ਭੁੱਟੀਵਾਲਾ: ਪੰਚਾਇਤੀ ਜ਼ਮੀਨ ਦੀ ਚੁੱਪ-ਚੁਪੀਤੇ ਬੋਲੀ ਤੋਂ ਮਜ਼ਦੂਰ ਖ਼ਫਾ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 6 ਜੂਨ
ਪਿੰਡ ਭੁੱਟੀਵਾਲਾ ਵਿੱਚ 5 ਮਈ ਨੂੰ ਪੰਚਾਇਤੀ ਜ਼ਮੀਨ ਦੀ ਹੋਈ ਬੋਲੀ ਨੂੰ ਨੇਮਾਂ ਦੇ ਵਿਰੁੱੱਧ ਕਰਾਰ ਦਿੰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਬੋਲੀ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਬਾਜ ਸਿੰਘ ਭੁੱਟੀਵਾਲਾ ਨੇ ਦੱਸਿਆ ਕਿ ਪਿੰਡ ਦੀ 10 ਏਕੜ ਪੰਚਾਇਤੀ ਜ਼ਮੀਨ ‘ਚ 3 ਕਿਲੇ 2 ਕਨਾਲ ਰਕਬਾ ਅਨੁਸੂਚਿਤ ਜਾਤੀ ਦਾ ਬਣਦਾ ਹੈ ਪਰ ਇਸ ਰਕਬੇ ਉਪਰ ਜਨਰਲ ਵਰਗ ਹੀ ਕਾਬਜ਼ ਰਹਿੰਦਾ ਹੈ। ਇਸ ਵਾਰ ਵੀ 5 ਮਈ ਨੂੰ ਬੋਲੀ ਹੋਣ ਦੀ ਮਨਿਆਦੀ ਉਸ ਵੇਲੇ ਕੀਤੀ ਗਈ ਜਦੋਂ ਬਹੁਤੇ ਖੇਤ ਮਜ਼ਦੂਰਾਂ ਕੰਮਾਂ ‘ਤੇ ਚਲੇ ਗਏ ਸਨ। ਬਾਅਦ ਵਿੱਚ ਜਨਰਲ ਵਰਗ ਦੇ ਲੋਕਾਂ ਨੇ ਆਪਣੇ ਸੀਰੀਆਂ ਨੂੰ ਖੜ੍ਹਾ ਕਰਕੇ ਬੋਲੀ ਤੁੜਵਾ ਲਈ। ਉਨ੍ਹਾਂ ਮੰਗ ਕੀਤੀ ਕਿ ਇਹ ਬੋਲੀ ਰੱਦ ਕੀਤੀ ਜਾਵੇ ਅਤੇ ਮੁੜ ਨਵੀਂ ਬੋਲੀ ਅਗਾਊਂ ਸੂਚਨਾ ਦੇ ਕੇ ਸਮੂਹ ਪਿੰਡ ਦੇ ਸਾਹਮਣੇ ਕਰਵਾਈ ਜਾਵੇ ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਬਿੰਦਰ ਸਿੰਘ, ਭੋਲਾ ਸਿੰਘ, ਭਿੰਦਰ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਸੁਖਜੀਤ ਕੌਰ, ਸੁਖਦੇਵ ਕੌਰ, ਬਲਜੀਤ ਕੌਰ ਤੇ ਤੇਜ ਕੌਰ ਵੀ ਮੌਜੂਦ ਸਨ। ਬਲਾਕ ਵਿਕਾਸ ਤੇ ਪੰਚਾਇਤ ਅਫਸਰ ਰਕੇਸ਼ ਬਿਸ਼ਨੋਈ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਪਿੰਡ ਭੁੱਟੀਵਾਲਾ ਗਏ ਸਨ ਤੇ ਪੰਚਾਇਤ ਨੂੰ ਬੋਲੀ ਤੋਂ ਪਹਿਲਾਂ ਲਗਾਤਾਰ ਦੋ ਦਿਨ ਮਨਿਆਦੀ ਕਰਾਉਣ ਦੀ ਤਾਕੀਦ ਕੀਤੀ ਸੀ ਜੇਕਰ ਫਿਰ ਵੀ ਕਿਤੇ ਨਿਯਮਾਂ ਦੀ ਅਣਦੇਖੀ ਹੋਈ ਹੈ ਤਾਂ ਉਹ ਪੜਤਾਲ ਕਰਵਾਕੇ ਬੋਲੀ ਰੱਦ ਕਰਵਾ ਦੇਣਗੇ।