For the best experience, open
https://m.punjabitribuneonline.com
on your mobile browser.
Advertisement

ਭੂਟਾਨ ਤੇ ਚੀਨ ਦੀ ਸਾਂਝ-ਭਿਆਲੀ ਅਤੇ ਭਾਰਤ

07:17 AM Nov 21, 2023 IST
ਭੂਟਾਨ ਤੇ ਚੀਨ ਦੀ ਸਾਂਝ ਭਿਆਲੀ ਅਤੇ ਭਾਰਤ
Advertisement

ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ*

ਚੀਨ-ਭੂਟਾਨ ਦਰਮਿਆਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੇ ਉਦੇਸ਼ ਨਾਲ ਪੇਈਚੰਗ ਵਿਖੇ ਪਿਛਲੇ ਮਹੀਨੇ ਚੀਨ ਦੇ ਉਪ ਵਿਦੇਸ਼ ਮੰਤਰੀ ਸੁੰਨ ਵਾਈਡੌਂਗ ਤੇ ਭੂਟਾਨ ਦੇ ਵਿਦੇਸ਼ ਮੰਤਰੀ ਟਾਂਡੀ ਦੋਰਜੀ ਦਰਮਿਆਨ 25ਵੀਂ ਉੱਚ ਪੱਧਰੀ ਮੀਟਿੰਗ ਹੋਈ। ਇਸ ਵਿੱਚ ਸੀਮਾ ਝਗੜੇ ਜਲਦੀ ਨਜਿੱਠਣ ਅਤੇ ਦੋਵੇਂ ਮੁਲਕਾਂ ਦਰਮਿਆਨ ਕੂਟਨੀਤਕ ਸਬੰਧ ਕਾਇਮ ਕਰਨ ਬਾਰੇ ਫੈਸਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ-ਚੀਨ ਦੀ ਕੁੱਲ 3488 ਕਿਲੋਮੀਟਰ ਲੰਮੀ ਸਰਹੱਦ ਵਿੱਚੋਂ ਸਿੱਕਮ ਦੀ ਤਿੱਬਤ ਨਾਲ 220 ਕਿਲੋਮੀਟਰ ਵਾਲੀ ਸਰਹੱਦ ਲੱਗਦੀ ਹੈ; ਭੂਟਾਨ ਦੀ ਚੀਨ ਨਾਲ 470 ਕਿਲੋਮੀਟਰ ਤੇ ਭਾਰਤ ਦੀ ਭੂਟਾਨ ਨਾਲ 699 ਕਿਲੋਮੀਟਰ ਲੰਮੀ ਸਰਹੱਦ ਲੱਗਦੀ ਹੈ। ਚੀਨ ਨੇ ਆਪਣੇ 14 ਗੁਆਂਢੀ ਮੁਲਕਾਂ ਵਿੱਚੋਂ 12 ਨਾਲ ਸਰਹੱਦੀ ਵਿਵਾਦ ਮੁੱਖ ਰੂਪ ’ਚ ਸੁਲਝਾ ਲਏ ਹਨ। ਹੁਣ ਭਾਰਤ ਤੇ ਭੂਟਾਨ ਨਾਲ ਵਿਵਾਦ ਹੀ ਬਾਕੀ ਹਨ। ਭਾਰਤ ਨਾਲ ਸਰਹੱਦੀ ਵਿਵਾਦ ਨੂੰ ਠੰਢੇ ਬਸਤੇ ’ਚ ਪਾ ਕੇ ਚੀਨ ਦੀ ਵਿਸਤਾਰਵਾਦੀ ਨੀਤੀ ਦੀਆਂ ਨਜ਼ਰਾਂ ਹੁਣ ਭੂਟਾਨ ’ਤੇ ਹਨ। ਭੂਟਾਨ ਅਤੇ ਤਿੱਬਤ ਦੀ ਇਤਿਹਾਸਕ, ਧਾਰਮਿਕ, ਸੱਭਿਆਚਾਰਕ ਤੇ ਆਰਥਿਕ ਸਾਂਝ ਰਹੀ ਹੈ ਅਤੇ ਭਾਰਤ ਵਾਂਗ ਇਨ੍ਹਾਂ ਦੇਸ਼ਾਂ ਦਰਮਿਆਨ ਹੱਦਬੰਦੀ ਕਦੇ ਨਿਰਧਾਰਤ ਹੀ ਨਹੀਂ ਕੀਤੀ ਗਈ। ਬ੍ਰਿਟਿਸ਼ ਹਕੂਮਤ ਤੇ ਤਿੱਬਤ ਦੀ ਲੜਾਈ ਸਮੇਂ ਭੂਟਾਨ ਨੇ ਬ੍ਰਿਟਿਸ਼ ਬਸਤੀਵਾਦ ਦਾ ਸਾਥ ਦਿੱਤਾ ਤਾਂ ਭੂਟਾਨ-ਤਿੱਬਤ ਦੇ ਰਿਸ਼ਤਿਆਂ ਦਰਮਿਆਨ ਦਰਾੜ ਸ਼ੁਰੂ ਹੋ ਗਈ।
ਪੀਪਲਜ਼ ਲਬਿਰੇਸ਼ਨ ਆਫ ਚਾਈਨਾ ਨੇ ਇਨਕਲਾਬ ਤੋਂ ਬਾਅਦ ਸਭ ਤੋਂ ਪਹਿਲਾਂ ਤਿੱਬਤ ਨੂੰ ਹੜੱਪ ਲਿਆ ਤੇ ਨਾਲ ਹੀ 8 ਪੱਛਮੀ ਤਿੱਬਤੀਅਨ ਇਨਕਲੇਵ ਜੋ ਭੂਟਾਨ ਦੇ ਪ੍ਰਬੰਧਕੀ ਕੰਟਰੋਲ ਹੇਠ ਸਨ, ਉਨ੍ਹਾਂ ਨੂੰ ਵੀ ਕਾਬੂ ਕਰ ਲਿਆ। ਤਕਰੀਬਨ 6 ਹਜ਼ਾਰ ਤਿੱਬਤੀਆਂ ਨੇ ਭੂਟਾਨ ’ਚ ਜਾ ਸ਼ਰਨ ਲਈ। ਇੱਥੇ ਹੀ ਬਸ ਨਹੀਂ ਚੁੰਬੀ ਘਾਟੀ ਨਾਲ ਲੱਗਦੇ ਭੂਟਾਨ ਦੇ ਉੱਤਰੀ ਹਿੱਸੇ ਦੇ ਤਕਰੀਬਨ 900 ਵਰਗ ਕਿਲੋਮੀਟਰ ਇਲਾਕੇ ਅਤੇ ਸਿੱਕਮ ਨਾਲ ਜੁੜੇ ਪੱਛਮੀ ਭੂਟਾਨ ਵਾਲੇ ਹਿੱਸੇ ਨੂੰ ਚੀਨ ਨੇ ਆਪਣੇ ਨਕਸ਼ਿਆਂ ਵਿੱਚ ਦਿਖਾਉਣਾ ਸ਼ੁਰੂ ਕਰ ਦਿੱਤਾ। ਇਸ ਵਿੱਚ ਸੰਧੀ ਸਥਾਨ ਨਾਲ ਲੱਗਦਾ ਡੋਕਲਾਮ ਇਲਾਕਾ ਵੀ ਸ਼ਾਮਲ ਹੈ ਜਿੱਥੇ ਸਾਲ 2017 ਵਿੱਚ ਭਾਰਤ ਤੇ ਭੂਟਾਨ ਦੀਆਂ ਸਾਂਝੀਆਂ ਫੌਜਾਂ ਨੇ ਪੀਐੱਲਏ ਖ਼ਿਲਾਫ ਮੋਰਚੇ ਸੰਭਾਲ ਲਏ ਸਨ। ਸਵਾਲ ਪੈਦਾ ਹੁੰਦਾ ਹੈ ਕਿ ਚੀਨ ਵੱਲੋਂ ਭੂਟਾਨ ਨਾਲ ਸਰਹੱਦੀ ਸਮਝੌਤਾ ਕਰਕੇ ਬਣਾਏ ਕੂਟਨੀਤਕ ਸਬੰਧਾਂ ਦਾ ਪ੍ਰਭਾਵ ਭਾਰਤ ਦੀ ਸੁਰੱਖਿਆ ’ਤੇ ਤਾਂ ਨਹੀਂ ਪਵੇਗਾ? ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਚੀਨ ਨੇ ਭੂਟਾਨ ਨੂੰ ਇੱਕ ਪੈਕੇਜ ਦੀ ਪੇਸ਼ਕਸ਼ ਕੀਤੀ ਸੀ ਜਿਸ ਤਹਿਤ ਉਹ ਭੂਟਾਨ ਦੇ 900 ਵਰਗ ਕਿਲੋਮੀਟਰ ਵਾਲੇ ਉੱਤਰ ਪੂਰਬੀ ਖੇਤਰ ਉੱਪਰ ਆਪਣਾ ਅਧਿਕਾਰ ਤਿਆਗ ਦੇਵੇਗਾ ਬਸ਼ਰਤੇ ਭੂਟਾਨ ਚੁੰਬੀ ਘਾਟੀ ਨਾਲ ਲੱਗਦੇ ਪੱਛਮੀ ਹਿੱਸੇ ’ਚੋਂ ਤਕਰੀਬਨ 400 ਕਿਲੋਮੀਟਰ ਇਲਾਕਾ ਜਿਸ ਦੇ ਕੁਝ ਹਿੱਸੇ ’ਚ ਹੁਣ ਸੜਕ ਵੀ ਬਣਾਈ ਜਾ ਰਹੀ ਹੈ, ਚੀਨ ਦੇ ਰਾਜ-ਭਾਗ ਦਾ ਹਿੱਸਾ ਬਣ ਜਾਵੇ। ਇਹ ਚੀਨ ਦੀ ਡੂੰਘੀ ਰਣਨੀਤਕ ਚਾਲ ਤੇ ਉਸ ਦੇ ਨਾਪਾਕ ਇਰਾਦੇ ਸਿੱਧ ਕਰਦਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਜੂਨ 2014 ’ਚ ਪਹਿਲੀ ਵਾਰ ਅਹੁਦਾ ਸੰਭਾਲਿਆ ਤਾਂ ਉਨ੍ਹਾਂ ਨੇ ਆਪਣੀ ਪਲੇਠੀ ਵਿਦੇਸ਼ ਯਾਤਰਾ ਲਈ ਏਸ਼ੀਆ ਦੇ 11 ਮੁਲਕਾਂ ਵਿੱਚੋਂ ਸਭ ਤੋਂ ਛੋਟੇ ਆਕਾਰ ਵਾਲੇ ਭੂਟਾਨ ਨੂੰ ਚੁਣਿਆ ਸੀ। ਪ੍ਰਧਾਨ ਮੰਤਰੀ ਜਦੋਂ ਉੱਥੇ ਪਹੁੰਚੇ ਤਾਂ ਉਨ੍ਹਾਂ ਦੇ ਹਮਰੁਤਬਾ ਸ਼ੇਰਿੰਗ ਤੋਬਗੇ ਅਤੇ ਭੂਟਾਨ ਨਰੇਸ਼ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਵੱਲੋਂ ਜਾਰੀ ਕੀਤੇ ਸਾਂਝੇ ਬਿਆਨ ’ਚ ਕਿਹਾ ਗਿਆ, ‘‘ਦੋਵੇਂ ਮੁਲਕ ਆਪੋ-ਆਪਣੇ ਰਾਜ ਖੇਤਰ ਦਾ ਇਸਤੇਮਾਲ ਕਿਸੇ ਹੋਰ ਕੰਮਾਂ ਵਾਸਤੇ ਨਹੀਂ ਕਰਨ ਦੇਣਗੇ ਜੋ ਪਰਸਪਰ ਵਿਰੋਧੀ ਹੋਵੇ।’’ ਇਸ ਦਾ ਭਾਵ ਇਹ ਸਮਝਿਆ ਜਾਵੇ ਕਿ ਜੋ ਸ਼ਕਤੀਆਂ ਭਾਰਤ ਦੀ ਪ੍ਰਭੂਸੱਤਾ ਨੂੰ ਕਮਜ਼ੋਰ ਕਰਨ ਵਾਲੀਆਂ ਗਤੀਵਿਧੀਆਂ ਚਲਾਉਂਦੀਆਂ ਹਨ ਉਨ੍ਹਾਂ ਨੂੰ ਕੁਚਲ ਦਿੱਤਾ ਜਾਵੇਗਾ।
ਜਦੋਂ ਭੂਟਾਨ ਨਰੇਸ਼ ਵਾਂਗਚੁਕ ਅਪਰੈਲ 2023 ਦੇ ਪਹਿਲੇ ਹਫ਼ਤੇ ਭਾਰਤ ਯਾਤਰਾ ’ਤੇ ਆਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਵਾਰਤਾ ਵਿੱਚ ਦੁਵੱਲੇ ਰਿਸ਼ਤਿਆਂ ਨਾਲ ਜੁੜੇ ਹਰ ਮੁੱਦੇ ’ਤੇ ਵਿਸਥਾਰ ਨਾਲ ਗੱਲਬਾਤ ਤੇ ਭੂਟਾਨ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਲਈ ਹਰ ਕਿਸਮ ਦੀ ਮਦਦ ਦੇਣ ਦੀ ਸਹਿਮਤੀ ਪ੍ਰਗਟਾਈ ਗਈ। ਇਸ ਮੀਟਿੰਗ ’ਚ ਸੁਰੱਖਿਆ ਨਾਲ ਜੁੜੇ ਮੁੱਦੇ ਵੀ ਸ਼ਾਮਲ ਸਨ, ਵਿਸ਼ੇਸ਼ ਤੌਰ ’ਤੇ ਡੋਕਲਾਮ ਦਾ ਮੁੱਦਾ ਵੀ ਗੂੰਜਿਆ। ਚੀਨ ਵੱਲੋਂ ਜਿਸ ਤਰੀਕੇ ਨਾਲ ਤਿੱਬਤ ਵਿੱਚ ਸੜਕਾਂ, ਰੇਲਾਂ ਤੇ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਉਸ ਕਾਰਨ ਪੀਐੱਲਏ ਇੱਕ ਜਗ੍ਹਾ ਤੋਂ ਦੂਸਰੇ ਸਥਾਨ ’ਤੇ ਬੜੀ ਤੇਜ਼ੀ ਨਾਲ ਪਹੁੰਚ ਸਕਦੀ ਹੈ। ਇਸ ਇਲਾਕੇ ਵਿੱਚ ਚੀਨ ਨੇ ਮਿਲਟਰੀ ਛਾਉਣੀਆਂ ਦੀ ਉਸਾਰੀ ਵੀ ਤੇਜ਼ ਕਰ ਦਿੱਤੀ ਹੈ। ਸਾਲ 2022 ’ਚ ਪ੍ਰਾਪਤ ਸੈਟੇਲਾਈਟ ਪ੍ਰਤੀਬਿੰਬ ਅਨੁਸਾਰ ਚੀਨ ਨੇ ਡੋਕਲਾਮ ਤੋਂ 9 ਕਿਲੋਮੀਟਰ ਦੀ ਵਿੱਥ ’ਤੇ ਇੱਕ ਪਿੰਡ ਦੀ ਉਸਾਰੀ ਕਰ ਲਈ ਹੈ ਜੋ ਸਿਧਾਂਤਕ ਤੌਰ ’ਤੇ ਭੂਟਾਨ ਦਾ ਹਿੱਸਾ ਹੈ। ਦੂਸਰੇ ਪਿੰਡ ਦੀ ਉਸਾਰੀ ਦਾ ਵੀ ਭੂਟਾਨ ਦੇ ਅਮੂ-ਚੁ ਦਰਿਆ ਵਾਲੀ ਘਾਟੀ ਦੇ ਇਲਾਕੇ ’ਚ ਨਿਰਮਾਣ ਕੀਤਾ ਜਾ ਰਿਹਾ ਹੈ। ਪੈਂਟਾਗਨ ਦੀ ਤਾਜ਼ਾ ਰਿਪੋਰਟ ਅਨੁਸਾਰ ਚੀਨ ਨੇ ਭੂਟਾਨ ਦੇ ਇਲਾਕੇ ’ਚ ਪਿੰਡਾਂ ਦੀ ਉਸਾਰੀ ਬਾਰੇ ਪੁਸ਼ਟੀ ਕਰਨ ਦੇ ਨਾਲ ਡੋਕਲਾਮ ਦੇ ਨੇੜੇ ਸੜਕਾਂ ਦਾ ਜਾਲ ਵਿਛਾਉਣ ਨਾਲ ਫ਼ੌਜੀ ਅੱਡੇ ਅਤੇ ਅੰਡਗਰਾਊਂਡ ਗੋਦਾਮ ਬਣਾਉਣ ਦੀ ਵੀ ਗੱਲ ਕੀਤੀ ਹੈ। ਆਖਿਰ ਅਜਿਹਾ ਕਿਉਂ?
ਸਿੱਕਮ ਤੇ ਭੂਟਾਨ ਦਰਮਿਆਨ ਸੀਮਤ ਚੁੰਬੀ ਘਾਟੀ ਹੈ ਜਿਸ ਦੀ ਢਲਾਨ ਡੋਕਲਾਮ ਵੱਲ ਹੈ ਤੇ ਚੀਨ ਅਨੁਸਾਰ ਇਹ ਤਿੱਬਤ ਦਾ ਹਿੱਸਾ ਸੀ। ਤਿੱਬਤ ਦੇ ਵੱਡੇ ਸ਼ਹਿਰ ਸ਼ੀਗਸਤੇ (Shigaste) ਤੋਂ ਯਤੁੰਗ ਪਹੁੰਚਣ ਲਈ ਇੱਕ ਤੰਗ ਰਸਤਾ ਹੈ ਤੇ ਰੇਲ ਪਟੜੀ ਵੀ ਵਿਛਾਈ ਜਾ ਰਹੀ ਹੈ। ਫ਼ੌਜ ਵਾਸਤੇ ਇਸ ਦਾ ਵਿਸਥਾਰ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਭੂਟਾਨ ਰਜ਼ਾਮੰਦ ਹੋਵੇ ਜੋ ਚੀਨ ਦੀ ਚਿਰਸਥਾਈ ਰਣਨੀਤਕ ਚਾਲ ਹੈ ਤਾਂ ਕਿ ਭਾਰਤ ਦੀ ਘੇਰਾਬੰਦੀ ਹੋ ਸਕੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਪੇਈਚਿੰਗ ਤੇ ਥਿੰਪੂ ਦਰਮਿਆਨ 25 ਉੱਚ ਪੱਧਰੀ ਮੀਟਿੰਗਾਂ ਹੋ ਚੁੱਕੀਆਂ ਹਨ ਤੇ ਹੁਣ ਚੀਨ ਬੜੀ ਤੇਜ਼ੀ ਨਾਲ ਭੂਟਾਨ ਨਾਲ ਸਮਝੌਤਾ ਕਰਨ ਦੀ ਪੂਰੀ ਵਾਹ ਲਾ ਰਿਹਾ ਹੈ।
ਸਿਲੀਗੁੜੀ ਲਾਂਘਾ ਚੁੰਬੀ ਘਾਟੀ ਤੋਂ ਤਕਰੀਬਨ 106 ਕਿਲੋਮੀਟਰ ਦੀ ਵਿੱਥ ’ਤੇ ਹੈ। ਇਹ ਲਾਂਘਾ ਭੂਟਾਨ, ਨੇਪਾਲ ਤੇ ਬੰਗਲਾ ਦੇਸ਼ ਦੇ ਤਿੰਨ ਰਸਤਿਆਂ ਵਾਲਾ ਜੰਕਸ਼ਨ ਹੈ ਜੋ ਕਿ ‘ਚਿਕਨ ਨੈੱਕ’ ਵਜੋਂ ਜਾਣਿਆ ਜਾਂਦਾ ਹੈ ਜਿਸ ਦੀ ਔਸਤਨ ਚੌੜਾਈ ਤਕਰੀਬਨ 27 ਕਿਲੋਮੀਟਰ ਹੈ। ਇਸ ਦੇ ਨਾਲ ਹੀ ਨੇਪਾਲ ਤੇ ਬੰਗਲਾ ਦੇਸ਼ ਵਾਲਾ ਲਾਂਘਾ ਕੇਵਲ 4 ਕਿਲੋਮੀਟਰ ਚੌੜਾ ਹੈ। ਇਸ ਸੰਧੀ ਸਥਾਨ ਤੋਂ ਕੌਮੀ ਮਾਰਗ ਵਾਲੀ ਸੜਕ ’ਤੇ ਮੁੱਖ ਰੇਲਵੇ ਪਟੜੀ ਗੁਜ਼ਰਦੀ ਹੈ। ਹਵਾਈ ਜਹਾਜ਼ ਵੀ ਇੱਥੋਂ ਲੰਘਦੇ ਹਨ। ਬਾਗਤੋਹਰਾ, ਹਾਸ਼ੀਮਗ ਏਅਰ ਬੇਸਿਸ, ਗੋਲਾ ਬਾਰੂਦ ਦੇ ਭੰਡਾਰ ਆਦਿ ਵੀ 200 ਕਿਲੋਮੀਟਰ ਦੇ ਵਿਸਤਾਰ ’ਚ ਹਨ। ਇਸ ਵਾਸਤੇ ਇਹ ਲਾਂਘਾ ਅਤਿ ਸੰਵੇਦਨਸ਼ੀਲ ਹੈ।
ਜੇ ਚੀਨ ਨੇ ਭੂਟਾਨ ਨੂੰ ਆਪਣੇ ਪ੍ਰਭਾਵ ਹੇਠ ਲੈ ਕੇ ਕੂਟਨੀਤਕ ਸਬੰਧ ਕਾਇਮ ਕਰ ਲਏ ਤੇ ਫਿਰ ਜੇ ਭਾਰਤ-ਚੀਨ ਦੀ ਜੰਗ ਛਿੜ ਗਈ ਤਾਂ ਚੀਨ ਦਾ ਮੁੱਖ ਉਦੇਸ਼ ਇਹ ਹੋਵੇਗਾ ਕਿ ਲੱਦਾਖ, ਅਰੁਣਾਚਲ ਪ੍ਰਦੇਸ਼-ਤਵਾਂਗ ਵਰਗੇ ਇਲਾਕਿਆਂ ਅੰਦਰ ਇੱਕੋ ਵੇਲੇ ਹੱਲਾ ਬੋਲ ਕੇ ਭਾਰਤੀ ਫੌਜਾਂ ਨੂੰ ਉੱਥੇ ਜਕੜ ਕੇ ਰੱਖ ਸਕੇ, ਪਰ ਅਸਲੀ ਮੰਤਵ ਤਿੰਨ ਰਸਤਿਆਂ ਵਾਲੇ ਇਸ ਸੰਗਮ ਨੂੰ ਤਬਾਹ ਕਰਨਾ ਵੀ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ 1962 ਦੀ ਭਾਰਤ-ਚੀਨ ਜੰਗ ਸਮੇਂ ਭੂਟਾਨ ਨੇ ਭਾਰਤੀ ਫ਼ੌਜ ਨੂੰ ਉਸ ਦੇ ਇਲਾਕੇ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਤਾਂ ਦਿੱਤੀ, ਪਰ ਜਦੋਂ ਸਾਡਾ ਦੇਸ਼ ਜੰਗ ਹਾਰ ਗਿਆ ਤਾਂ ਭੂਟਾਨ ਦਾ ਭਾਰਤ ਤੋਂ ਭਰੋਸਾ ਉੱਠਣਾ ਸ਼ੁਰੂ ਹੋ ਗਿਆ। ਹਕੀਕਤ ਤਾਂ ਇਹ ਵੀ ਹੈ ਕਿ ਪੂਰਬੀ ਲੱਦਾਖ ’ਚ 2020 ’ਚ ਬਲਵਾਨ ਘਾਟੀ ’ਚ ਖੂਨੀ ਝੜਪਾਂ ਤੋਂ ਬਾਅਦ ਭਾਰਤ ਤੇ ਚੀਨ ਦਰਮਿਆਨ 20 ਵਾਰ ਦੋਵੇਂ ਮੁਲਕਾਂ ਦੇ ਉੱਚ ਫ਼ੌਜੀ ਅਧਿਕਾਰੀਆਂ ਦੀ ਮੀਟਿੰਗ ਦੇ ਬਾਵਜੂਦ ਐੱਲਏਸੀ ’ਤੇ ਅੜਿੱਕਾ ਬਰਕਰਾਰ ਹੈ ਤੇ ਬੀਤੇ ਸਾਲ ਤਵਾਂਗ ’ਚ ਝੜਪਾਂ ਇਹ ਸਿੱਧ ਕਰਦੀਆਂ ਹਨ ਕਿ ਚੀਨ ਦੇ ਇਰਾਦੇ ਨੇਕ ਨਹੀਂ।
ਭਾਰਤ-ਭੂਟਾਨ ਦਰਮਿਆਨ 2007 ਵਾਲੀ ਸੰਧੀ ਅਨੁਸਾਰ ਭਾਰਤ-ਭੂਟਾਨ ਦੀ ਸੁਰੱਖਿਆ ਦਾ ਜ਼ਾਮਨੀ ਹੈ। ਨਵੰਬਰ ਦੇ ਪਹਿਲੇ ਹਫ਼ਤੇ ਭੂਟਾਨ ਨਰੇਸ਼ ਨੇ ਇੱਕ ਹਫ਼ਤੇ ਲਈ ਭਾਰਤ ਦਾ ਦੌਰਾ ਕੀਤਾ ਤੇ ਪ੍ਰਧਾਨ ਮੰਤਰੀ ਨੇ ਉਸ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਿਸ਼ਵਾਸ ਦਿਵਾਇਆ। ਕਿਤੇ ‘ਕੁੜ ਕੁੜ ਕਿਤੇ ਤੇ ਆਂਡੇ ਕਿਤੇ’ ਵਾਲਾ ਹਿਸਾਬ ਨਾ ਹੋ ਜਾਵੇ। ਜੇਕਰ ਭੂਟਾਨ ਭਾਰਤ ਦੇ ਖੇਮੇ ਵਿੱਚੋਂ ਖਿਸਕ ਗਿਆ ਤਾਂ ਦੇਸ਼ ਦੀ ਸੁਰੱਖਿਆ ਪ੍ਰਭਾਵਿਤ ਹੋਵੇਗੀ।
*ਲੇਖਕ ਰੱਖਿਆ ਮਾਹਿਰ ਹੈ।
ਸੰਪਰਕ: 98142-45151

Advertisement

Advertisement
Advertisement
Author Image

joginder kumar

View all posts

Advertisement