ਭੂਟਾਨ: ਸੰਸਦੀ ਚੋਣਾਂ ਵਿੱਚ ਪੀਪਲਜ਼ ਡੈਮੋਕਰੈਟਿਕ ਪਾਰਟੀ ਜੇਤੂ
ਥਿੰਪੂ, 9 ਜਨਵਰੀ
ਭੂਟਾਨ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਅੱਜ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਹਨ ਅਤੇ ਉਹ ਨਵੀਂ ਸਰਕਾਰ ਬਣਾਏਗੀ। ਲੋਕਾਂ ਨੂੰ ਉਮੀਦ ਹੈ ਕਿ ਨੇਤਾ ਹੁਣ ਹਿਮਾਲਿਆਈ ਦੇਸ਼ ’ਚ ਆਰਥਿਕ ਸੰਕਟ ਨੂੰ ਦੂਰ ਕਰਨ ਦਾ ਵਾਅਦਾ ਪੁਗਾਉਣਗੇ। ਕੌਮੀ ਪ੍ਰਸਾਰਕ ਭੂਟਾਨ ਬਰਾਡਕਾਸਟਿੰਗ ਸਰਵਿਸ ਵੱਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਕ ਪੀਡੀਪੀ ਨੇ 47 ਮੈਂਬਰੀ ਕੌਮੀ ਅਸੈਂਬਲੀ ’ਚ 30 ਸੀਟਾਂ ਜਿੱਤੀਆਂ ਹਨ ਜਦਕਿ ਭੂਟਾਨ ਟੈਂਡਰੇਲ ਪਾਰਟੀ ਨੂੰ 17 ਸੀਟਾਂ ਮਿਲੀਆਂ ਹਨ। ਸਾਲ 2008 ਵਿੱਚ ਰਵਾਇਤੀ ਰਾਜ ਪ੍ਰਣਾਲੀ ਤੋਂ ਸੰਸਦੀ ਸਰਕਾਰ ’ਚ ਬਦਲਣ ਮਗਰੋਂ ਭੂਟਾਨ ਵਿੱਚ ਇਹ ਚੌਥੀਆਂ ਆਮ ਚੋਣਾਂ ਹਨ। ਭੂਟਾਨ ਦੇ ਚੋਣ ਕਮਿਸ਼ਨ ਵੱਲੋਂ ਆਖਰੀ ਨਤੀਜੇ ਬੁੱਧਵਾਰ ਨੂੰ ਜਾਰੀ ਕੀਤੇ ਜਾਣਗੇ। ਚੋਣਾਂ ਵਿੱਚ ਸਿਰਫ ਸਾਬਕਾ ਪ੍ਰਧਾਨ ਮੰਤਰੀ ਤਸ਼ੇਰਿੰਗ ਟੋਬਗੇ ਦੀ ਪੀਪਲਜ਼ ਡੈਮੇਕਰੈਟਿਕ ਪਾਰਟੀ ਅਤੇ ਸਾਬਕਾ ਲੋਕ ਸੇਵਕ ਪੇਮਾ ਚਵਾਂਗ ਦੀ ਅਗਵਾਈ ਵਾਲੇ ਭੂਟਾਨ ਟੈਂਡਰੇਲ ਪਾਰਟੀ ਦੇ ਉਮੀਦਵਾਰ ਸ਼ਾਮਲ ਸਨ। ਨਵੰਬਰ ਮਹੀਨੇ ਵੋੋਟਿੰਗ ਦੇ ਪਹਿਲੇ ਗੇੜ ਵਿੱਚ ਸੱਤਾਧਾਰੀ ਕੇਂਦਰੀ-ਖੱਬੇਪੱਖੀ ਦਰੁੱਕ ਨਯਾਮਰੂਪ ਪਾਰਟੀ ਸਣੇ ਤਿੰਨ ਪਾਰਟੀਆਂ ਆਖਰੀ ਗੇੜ ਦੀਆਂ ਚੋਣਾਂ ਵਿੱਚੋਂ ਬਾਹਰ ਹੋ ਗਈਆਂ ਸਨ। ਦੇਸ਼ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਸੰਕਟ ਮੁੱਖ ਮੁੱਦਾ ਰਿਹਾ ਹੈ। ਦੱਸਣਯੋਗ ਹੈ ਕਿ ਭੂਟਾਨ ਚੀਨ ਅਤੇ ਭਾਰਤ ਦੇ ਵਿਚਕਾਰ ਸਥਿਤ ਹੈ। -ਪੀਟੀਆਈ