For the best experience, open
https://m.punjabitribuneonline.com
on your mobile browser.
Advertisement

ਭਾਦੋਂ ਵਰਗੀ ਭੂਆ

07:49 AM Sep 15, 2024 IST
ਭਾਦੋਂ ਵਰਗੀ ਭੂਆ
Advertisement

ਗੁਰਮੇਲ ਸਿੰਘ ਸਿੱਧੂ

Advertisement

ਭਾਦੋਂ ਦੇ ਮਹੀਨੇ ਨੂੰ ਗਰਮ ਅਤੇ ਸਰਦ ਰੁੱਤ ਦਾ ਵਿਚੋਲਾ ਵੀ ਮੰਨਿਆ ਗਿਆ ਹੈ। ਉੱਘੇ ਸੰਤ, ਦਾਰਸ਼ਨਿਕ ਸੰਤ ਸਿੰਘ ਮਸਕੀਨ ਨੇ ਭਾਦੋਂ ਮਹੀਨੇ ਦੀ ਵਿਆਖਿਆ ਗੁਰਬਾਣੀ ਦੇ ਆਧਾਰ ’ਤੇ ਅਤੇ ਮਹੀਨੇ ਦੇ ਸੁਭਾਅ ਅਨੁਸਾਰ ਕੀਤੀ ਹੈ। ਉਨ੍ਹਾਂ ਨੇ ਇਸ ਦੇ ਨਾਂ ਨੂੰ ਵਿਗਿਆਨਕ ਦੱਸਦਿਆਂ ਕਿਹਾ ਕਿ ਭਾਦੋਂ- ਭਾਅ ਦੋਇੰ, ਭਾਵ ਦੋ ਤਰ੍ਹਾਂ ਦੇ ਭਾਅ, ਦੋ ਤਰ੍ਹਾਂ ਦਾ ਵਰਤਾਰਾ, ਦੋ ਭਾਅ - ਜਿਵੇਂ ਹੁਣੇ ਤਾਂ ਕੜਾਕੇ ਦੀ ਧੁੱਪ ਸੀ ਤੇ ਹੁਣੇ ਹੁਣੇ ਠੰਢੀਆਂ ਬੁਛਾੜਾਂ, ਹੁਣੇ ਅਸਹਿ ਗਰਮੀ ਸੀ ਪਰ ਨਾਲ ਹੀ ਤੇਜ਼ੀ ਵਾਲਾ ਖੜਕਵਾਂ ਮੀਂਹ, ਉਹ ਸਾਹਮਣੇ ਧੁੱਪ ਨਜ਼ਰ ਆਉਂਦੀ ਹੈ। ਗਿੱਦੜ ਤੇ ਗਿੱਦੜੀ ਦਾ ਵਿਆਹ ਵੀ ਕਹਿੰਦੇ ਹੁੰਦੇ ਪਹਿਲਾਂ। ਖੇਤ ਮੀਂਹ ਵਰ੍ਹਦਾ ਹੈ, ਪਿੰਡ ਸੁੱਕਾ। ਭਾਦੋਂ ਦੇ ਮਹੀਨੇ ਬਾਰੇ ਲੋਕ ਖ਼ਾਸਕਰ ਕਿਸਾਨ ਜਦੋਂ ਗੱਲਾਂ ਕਰਦੇ ਉਹ ਕਹਿੰਦੇ ਹਨ ਕਿ ਅੱਜ ਅਗਲੇ ਖੇਤਾਂ ਵਿੱਚ ਬੜਾ ਹੀ ਮੀਂਹ ਪਿਆ, ਨਹਿਰੋਂ ਪਾਰ ਵਾਲੇ ਖੇਤਾਂ ਵਿੱਚ ਤੇ ਪਿੰਡ ਨਾਲ ਲੱਗਦੇ ਖੇਤ ਸੁੱਕੇ ਪਏ ਹੁੰਦੇ। ਜਦ ਉਹ ਘਰ ਆ ਕੇ ਟਾਹਲੀ ਵਾਲੇ ਖੇਤ ਮੀਂਹ ਪੈਣ ਦੀ ਗੱਲ ਕਰਦੇ ਤਾਂ ਘਰੇ ਬੀਬੀਆਂ ਉਨ੍ਹਾਂ ਨੂੰ ਕਹਿੰਦੀਆਂ, ‘‘ਐਵੇਂ ਨਾ ਝੂਠ ਮਾਰੀਂ ਜਾਓ, ਗਰਮੀ ਨੇ ਜਾਨ ਕੱਢੀ ਪਈ ਆ। ਕਿੱਥੋਂ ਆ ਗਿਆ ਉੱਥੇ ਹੜ੍ਹ!’’ ਤਾਂ ਕਿਸਾਨ ਨੇ ਕਹਿਣਾ, ‘‘ਕਮਲੀਏ, ਭਾਦੋਂ ਦੇ ਮਹੀਨੇ ਤਾਂ ਵੱਟ ਨਾਲ ਵੱਟ ਛੱਡ ਦਿੰਦਾ। ਆਪਣੇ ਤਾਏ ਨੇ ਹਲ਼ ਜੋੜਿਆ ਹੋਇਆ ਸੀ। ਉਹ ਉਰਲੇ ਖੇਤ ’ਚ ਵਾਹੀ ਜਾਂਦਾ ਸੀ, ਆਪਣੇ ਆਲੇ ਢਾਬਾਂ ਵਾਲੇ ਖੇਤ ’ਚ ਅਸੀਂ ਲੁਕਦੇ ਫਿਰਦੇ ਸੀ ਕਿ ਇੱਥੋਂ ਭੱਜੀਏ। ਭੱਜ ਕੇ ਭਾਂਡਿਆਂ ਵਾਲਾ ਟੋਕਰਾ ਚੁੱਕ ਕੇ ਮੋਟਰ ਵਾਲੇ ਕੋਠੇ ਵਿੱਚ ਵੜੇ। ਮੀਂਹ ਨੇ ਘੇਰ ਲਏ।’’ ਸੋ ਭਾਦੋਂ ਦੇ ਦੋ ਭਾਅ ਦੱਸਦਿਆਂ ਮਸਕੀਨ ਹੋਰਾਂ ਨੇ ਬੰਦੇ ਦੇ ਸੁਭਾਅ ਨੂੰ ਵੀ ਇਸੇ ਤਰ੍ਹਾਂ ਦਰਸਾਇਆ ਹੈ ਕਿ ਕਈ ਬੰਦੇ, ਹੁਣੇ ਤਾਂ ਗੁਰਦੁਆਰੇ ਮੰਦਰ ਬੜੇ ਸ਼ਾਂਤ ਚਿੱਤ ਬੈਠੇ ਸਨ, ਜਦ ਘਰ ਆਏ ਤਾਂ ਆਉਂਦਿਆਂ ਨੇ ਭੜਥੂ ਪਾ ਦਿੱਤਾ ਤਾਂ ਕਿਹਾ ਜਾਂਦਾ ਹੈ ਕਿ ਇਹ ਬੰਦਾ ਭਾਦੋਂ ਦਾ ਮਹੀਨਾ ਹੀ ਆ ਨਿਰਾ। ਇਹਦਾ ਪਤਾ ਨਹੀਂ ਲੱਗਦਾ ਕਿ ਕਦੋਂ ਇਹ ਠੰਢਾ ਹੋ ਜੇ ਤੇ ਕਦੋਂ ਇਹਨੂੰ ਭਾਦੋਂ ਦੀ ਮਹੀਨੇ ਵਾਂਗੂ ਵੱਟ ਚੜ੍ਹ ਜਾਵੇ। ਸੋ ਭਾਦੋਂ ਦੇ ਮਹੀਨੇ ਦੇ ਪਿਛਲੇ ਪੱਖ, ਜਿਵੇਂ ਅੱਜਕੱਲ੍ਹ ਰਾਤ ਦੀ ਠੰਢ ਹੋ ਜਾਂਦੀ ਹੈ ਜੇਠ ਹਾੜ੍ਹ ਦੀ ਅਤਿਅੰਤ ਗਰਮੀ ਤੋਂ ਕਾਫ਼ੀ ਰਾਤ ਮਿਲਦੀ ਹੈ।
ਮਨੁੱਖ ਦੇ ਸੁਭਾਅ ਵਿੱਚ ਵੀ ਦੋ ਵਿਪਰੀਤ ਹਾਲਾਤ ਹੁੰਦੇ ਹਨ: ਕਰੜੀ ਧੁੱਪ ਵਰਗੇ ਵਿਚਾਰ ਵੀ ਅਤੇ ਵਰਖਾ ਵਰਗੀਆਂ ਠੰਢੀਆਂ ਫੁਹਾਰਾਂ ਵੀ। ਇਸ ਸੰਦਰਭ ਵਿੱਚ ਆਪਾਂ ਚਰਚਾ ਕਰਾਂਗੇ ਕਿ ਕਈ ਇਨਸਾਨਾਂ ਦਾ ਸੁਭਾਅ ਭਾਦੋਂ ਮਹੀਨੇ ਨਾਲ ਮੇਲ ਖਾਂਦਾ ਹੈ।
ਸਾਡੀ ਭੂਆ ਬੜੇ ਹੀ ਠੰਢੇ ਸੀਤ ਸੁਭਾਅ ਦੀ ਸੀ। ਉਹਦੇ ਕੋਲ ਵਾਰ-ਵਾਰ ਜਾਣ ਨੂੰ ਜੀਅ ਕਰਦਾ ਸੀ, ਪਰ ਇੱਕ ਦੋ ਕੰਮਾਂ ’ਚ ਭੂਆ ਬੜੀ ਕੋਰੀ ਸੀ। ਸਾਡੀ ਸੇਵਾ ਤਾਂ ਉਹ ਖ਼ੂੁਬ ਦਿਲ ਲਾ ਕੇ ਕਰਦੀ, ਦੁੱਧ ਘਿਓ ਦੀ, ਸਿਆਲ ਦੇ ਮਹੀਨੇ ਤੱਤਾ ਪਾਣੀ ਪੈਰ ਹੱਥ ਧੋਣ ਨੂੰ, ਮੰਜਿਆਂ ’ਚ ਬੈਠਿਆਂ ਨੂੰ ਦੁੱਧ ਫੜਾਉਣਾ, ਹੋਰ ਵੀ ਚੁੱਲ੍ਹੇ ਬਣਦੀਆਂ ਖਾਣ ਚੀਜ਼ਾਂ, ਜਿਵੇਂ ਘਰ ਤੌੜਿਆਂ ’ਤੇ ਆਪ ਹੱਥੀਂ ਵੱਟੀਆਂ ਤੇ ਕਰੀਰਾਂ ’ਤੇ ਸੁਕਾਈਆਂ ਸੇਵੀਆਂ, ਘਰ ਦੇ ਤੇਲ ਦੇ ਗੁਲਗਲੇ ਪੂੜੇ, ਖੀਰ, ਮਿੱਠੀਆਂ ਰੋਟੀਆਂ, ਪੰਜੀਰੀ, ਘਰ ਦੇ ਘਿਉ ਦਾ ਕੜਾਹ ਪ੍ਰਸ਼ਾਦ ਆਦਿ ਉਹ ਸਭ ਕੁਝ, ਜੋ ਹੱਥੀਂ ਬਣ ਸਕਦਾ ਸੀ, ਬੜੇ ਪਿਆਰ ਨਾਲ ਬਣਾ ਕੇ ਸਭ ਨੂੰ ਖੁਆਉਂਦੀ, ਪਰ ਜਦੋਂ ਕੋਈ ਬੱਚਾ ਇੱਲਤ ਕਰਦਾ ਜਾਂ ਆਖੇ ਨਾ ਲੱਗਦਾ ਤਾਂ ਉਹ ਭਾਦੋਂ ਦੇ ਬੱਦਲ ਦੀ ਤਰ੍ਹਾਂ ਤੜ ਤੜ ਵੀ ਕਰਦੀ ਤੇ ਖੜਕਾ ਦੜਕਾ ਕਰ ਕੇ ਸਭ ਨੂੰ ਅਨੁਸ਼ਾਸਨ ਵਿੱਚ ਰੱਖਦੀ।
ਇੱਕ ਵਾਰ ਦੀ ਗੱਲ ਹੈ ਮੌਸਮ ਗਰਮੀਆਂ ਦਾ ਸੀ। ਸਾਰਾ ਟੱਬਰ ਕੋਠੇ ’ਤੇ ਸੌਂਦਾ ਸੀ। ਬਸ ਇਕੱਲਾ ਸਾਡਾ ਫੁੱਫੜ ਹੇਠਾਂ ਵਿਹੜੇ ਵਿੱਚ ਮੱਝਾਂ, ਗਾਵਾਂ, ਬਲਦਾਂ ਕੋਲ ਸਰ੍ਹਾਣੇ ਡਾਂਗ ਧਰ ਕੇ ਪੈਂਦਾ ਸੀ ਕਿ ਕੋਈ ਚੋਰ ਉਚੱਕਾ, ਆਵਾਰਾ ਪਸ਼ੂ ਜਾਂ ਢੱਠਾ ਝੋਟਾ ਮਾਲ ਡੰਗਰ ਨੂੰ ਤੰਗ ਨਾ ਕਰੇ। ਤੜਕੇ ਤੜਕੇ ਕੋਠੇ ਤੋਂ ਉਤਰਕੇ ਹੇਠਾਂ ਨਲਕੇ ’ਤੇ ਮੂੰਹ ਧੋ ਕੇ, ਚੁੱਲ੍ਹੇ ਮੂਹਰੇ ਚਾਹ ਵਾਲੇ ਪਤੀਲੇ ਕੋਲ ਆ ਬੈਠੇ, ਜਿੱਥੇ ਭੂਆ ਪਹਿਲਾਂ ਹੀ ਬੈਠੀ ਸੀ, ਉਹ ਆਪ ਚਾਹ ਵਾਲੇ ਭਰੇ ਪਤੀਲੇ ਵਿੱਚੋਂ ਪਿੱਤਲ ਦੇ ਪਲ਼ੇ ਨਾਲ ਬਿਨਾਂ ਚਾਹ ਪੋਣੀ ਤੋਂ ਨਿੱਤਰਵੀਂ ਨਿੱਤਰਵੀਂ ਚਾਹ ਸਭ ਨੂੰ ਵਰਤਾ ਰਹੀ ਸੀ। ਸਾਨੂੰ ਸਾਰਿਆਂ ਨੂੰ ਵੇਖਕੇ ਚਾਰ ਪੰਜ ਬਾਟੀਆਂ ਚਾਹ ਦੀਆਂ ਭਰ ਦਿੱਤੀਆਂ। ਉਦੋਂ ਗਿਲਾਸ ਪਿਆਲੀਆਂ, ਕੱਪ ਅਜੇ ਪਿੰਡਾਂ ਵਿੱਚ ਟਾਵੇਂ ਟਾਵੇਂ ਘਰਾਂ ਵਿੱਚ ਆਏ ਸਨ ਉਹ ਵੀ ਪੜ੍ਹਿਆਂ ਲਿਖਿਆਂ ਵਾਸਤੇ। ਹਾਂ ਪਿੰਡ ਦੀ ‘ਸਾਂਝੀਂ ਵੇਲ’ ਦੇ ਭਾਂਡਿਆਂ ਵਿੱਚ ਹੀ ਵੱਡੇ ਵੱਡੇ ਗਲਾਸ ਹੁੰਦੇ ਜਾਂ ਬੇਬੇ ਦੀ ਪੇਟੀ ਸੰਭਾਲੇ ਫੁੱਲ ਬੂਟੀਆਂ ਵਾਲੇ ਵੱਡ ਅਕਾਰੀ ਗਲਾਸ ਜੋ ਰਿਸ਼ਤੇਦਾਰਾਂ ਨੂੰ ਵਿਖਾਉਣ ਵਾਸਤੇ ਹੀ ਹੁੰਦੇ ਸਨ। ਵਿਆਹ ਸ਼ਾਦੀਆਂ ਦੇ ਦਾਜ ਦਹੇਜ ਵਾਲੇ ਗਲਾਸ, ਕਿਲੋ ਪੌਣਾ ਕਿਲੋ ਸਾਮਾਨ ਪੈਣ ਵਾਲੇ ਹੁੰਦੇ। ਪੀੜ੍ਹੀਆਂ, ਫੱਟੀਆਂ ’ਤੇ ਬੈਠੇ ਅਸੀਂ ਲੱਤਾਂ ਬਾਹਾਂ ਵੀ ਫੈਲਾ ਰਹੇ ਸੀ, ਲੱਤਾਂ ਨਿਸਾਲ ਕੇ। ਅਚਾਨਕ ਮੇਰੀ ਲੱਤ ਚਾਹ ਵਾਲੀ ਬਾਟੀ ਦੇ ਨੇੜੇ ਪਹੁੰਚਣ ਹੀ ਲੱਗੀ ਸੀ, ਮੇਰਾ ਵੱਡਾ ਭਾਈ ਕਹਿੰਦਾ, ‘‘ਭੂਆ ਜੀ, ਇਹ ਚਾਹ ਡੋਲੂਗਾ। ਵੇਖੋ ਲੱਤਾਂ ਮਾਰੀ ਜਾਂਦਾ।’’ ਭੂਆ ਹੌਲੀ ਆਵਾਜ਼ ਵਿੱਚ ਪਿਆਰ ਜਿਹੇ ਨਾਲ ਕਹਿੰਦੀ, ‘‘ਪੀਵੇ ਡੋਲ੍ਹੇ, ਭਾਈ, ਚਾਹ ਹੋਰ ਹੈਨੀ, ਇਹਦੀ ਆਹੀ ਆ! ਮੈਂ ਝੱਟ ਦੇਣੇ ਲੱਤਾਂ ਇਕੱਠੀਆਂ ਕਰਕੇ ਦੋਵੇਂ ਹੱਥ ਪਲਾਸ ਵਾਂਗੂ ਚਾਹ ਵਾਲੀ ਬਾਟੀ ਨੂੰ ਪਾ ਕੇ ਮੂੰਹ ਨੂੰ ਲਾ ਗਟ ਗਟ ਪੀ ਗਿਆ ਤਾਂ ਨਾਲ ਹੀ ਭੂਆ ਕਹਿੰਦੀ, ‘‘ਪੁੱਤ, ਹੋਰ ਪਾਵਾਂ?’’ ਮੈਂ ਕਿਹਾ, ‘‘ਭੂਆ ਹੁਣ ਤਾਂ ਤੂੰ ਕਹਿੰਦੀ ਸੀ ਆਹੀ ਚਾਹ ਡੋਲ੍ਹ ਭਾਵੇਂ ਪੀ।’’ ‘‘ਹਾਂ, ਜੇ ਡੋਲ੍ਹ ਦਿੰਦਾ ਤੈਨੂੰ ਹੋਰ ਚਾਹ ਨਹੀਂ ਮਿਲਣੀ ਸੀ, ਉਨ੍ਹਾਂ ਸਮਿਆਂ ਵਿੱਚ ਦੋ ਦੋ, ਤਿੰਨ ਵਾਰ ਚਾਹ ਪਵਾ ਕੇ ਆਮ ਹੀ ਪੀ ਜਾਂਦੇ ਸੀ। ਰੱਜ ਕੇ ਉੱਠਦੇ ਸਾਰੇ। ਫੁੱਫੜ ਹੋਰੀਂ ਪਰ੍ਹੈ ਦਰਵਾਜ਼ੇ ਬਾਰਗੇ ਬੈਠੇ ਮੰਜੇ ’ਤੇ ਤੁੰਬੇ ਵਿੱਚੋਂ ਲਾਭੂ ਹਲਵਾਈ ਵਾਂਗ ਤਹਾਂ ਚੱਕ ਚੱਕ ਕੇ ਹਵਾ ਕੱਢਦੇ, ਉਲਟਾ -ਪੁਲਟਾ ਕਰਦੇ, ਕੱਚੇ ਦੁੱਧ ਦੀ ਚਾਹ ਉੱਤੇ ਲੱਸੀ ਦੀ ਤਰ੍ਹਾਂ ਝੱਗ ਆ ਜਾਂਦੀ। ਫੁੱਫੜ ਇੱਕ ਹੱਥ ਨਾਲ ਆਪਣੀਆਂ ਮੁੱਛਾਂ ਸੰਵਾਰ ਸੰਵਾਰ ਕੇ ਭਰਿਆ ਤੂੰਬਾ ਸੜਾਕ ਜਾਂਦਾ ਤੇ ਵੱਡਾ ਸਾਰਾ ਡਕਾਰ ਮਾਰਦਾ। ਭੂਆ ਚੁੱਲ੍ਹੇ ’ਤੇ ਬੈਠੀ ਸਮਝ ਜਾਂਦੀ ਕਿ ਚਾਹ ਦਾ ਕੰਮ ਨਿਬੜਿਆ। ਹੁਣ ਭਾਂਡਾ ਠੀਕਰ ਸਾਂਭ ਕੇ, ਟੱਬਰ ਦੀ ਹਾਜ਼ਰੀ ਰੋਟੀ ਬਣਾਵਾਂ, ਮੁੰਡੇ ਮੂੰਹ ਨੇਰ੍ਹੇ ਦੇ ਖੇਤ ਗਏ ਹਨ।
ਭੂਆ ਦਾ ਇੱਕ ਰੂਪ ਇਹ ਵੀ ਹੈ, ਇਹ ਜਿੰਨੀਆਂ ਬੀਬੀਆਂ ਭੂਆ ਦੇ ਰੂਪ ਵਿੱਚ ਆਪਣੇ ਪੇਕੀਂ ਜਾਂਦੀਆਂ ਹਨ ਤਾਂ ਉਦੋਂ ਉਹ ਵੀ ਭਾਦੋਂ ਦੇ ਪਿਛਲੇ ਪੱਖ ਵਰਗੀ ਹੀ ਹੁੰਦੀਆਂ ਹਨ, ਭਾਵ ਪਹਿਲਾਂ ਨਾਲੋਂ ਕੁਝ ਤਣਾਅ ਮੁਕਤ ਅਤੇ ਸਥਿਰ ਠੰਢੀ ਸੋਚ ਵਾਲੀਆਂ। ਮੇਰੇ ਨਾਨਕੇ ਪਿੰਡ ਕੋਠੜੇ ਵੀ ਮੇਰੀ ਮਾਂ ਨੂੰ ਉਡੀਕਦੇ ਸੀ ਕਿ ਬੁਢਲਾਡੇ ਵਾਲੀ ਭੂਆ ਕਦੋਂ ਆਵੇਗੀ ਕਿਉਂਕਿ ਰਿਸ਼ਤੇਦਾਰ ਆਏ-ਗਏ ਤੋਂ ਬੱਚਿਆਂ ਨੂੰ ਕਾਫ਼ੀ ਰਿਆਇਤਾਂ ਮੁਫ਼ਤ ਵਿੱਚ ਮਿਲ ਜਾਂਦੀਆਂ ਹਨ, ਭੂਆ ਦੀ ਸ਼ਹਿ ਵੀ। ਕਿਉਂਕਿ ਆਪਣੇ ਭਤੀਜਿਆਂ ਕੋਲ ਉਹ ਜਦੋਂ ਆ ਜਾਂਦੀਆਂ ਤਾਂ ਆਦਰ ਆਓ ਭਗਤ ਤਾਂ ਹੋਣਾ ਹੀ ਹੋਣਾ, ਉੱਥੇ ਭੂਆ ਕੋਲ ਕੋਈ ਬਾਅਲਾ ਕੰਮ ਦਾ ਵਜ਼ਨ ਵੀ ਨਹੀਂ ਹੁੰਦਾ ਸਗੋਂ ਉਹਨੂੰ ਕੰਮ ਕਰਨ ਤੋਂ ਰੋਕਿਆ ਜਾਂਦਾ। ਅਖੇ, ‘ਭੂਆ ਜੀ ਤੁਸੀਂ ਰਹਿਣ ਦਿਓ ਮੈਂ ਆਪੇ ਸਬਜ਼ੀ ਕੱਟ ਲਵਾਂਗੀ’। ਆਹ ਥੋੜ੍ਹੀ ਜਿਹੀ ਚਾਹ ਬਣਾਈ ਆ ਦੁਬਾਰਾ ਪੀ ਕੇ ਦੱਸੋ ਤੇ ਨਾਲ ਨਾਲ ਗੱਲਾਂਬਾਤਾਂ ਖ਼ੈਰ ਸੁੱਖ ਏਧਰ ਓਧਰ ਦੀਆਂ। ਚੁੱਲ੍ਹੇ ’ਤੇ ਜਾਣੋ ਰਿਸ਼ਤਿਆਂ ਦੀ ਜਾਣਕਾਰੀ ਦਾ ਬਠਿੰਡੇ ਦਾ ਰੇਲਾਂ ਵਾਲਾ ਜੰਕਸ਼ਨ ਬਣ ਜਾਂਦਾ, ਤਾਜ਼ੀ ਤੁਰਦੀ ਗੱਡੀ ਵਰਗਾ ਕਿ ਫਲਾਣੇ ਦਾ ਰਿਸ਼ਤਾ ਹੋ ਗਿਆ, ਔਹ ਖੇਤ ਵਾਲਿਆਂ ਦਾ ਟੁੱਟ ਗਿਆ, ਦੂਜੇ ਘਰ ਵਾਲਿਆਂ ਦੇ ਦੋਹਤਾ ਹੋਇਆ, ਵੱਡੀ ਕੁੜੀ ਦਾ ਮੁੰਡਾ ਜੀਤਾ ਫ਼ੌਜ ਵਿੱਚ ਭਰਤੀ ਹੋ ਗਿਆ ਤੇ ਛੋਟਾ ਕਨੇਡਾ ਚੱਲਿਆ ਪਰਸੋਂ ਨੂੰ। ਜੋ ਕਿਸੇ ਕਿਤਾਬ ਵਿੱਚੋਂ ਜਾਂ ਲਿਖਤੀ ਦਸਤਾਵੇਜ਼ਾਂ ਵਿੱਚੋਂ ਨਾ ਮਿਲਦਾ, ਉਹਦਾ ਚੁੱਲ੍ਹੇ ’ਤੇ ਤਰੋ ਤਾਜ਼ਾ ਅਤੇ ਅਸੀਮ ਵਟਾਂਦਰਾ ਹੁੰਦਾ। ਭੂਆ ਭਤੀਜਿਆਂ ਦੇ ਪਾਏ ਨਵੇਂ ਘਰ ਦੀ ਪ੍ਰਸੰਸਾ ਕਰਦੀ, ਨਾਲ ਆਪਣੇ ਕੁਮੈਂਟਰੀ ਦੇ ਰੂਪ ਵਿੱਚ ਸੁਝਾਅ ਵੀ ਦੇਈ ਜਾਂਦੀ। ਅਗਲੇ ਦਿਨ ਜੇ ਭੂਆ ਨੂੰ ਉੱਥੋਂ ਵਾਪਸੀ ਤੁਰਨ ਬਾਰੇ ਪੁੱਛਦੇ ਤਾਂ ਭੂਆ ਭਾਦੋਂ ਦਾ ਪਹਿਲਾ ਪੱਖ ਬਣ ਜਾਂਦੀ, ‘‘ਤੜਕੇ ਈ ਤੁਰ ਪਵਾਂ? ਦਿਨ ਚੜ੍ਹਿਆ ਨਹੀਂ, ਬੱਸ ’ਤੇ ਝੂਟਾ ਲੈਣਾ ਦਾ ਚਾਅ ਸੀ, ਹੁਣ ਦੋ ਦਿਨ ਰਹਿ ਪਵਾਂ ਛੁੱਟੀਆਂ ਈ ਨੇ। ਐਤਵਾਰ ਨੂੰ ਦੁਪਹਿਰੇ ਜਾਂ ਸੋਮਵਾਰ ਪਹਿਲੀ ਬੱਸ ਚਲਾਂਗੇ!’’
ਪੇਕੀਂ ਆ ਕੇ ਭੂਆ ਦਾ ਹਾਸਾ, ਸੁਭਾਅ ਅਤੇ ਵਰਤਾਅ ਸੱਚਮੁੱਚ ਭਾਦੋਂ ਦੇ ਪਿਛਲੇ ਪੱਖ ਵਰਗਾ ਹੀ ਹੁੰਦਾ ਤੇ ਕਾਫ਼ੀ ਠੀਕ ਵੀ ਲੱਗਦਾ। ਸੋਚਦਾ ਹਾਂ ਕਿ ਇੱਥੇ ਆ ਕੇ ਤਾਂ ਇਹ ਅੱਸੂ ਦਾ ਮਹੀਨਾ ਹੀ ਬਣੀ ਪਈ ਹੈ। ਕਾਸ਼! ਸਾਰੇ ਮਹੀਨੇ ਅੱਸੂ ਦੇ ਹੀ ਹੋਣ।
ਅੱਜ ਅਫ਼ਸੋਸ ਅਤੇ ਝੋਰਾ ਇਸ ਗੱਲ ਦਾ ਹੈ ਕਿ ਅਜੋਕੇ ਪਦਾਰਥਵਾਦੀ ਅਤੇ ਸੁਆਰਥਵਾਦੀ ਯੁੱਗ ਵਿੱਚ ਸੱਚੀਂਮੁੱਚੀਂ ਭੂਆ ਦਾ ਰਿਸ਼ਤਾ ਭਾਦੋਂ ਦੇ ਮਹੀਨੇ ਵਰਗਾ ਕਰੜੇ ਸੁਭਾਅ ਦਾ ਵੀ ਵੇਖਣ ਨੂੰ ਮਿਲਦਾ ਹੈ। ਫਿਰ ਵੀ ਰਿਸ਼ਤਿਆਂ ਦੀ ਕੀਮਤ ਨਹੀਂ, ਰਿਸ਼ਤੇ ਬੇਸ਼ਕੀਮਤੀ ਹੁੰਦੇ ਹਨ ਤੇ ਸਦਾ ਰਹਿਣਗੇ।
ਸੰਪਰਕ: 95921-82111

Advertisement

Advertisement
Author Image

Advertisement