਈਏਸੀ-ਪੀਐਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ। ਉਨ੍ਹਾਂ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ।
ਦੇਬਰਾਏ (69) ਨੇ ਆਪਣੀ ਮੁੱਢਲੀ ਪੜ੍ਹਾਈ ਰਾਮਕ੍ਰਿਸ਼ਨ ਮਿਸ਼ਨ ਸਕੂਲ, ਨਰਿੰਦਰਪੁਰ ਤੋਂ ਕੀਤੀ ਅਤੇ ਉਨ੍ਹਾਂ ਉਚੇਰੀ ਸਿੱਖਿਆ ਪ੍ਰੈਜ਼ੀਡੈਂਸੀ ਕਾਲਜ, ਕੋਲਕਾਤਾ; ਦਿੱਲੀ ਸਕੂਲ ਆਫ਼ ਇਕਨਾਮਿਕਸ ਅਤੇ ਟ੍ਰਿਨਿਟੀ ਕਾਲਜ, ਕੈਂਬ੍ਰਿਜ ਤੋਂ ਹਾਸਲ ਕੀਤੀ। ਪਦਮਸ੍ਰੀ ਪੁਰਸਕਾਰ ਨਾਲ ਸਨਮਾਨਤ ਉੱਘੇ ਅਰਥ ਸ਼ਾਸਤਰੀ ਦੇਬਰਾਏ ਪੁਣੇ ਸਥਿਤ ਗੋਖਲੇ ਇੰਸਟੀਚਿਊਟ ਆਫ ਪਾਲੀਟਿਕਸ ਐਂਡ ਇਕਨਾਮਿਕਸ (GIPE) ਦੇ ਚਾਂਸਲਰ ਵੀ ਰਹਿ ਚੁੱਕੇ ਹਨ। ਉਨ੍ਹਾਂ ਪ੍ਰੈਜ਼ੀਡੈਂਸੀ ਕਾਲਜ, ਕੋਲਕਾਤਾ ਵਿੱਚ ਵੀ ਪੜ੍ਹਾਇਆ; ਭਾਰਤੀ ਵਿਦੇਸ਼ੀ ਵਪਾਰ ਸੰਸਥਾਨ, ਦਿੱਲੀ ਅਤੇ ਕਾਨੂੰਨੀ ਸੁਧਾਰਾਂ 'ਤੇ ਵਿੱਤ ਮੰਤਰਾਲੇਅ ਤੇ ਯੂਐੱਨਡੀਪੀ ਪ੍ਰਾਜੈਕਟ ਡਾਇਰੈਕਟਰ ਵਜੋਂ ਵੀ ਸੇਵਾ ਨਿਭਾਈ। ਉਹ 5 ਜੂਨ, 2019 ਤੱਕ ਨੀਤੀ ਆਯੋਗ ਦਾ ਮੈਂਬਰ ਵੀ ਰਹੇ। ਉਨ੍ਹਾਂ ਕਈ ਕਿਤਾਬਾਂ, ਪੇਪਰਾਂ ਅਤੇ ਪ੍ਰਸਿੱਧ ਲੇਖਾਂ ਦਾ ਲੇਖਨ/ਸੰਪਾਦਨ ਕੀਤਾ ਅਤੇ ਕਈ ਅਖਬਾਰਾਂ ਵਿੱਚ ਸਲਾਹਕਾਰ/ਯੋਗਦਾਨ ਸੰਪਾਦਕ ਵੀ ਰਹੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਬਰਾਏ ਦੇ ਦੇਹਾਂਤ 'ਤੇ ਸੋਗ ਅਤੇ ਦੁੱਜ ਜ਼ਾਹਰ ਕਰਦਿਆਂ ਉਨ੍ਹਾਂ ਨੂੰ 'ਬਹੁਤ ਵੱਡੇ ਵਿਦਵਾਨ' ਕਰਾਰ ਦਿੱਤਾ ਹੈ। ਉਨ੍ਹਾਂ ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉਤੇ ਇਕ ਪੋਸਟ ਪਾਈ ਹੈ ਅਤੇ ਉਨ੍ਹਾਂ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।
ਸ੍ਰੀ ਮੋਦੀ ਨੇ ਆਪਣੀ ਟਵੀਟ ਵਿਚ ਕਿਹਾ, "ਡਾ. ਬਿਬੇਕ ਦੇਬਰਾਏ ਜੀ ਇੱਕ ਮਹਾਨ ਵਿਦਵਾਨ ਸਨ, ਅਰਥ ਸ਼ਾਸਤਰ, ਇਤਿਹਾਸ, ਸੱਭਿਆਚਾਰ, ਰਾਜਨੀਤੀ, ਅਧਿਆਤਮਿਕਤਾ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਉਨ੍ਹਾਂ ਦੀ ਡੂੰਘੀ ਪਕੜ ਸੀ। ਉਨ੍ਹਾਂ ਨੇ ਆਪਣੇ ਕੰਮਾਂ ਰਾਹੀਂ, ਭਾਰਤ ਦੀ ਬੌਧਿਕ ਦ੍ਰਿਸ਼ਾਵਲੀ 'ਤੇ ਇੱਕ ਅਮਿੱਟ ਛਾਪ ਛੱਡੀ। ਜਨਤਕ ਨੀਤੀ ਵਿੱਚ ਉਨ੍ਹਾਂ ਦੇ ਯੋਗਦਾਨ ਤੋਂ ਇਲਾਵਾ, ਉਨ੍ਹਾਂ ਸਾਡੇ ਪ੍ਰਾਚੀਨ ਗ੍ਰੰਥਾਂ 'ਤੇ ਕੰਮ ਕਰਨ ਦਾ ਆਨੰਦ ਮਾਣਿਆ ਅਤੇ ਉਨ੍ਹਾਂ ਨੂੰ ਨੌਜਵਾਨਾਂ ਲਈ ਪਹੁੰਚਯੋਗ ਬਣਾਇਆ।’’ -ਪੀਟੀਆਈ