ਭੋਪਾਲ ਗੈਸ ਕਾਂਡ: ਮੱਧ ਪ੍ਰਦੇਸ਼ ਸਰਕਾਰ ਨੂੰ ਜ਼ਹਿਰੀਲੇ ਕਚਰੇ ਦੇ ਨਿਪਟਾਰੇ ਲਈ ਛੇ ਹਫ਼ਤਿਆਂ ਦਾ ਸਮਾਂ
ਭੋਪਾਲ, 6 ਜਨਵਰੀ
ਮੱਧ ਪ੍ਰਦੇਸ਼ ਹਾਈ ਕੋਰਟ ਨੇ ਅੱਜ ਸੂਬਾ ਸਰਕਾਰ ਨੂੰ ਵਿਵਾਦਤ ਯੂਨੀਅਨ ਕਾਰਬਾਈਡ ਫੈਕਟਰੀ ਵਿੱਚੋਂ ਜ਼ਹਿਰੀਲੇ ਕਚਰੇ ਦਾ ਪੂਰੇ ਸੁਰੱਖਿਆ ਪ੍ਰਬੰਧਾਂ ਹੇਠ ਨਿਪਟਾਰਾ ਕਰਨ ਸਬੰਧੀ ਕਾਰਵਾਈ ਲਈ ਛੇ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਹਾਈ ਕੋਰਟ ਨੇ ਮੀਡੀਆ ਨੂੰ ਕਚਰੇ ਦੇ ਨਿਪਟਾਰੇ ਦੇ ਮੁੱਦੇ ’ਤੇ ਗ਼ਲਤ ਖ਼ਬਰਾਂ ਨਾ ਚਲਾਉਣ ਦਾ ਵੀ ਨਿਰਦੇਸ਼ ਦਿੱਤਾ। ਇਸ ਕਚਰੇ ਨੂੰ ਕੁੱਲ 12 ਸੀਲਬੰਦ ਕੰਟੇਨਰਾਂ ਵਿੱਚ ਲੱਦ ਕੇ 2 ਜਨਵਰੀ ਨੂੰ ਭੋਪਾਲ ਤੋਂ ਧਾਰ ਜ਼ਿਲ੍ਹੇ ਦੇ ਪੀਥਮਪੁਰ ਵਿੱਚ ਲਿਜਾਇਆ ਗਿਆ ਜਿੱਥੇ ਇਸ ਦਾ ਨਿਪਟਾਰਾ ਕੀਤਾ ਜਾਵੇਗਾ। ਹਾਈ ਕੋਰਟ ਦੇ ਚੀਫ ਜਸਟਿਸ ਐੱਸ ਕੇ ਕੈਤ ਅਤੇ ਜਸਟਿਸ ਵਿਵੇਕ ਜੈਨ ਦੇ ਬੈਂਚ ਨੇ ਐਡਵੋਕੇਟ ਜਨਰਲ ਪ੍ਰਸ਼ਾਂਤ ਸਿੰਘ ਦੀ ਬੇਨਤੀ ’ਤੇ ਸੂਬਾ ਸਰਕਾਰ ਨੂੰ ਛੇ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਪ੍ਰਸ਼ਾਂਤ ਨੇ ਅਦਾਲਤ ਨੂੰ ਕਚਰੇ ਦੇ ਨਿਪਟਾਰੇ ਤੋਂ ਪਹਿਲਾਂ ਪੀਥਮਪੁਰ ਦੇ ਲੋਕਾਂ ਨੂੰ ਭਰੋਸੇ ਵਿੱਚ ਲੈਣ ਅਤੇ ਉਨ੍ਹਾਂ ਦੇ ਮਨਾਂ ਵਿੱਚੋਂ ਡਰ ਕੱਢਣ ਲਈ ਸਮਾਂ ਦੇਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਯੂਨੀਅਨ ਕਾਰਬਾਈਡ ਕਚਰੇ ਦੇ ਨਿਪਟਾਰੇ ਸਬੰਧੀ ਗ਼ਲਤ ਤੇ ਝੂਠੀਆਂ ਖ਼ਬਰਾਂ ਕਾਰਨ ਪੀਥਮਪੁਰ ਕਸਬੇ ਵਿੱਚ ਗੜਬੜ ਫੈਲ ਗਈ ਸੀ।
ਇਸ ਮਗਰੋਂ ਸੂਬੇ ਨੇ 12 ਸੀਲਬੰਦ ਕੰਟੇਨਰਾਂ ਵਿੱਚ ਲੱਦ ਕੇ ਭੋਪਾਲ ਤੋਂ ਪੀਥਮਪੁਰ ਲਿਆਂਦੇ ਗਏ ਕਚਰੇ ਨੂੰ ਉਤਾਰਨ ਲਈ ਤਿੰਨ ਦਿਨ ਦਾ ਸਮਾਂ ਮੰਗਿਆ। ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਪੀਥਮਪੁਰ ਵਿੱਚ ਕਚਰੇ ਦੇ ਨਿਪਟਾਰੇ ਦੇ ਵਿਰੋਧ ਵਿੱਚ ਦੋ ਜਣਿਆਂ ਨੇ ਆਤਮਦਾਹ ਦੀ ਕੋਸ਼ਿਸ਼ ਕੀਤੀ ਸੀ। -ਪੀਟੀਆਈ