ਭੁੱਚੋ ਮੰਡੀ: ਨਿਕਾਸੀ ਪਾਈਪਲਾਈਨ ਟੁੱਟਣ ਕਾਰਨ ਲੋਕ ਪ੍ਰੇਸ਼ਾਨ
ਪਵਨ ਗੋਇਲ
ਭੁੱਚੋ ਮੰਡੀ, 24 ਜੂਨ
ਅਕਾਲੀ ਸਰਕਾਰ ਸਮੇਂ ਬੇਤਰਤੀਬੇ ਢੰਗ ਨਾਲ ਝੰਡੂਕੇ ਦੇ ਨਾਲੇ ਤੱਕ ਪਾਈ ਗਈ ਭੁੱਚੋ ਮੰਡੀ ਸ਼ਹਿਰ ਦੀ ਨਿਕਾਸੀ ਵਾਲੀ ਪਾਈਪਲਾਈਨ ਟੁੱਟਣ ਕਾਰਨ ਪਿੰਡ ਚੱਕ ਰਾਮ ਸਿੰਘ ਵਾਲਾ ਦੇ ਵਸਨੀਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਵਾਸੀਆਂ ਨੇ ਅੱਜ ਪਿੰਡ ਦੇ ਇਤਿਹਾਸਕ ਧਾਰਮਿਕ ਅਸਥਾਨ ਮਾਈ ਵੀਰੋ ਭਾਈ ਭਗਤੂ ਗੁਰਦੁਆਰਾ ਸਾਹਿਬ ਕੋਲ ਨਗਰ ਕੌਂਸਲ ਦੇ ਮਾੜੇ ਪ੍ਰਬੰਧ ਖ਼ਿਲਾਫ਼ ਰੋਸ ਵਿਖਾਵਾ ਕੀਤਾ ਅਤੇ ਸਮੱਸਿਆ ਸਹੀ ਢੰਗ ਨਾਲ ਹੱਲ ਨਾ ਕਰਨ ‘ਤੇ ਚੱਕ ਫ਼ਤਿਹ ਸਿੰਘ ਵਾਲਾ ਦੀ ਅਨਾਜ ਮੰਡੀ ਵਿੱਚ ਬਣੇ ਨਿਕਾਸੀ ਪੁਆਇੰਟ ਨੂੰ ਮਿੱਟੀ ਦੇ ਗੱਟਿਆਂ ਨਾਲ ਭਰ ਕੇ ਬੰਦ ਕਰਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਨਗਰ ਕੌਂਸਲ ਭੁੱਚੋ ਤੋਂ ਮੰਗ ਕੀਤੀ ਕਿ ਪਾਈਪਲਾਈਨ ਨੂੰ ਜਲਦੀ ਠੀਕ ਕੀਤਾ ਜਾਵੇ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਇਹ ਪਾਈਪਲਾਈਨ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਗੰਦਾ ਪਾਣੀ ਰਾਹਾਂ ਵਿੱਚ ਭਰ ਜਾਂਦਾ ਹੈ। ਇਹੀ ਗੰਦਾ ਪਾਣੀ ਸ਼ਰਧਾਲੂਆਂ ਦੇ ਪੈਰਾਂ ਨਾਲ ਲੱਗ ਕੇ ਦਰਬਾਰ ਸਾਹਿਬ ਵਿੱਚ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਹੋਰ ਪ੍ਰੇਸ਼ਾਨੀ ਨਹੀਂ ਝੱਲ ਸਕਦੇ। ਇਸ ਦੇ ਹੱਲ ਲਈ ਹਰ ਸੰਭਵ ਉਪਰਾਲਾ ਕਰਨਗੇ।
ਉਨ੍ਹਾਂ ਕਿਹਾ ਕਿ ਪਾਈਪਲਾਈਨ ਵੇਲੇ ਥਾਂ ਟੋਏ ਆਦਿ ਬਣੇ ਹੋਏ ਹਨ, ਜਿਸ ਕਾਰਨ ਹਾਦਸੇ ਵਾਪਰ ਰਹੇ ਹਨ। ਜ਼ਿਕਰਯੋਗ ਹੈ ਕਿ ਸੀਵਰੇਜ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੇ ਸੀਵਰ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਇਸ ਕਾਰਨ ਜਲ ਘਰ ਤੋਂ ਸਪਲਾਈ ਹੋ ਰਹੇ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਰਲ ਕੇ ਸਪਲਾਈ ਹੋ ਰਿਹਾ ਹੈ।
ਸ਼ਹਿਰ ਵਾਸੀ ਇਸ ਸਮੱਸਿਆ ਤੋਂ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਲੋੜੀਂਦਾ ਪਾਣੀ ਆਸਪਾਸ ਦੇ ਸਬਮਰਸੀਬਲ ਪੰਪਾਂ ਤੋਂ ਭਰ ਕੇ ਲਿਆਉਣਾ ਪੈ ਰਿਹਾ ਹੈ। ਇਹ ਸਮੱਸਿਆ ਲੱਗਭੱਗ ਇੱਕ ਦਹਾਕੇ ਤੋਂ ਬਣੀ ਹੋਈ ਹੈ, ਪਰ ਕਿਸੇ ਵੀ ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਦਾ ਹੱਲ ਨਹੀਂ ਕੀਤਾ। ਸ਼ਹਿਰ ਵਾਸੀ ਅਧਿਕਾਰੀਆਂ ਕੋਲ ਸ਼ਿਕਾਇਤਾਂ ਕਰਕੇ ਅੱਕ ਚੁੱਕੇ ਹਨ, ਪਰ ਸੁਣਵਾਈ ਨਹੀਂ ਹੋ ਰਹੀ।
ਈਓ ਤੇ ਜੇਈ ਦੀ ਬਦਲੀ ਕਾਰਨ ਮੁਰੰਮਤ ਦਾ ਕੰਮ ਰੁਕਿਆ: ਕੌਂਸਲ ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਨੇ ਕਿਹਾ ਕਿ ਈਓ ਅਤੇ ਜੇਈ ਦੀ ਬਦਲੀ ਹੋਣ ਕਾਰਨ ਕੰਮ ਰੁਕਿਆ ਹੋਇਆ ਹੈ। ਭੁੱਚੋ ਮੰਡੀ ਦਾ ਚਾਰਜ ਈਓ ਸੰਜੇ ਕੁਮਾਰ ਨੂੰ ਮਿਲ ਗਿਆ ਹੈ। ਪਰ ਕਿਸੇ ਜੇਈ ਨੂੰ ਹਾਲੇ ਚਾਰਜ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਈਓ ਨਾਲ ਮੀਟਿੰਗ ਕਰਕੇ ਟੁੱਟੀ ਹੋਈ ਪਾਈਪਲਾਈਨ ਨੂੰ ਠੀਕ ਕਰਵਾ ਕੇ ਸਾਰੀ ਲੀਕੇਜ ਬੰਦ ਕਰਵਾ ਦਿੱਤੀ ਜਾਵੇਗੀ।