ਭੁੱਲਰਹੇੜੀ ਗਰਿੱਡ ਮਾਮਲਾ: ਸਰਕਾਰ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਚੁੱਕਿਆ
ਬੀਰਬਲ ਰਿਸ਼ੀ
ਧੂਰੀ, 12 ਅਕਤੂਬਰ
ਪਿੰਡ ਭੁੱਲਰਹੇੜੀ 66ਕੇਵੀ ਗਰਿੱਡ ਮਾਮਲੇ ’ਚ ਕਿਸਾਨ ਜਥੇਬੰਦੀਆਂ ਦਾ 109 ਦਿਨਾਂ ਤੋਂ ਚੱਲ ਰਿਹਾ ਧਰਨਾ ਅੱਜ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਵੱਲੋਂ ਦਿੱਤੇ ਭਰੋਸੇ ਮਗਰੋਂ ਚੁਕਵਾ ਦਿੱਤਾ ਗਿਆ। ਦੱਸਣਯੋਗ ਹੈ ਕਿ ਸ੍ਰੀ ਘੁੱਲੀ ਦੇ ਯਤਨਾਂ ਸਦਕਾ ਦੋ ਦਿਨ ਪਹਿਲਾਂ ਧਰਨਾਕਾਰੀ ਕਿਸਾਨਾਂ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਖਾਸ ਮੁਲਾਕਾਤ ਕਰਕੇ ਮਾਮਲੇ ਦੇ ਹੱਲ ਲਈ ਵਿਚਾਰਾਂ ਕੀਤੀਆਂ ਸਨ। ਅੱਜ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਤੇ ਉਨ੍ਹਾਂ ਦੀ ਟੀਮ ’ਚ ਸ਼ਾਮਲ ‘ਆਪ’ ਆਗੂ ਜਤਿੰਦਰ ਸਿੰਘ ਗੋਲੂ, ਗੁਰਪਾਲ ਸਿੰਘ ਆਦਿ ਨੇ 66 ਕੇਵੀ ਗਰਿੱਡ ਭੁੱਲਰਹੇੜੀ ਅੱਗੇ ਪਹੁੰਚ ਕੇ ਰਸਮੀ ਤੌਰ ’ਤੇ ਧਰਨਾ ਚੁਕਵਾਇਆ। ਇਸ ਮੌਕੇ ਇੰਚਾਰਜ ਘੁੱਲੀ ਨੇ ਕਿਹਾ ਕਿ ਇੱਕ ਵਿਅਕਤੀ ਵੱਲੋਂ ਬਕਾਇਦਾ ਸਰਵੇਖਣ ਹੋਣ ਦੇ ਬਾਵਜੂਦ ਕਥਿਤ ਮਨਘੜਤ ਕਹਾਣੀ ਘੜ ਕੇ 66 ਕੇਵੀ ਗਰਿੱਡ ਲਈ 23 ਨੰਬਰ ਪੋਲ ਨੂੰ ਵਿਵਾਦਾਂ ’ਚ ਲਿਆ ਕੇ ਟਾਵਰ ਲਾਈਨ ਦਾ ਕੰਮ ਰੋਕਿਆ ਪਰ ਹੁਣ ਉਹ ਕਿਸਾਨਾਂ ਦੇ ਮੁਦਈ ਬਣਕੇ ਪੂਰੇ ਮਾਮਲੇ ਦੀ ਖੁਦ ਪੈਰਵੀ ਕਰਨਗੇ। ਉਨ੍ਹਾਂ ਕਿਹਾ ਜਦੋਂ ਹੀ ਕੋਈ ਅਦਾਲਤ ਵੱਲੋਂ ਲਗਾਈ ‘ਸਟੇਟਸ-ਕੋ’ ਦਾ ਫੈਸਲਾ ਆਉਂਦਾ ਹੈ ਤਾਂ ਉਹ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਢਿੱਲ ਨਹੀਂ ਆਉਣ ਦੇਣਗੇ। ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਇਕਾਈ ਪ੍ਰਧਾਨ ਜਸਦੇਵ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਪਵਿੱਤਰ ਸਿੰਘ ਨੇ ਮੁੱਖ ਮੰਤਰੀ ਦਫ਼ਤਰ ਵੱਲੋਂ ਆ ਕੇ ਕਿਸਾਨਾਂ ਦੀ ਗੱਲ ਸੁਣਨ ਨੂੰ ਦੇਰ ਨਾਲ ਲਿਆ ਦਰੁਸਤ ਕਦਮ ਦੱਸਿਆ।