For the best experience, open
https://m.punjabitribuneonline.com
on your mobile browser.
Advertisement

‘ਅੰਬਰ ਪਰੀਆਂ’ ਦੀ ਸਿਰਜਣ ਭੋਇੰ

08:46 AM Dec 10, 2023 IST
‘ਅੰਬਰ ਪਰੀਆਂ’ ਦੀ ਸਿਰਜਣ ਭੋਇੰ
Advertisement

ਬਲਜਿੰਦਰ ਨਸਰਾਲੀ

ਸੁਖ਼ਨ ਭੋਇੰ 39

ਮੇਰਾ ਤੀਜਾ ਨਾਵਲ ‘ਅੰਬਰ ਪਰੀਆਂ’ ਹੁਣੇ ਹੁਣੇ ਭਾਰਤ ਦੇ ਸਭ ਤੋਂ ਵੱਡੇ ਪਬਲੀਕੇਸ਼ਨ ਹਾਊਸ, ਰਾਜਕਮਲ ਗਰੁੱਪ ਆਫ ਪਬਲੀਕੇਸ਼ਨਜ਼ ਨੇ ਸ਼ਾਨਦਾਰ ਦਿੱਖ ਨਾਲ ਛਾਪਿਆ ਹੈ। ਪੰਜਾਬੀ ਕਿਤਾਬ ਛਾਪਕਾਂ ਤੋਂ ਹਿੰਦੀ ਦੇ ਛਾਪਕ ਕਿਤੇ ਅੱਗੇ ਹਨ। ਪਾਠਕ ਨੂੰ ਖਿੱਚਣ ਲਈ ਉਨ੍ਹਾਂ ਨੇ ਨਾਵਲ ਦੇ ਟਾਈਟਲ ਨਾਲ ਲਿਖਿਆ ਹੈ- ਇਕ ਪਿਆਰ ਕਹਾਣੀ ਜਿਸ ਰਾਹੀਂ ਖੁੱਲ੍ਹਦੀ ਹੈ ਵਿਆਹ ਸੰਸਥਾ ਦੇ ਭਵਿੱਖ ਦੀ ਖਿੜਕੀ। ਹਿੰਦੀ ਵਿਚ ਇਹ ਹੁਣੇ ਛਪਿਆ ਹੈ। ਅੰਗਰੇਜ਼ੀ ਅਨੁਵਾਦ ਨੂੰ ਛਾਪਣ ਬਾਰੇ ਗੱਲ ਹੋ ਰਹੀ ਹੈ। ਪੰਜਾਬੀ ਵਿਚ ਇਸ ਦੇ ਚਾਰ ਐਡੀਸ਼ਨ ਇਕ ਇਕ ਹਜ਼ਾਰ ਕਾਪੀ ਵਾਲੇ ਵਿਕ ਚੁੱਕੇ ਹਨ ਤੇ ਪੰਜਵਾਂ ਸੰਸਕਰਣ ਚੱਲ ਰਿਹਾ ਹੈ।
ਅਸੀਂ ਦੁਨੀਆ ਦੇ ਵੱਡੇ ਨਾਵਲਕਾਰਾਂ ਬਾਰੇ ਪੜ੍ਹਦੇ ਰਹੇ ਹਾਂ ਕਿ ਉਹ ਆਪਣੇ ਨਾਵਲਾਂ ਨੂੰ ਵਾਰ-ਵਾਰ ਸੋਧਦੇ ਸਨ। ਉਨ੍ਹਾਂ ਦੁਆਰਾ ਕੀਤੀ ਜਾਂਦੀ ਸਖ਼ਤ ਮਿਹਨਤ ਉਨ੍ਹਾਂ ਦੇ ਨਾਵਲਾਂ ਨੂੰ ਉਨ੍ਹਾਂ ਦੀਆਂ ਭਾਸ਼ਾਵਾਂ ਤੋਂ ਬਾਹਰ ਜਾਣ ਦੇ ਯੋਗ ਬਣਾਉਂਦੀ ਸੀ। ਕਿਸੇ ਨਾਵਲਕਾਰ ਦੀ ਕੀਤੀ ਮਿਹਨਤ ਉਸ ਦੀ ਕਿਰਤ ਨੂੰ ਹੀ ਦੂਜੀਆਂ ਭਾਸ਼ਾਵਾਂ ਵਿਚ ਨਹੀਂ ਲੈ ਕੇ ਜਾਂਦੀ ਸਗੋਂ ਉਸ ਦੀ ਭਾਸ਼ਾ ਦੇ ਲੋਕ ਜੀਵਨ ਨੂੰ ਵੀ ਦੂਰ ਦੁਰਾਡੀਆਂ ਥਾਵਾਂ ’ਤੇ ਲੈ ਜਾਂਦੀ ਹੈ।
ਪੰਜਾਬੀ ਨਾਵਲਕਾਰ ਨਾਵਲ ਨੂੰ ਇਕ ਵਾਰ ਲਿਖਦੇ ਲਿਖਦੇ ਹੀ ਏਨਾ ਥੱਕ ਜਾਂਦੇ ਹਨ ਕਿ ਉਹ ਦੂਜੀ ਵਾਰ ਆਪਣੇ ਨਾਵਲ ਦੇ ਖਰੜੇ ਵੱਲ ਝਾਕਦੇ ਹੀ ਨਹੀਂ। ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਪੰਜਾਬੀ ਨਾਵਲ ਦੇ ਪਿਤਾਮਾ ਹਨ। ਉਨ੍ਹਾਂ ਦੇ ਸਮੇਂ ਨਾਵਲਾਂ ਦੀ ਬਹੁਤ ਕਮੀ ਸੀ। ਕਿੱਸੇ ਲਿਖਣੇ ਬੰਦ ਹੋ ਚੁੱਕੇ ਸਨ। ਨਵੇਂ ਯੁੱਗ ਦੇ ਕਿੱਸੇ ਨਾਵਲ ਹਨ। ਇਨ੍ਹਾਂ ਨਾਵਲਕਾਰਾਂ ਨੇ ਇਕ ਤੋਂ ਬਾਅਦ ਇਕ ਨਾਵਲ ਲਿਖੇ। ਹੁਣ ਦੇ ਨਾਵਲਕਾਰਾਂ ਨੂੰ ਨਾਵਲ ਲਿਖਣ ਦੀ ਨਹੀਂ ਸਗੋਂ ਚੰਗਾ ਨਾਵਲ ਲਿਖਣ ਦੀ ਜ਼ਰੂਰਤ ਹੈ। ਪਹਿਲੇ ਦੋਵਾਂ ਨਾਵਲਾਂ ਨੂੰ ਲਿਖਣ ਸਮੇਂ ਮੈਂ ਵੀ ਥੱਕ ਗਿਆ ਸਾਂ। ਲਿਖਣ ਤੋਂ ਬਾਅਦ ਮੈਂ ਨਾਵਲ ਛਪਣ ਲਈ ਭੇਜ ਦਿੰਦਾ ਸੀ। ਹੁਣ ਮਹਿਸੂਸ ਹੁੰਦਾ ਹੈ ਕਿ ਮੈਂ ਗ਼ਲਤੀ ਕਰ ਰਿਹਾ ਸਾਂ। ਮੈਨੂੰ ਨਾਵਲ ਨਹੀਂ ਸਗੋਂ ਵਧੀਆ ਨਾਵਲ ਲਿਖਣਾ ਚਾਹੀਦਾ ਸੀ।
‘ਅੰਬਰ ਪਰੀਆਂ’ ਲਿਖਣ ਤੱਕ ਮੈਨੂੰ ਇਹ ਗੱਲ ਸਮਝ ਆ ਗਈ ਸੀ। ਨਾਵਲ ਲਿਖਣਾ ਮਕਾਨ ਤਿਆਰ ਕਰਨ ਵਾਂਗ ਹੁੰਦਾ ਹੈ। ਖ਼ੂਬਸੂਰਤ ਨਾਵਲ ਲਿਖਣਾ ਮਹਿਲ ਤਿਆਰ ਕਰਨ ਵਾਂਗ ਹੁੰਦਾ ਹੈ। ਮਕਾਨ ਬਹੁਤ ਲੋਕ ਬਣਾਉਂਦੇ ਹਨ। ਮਹਿਲ ਕਦੇ ਕਦਾਈਂ ਬਣਦਾ ਹੈ। ਪੰਜਾਬ ਵਿਚ ਕਿੰਨੇ ਹੀ ਰਾਜੇ ਹੋਏ ਹਨ ਪਰ ਕੋਈ ਵੀ ਰਾਜਾ ਇਕ ਵੀ ਮਹਿਲ ਅਜਿਹਾ ਨਹੀਂ ਬਣਾ ਸਕਿਆ ਜਿਸ ਨੂੰ ਦੁਨੀਆ ਭਰ ਦੇ ਲੋਕ ਦੇਖਣ ਆਉਂਦੇ ਹੋਣ। ਮੈਸੂਰ ਦੇ ਰਾਜਾ ਮੁੰਮਦੀ ਕ੍ਰਿਸ਼ਨਰਾਜ ਦੁਆਰਾ 1861 ਵਿਚ ਬਣਵਾਏ ਮੈਸੂਰ ਪੈਲੇਸ ਨੂੰ ਦੁਨੀਆ ਦੇ ਸ਼ਾਨਦਾਰ ਪੰਜ ਨਿੱਜੀ ਮਹਿਲਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ।
ਮਹਿਲ ਬਣਾਉਣ ਲਈ ਅਲੱਗ-ਅਲੱਗ ਥਾਵਾਂ ਤੋਂ ਸ਼ਾਨਦਾਰ ਸਮੱਗਰੀ ਨੂੰ ਇਕ ਥਾਂ ਇਕੱਤਰ ਕੀਤਾ ਜਾਂਦਾ ਹੈ। ਮੈਂ ‘ਅੰਬਰ ਪਰੀਆਂ’ ਲਿਖਣ ਲਈ ਪਾਤਰਾਂ, ਘਟਨਾਵਾਂ, ਵਾਰਤਾਲਾਪਾਂ ਤੇ ਦਾਰਸ਼ਨਿਕ ਵਿਚਾਰਾਂ ਨੂੰ ਇਕ ਥਾਂ ਇਕੱਠਾ ਕੀਤਾ। ਮੇਰੇ ਨਾਵਲ ਦੀ ਨਾਇਕਾ ਕੋਲਕਾਤੇ ਪੜ੍ਹਾਈ ਪੂਰੀ ਕਰ ਕੇ ਆਈ ਸੀ। ਨਾਵਲ ਵਿਚ ਕੋਲਕਾਤਾ ਨੂੰ ਚਿਤਰਣ ਲਈ ਮੈਂ ਦਸ ਦਿਨ ਕੋਲਕਾਤੇ ਰਹਿ ਕੇ ਆਇਆ। ਮੈਂ ਉੱਥੋਂ ਦੇ ਬੰਗਾਲੀ ਲੋਕਾਂ ਨੂੰ ਮਿਲਿਆ, ਬੰਗਾਲੀ ਖਾਣੇ ਖਾਧੇ, ਮਾਂ ਦੁਰਗਾ ਪ੍ਰਤੀ ਉਨ੍ਹਾਂ ਦੀ ਸ਼ਰਧਾ ਨੂੰ ਦੇਖਿਆ ਤੇ ਕੋਲਕਾਤੇ ਦੀ ਮਸ਼ਹੂਰ ਟਰਾਮ ਦੀ ਵਾਰ-ਵਾਰ ਯਾਤਰਾ ਕੀਤੀ। ਮੇਰੀ ਨਾਇਕਾ ਕਸ਼ਮੀਰ ਦੀ ਜੰਮਪਲ ਇਕ ਕਸ਼ਮੀਰਨ ਸਿੱਖ ਕੁੜੀ ਸੀ। ਮੈਂ ਕਸ਼ਮੀਰ ਦੇ ਪਿੰਡਾਂ ਦੀ ਯਾਤਰਾ ਕੀਤੀ ਤੇ ਉੱਥੋਂ ਦੇ ਲੋਕਾਂ ਦੀ ਖ਼ੂਬਸੂਰਤੀ ਦੇ ਰਾਜ਼ ਨੂੰ ਜਾਣਨ ਦਾ ਯਤਨ ਕੀਤਾ।
ਮੈਂ ਆਪਣੇ ਨਾਇਕ ਅੰਬਰ ਨੂੰ ਆਪਣੇ ਗੁਆਂਢੀ ਪਿੰਡ ਈਸੜੂ ਦਾ ਜੰਮਪਲ ਦਿਖਾਉਣਾ ਸੀ। ਇਸ ਪਿੰਡ ਨੂੰ ਮੈਂ ਬਚਪਨ ਤੋਂ ਦੇਖਦਾ ਸਮਝਦਾ ਆਇਆ ਸਾਂ। ਅਸੀਂ ਨਸਰਾਲੀ ਵਾਸੀ ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿਚ ਪੰਦਰਾਂ ਅਗਸਤ ਨੂੰ ਭਰਦੇ ਮੇਲੇ ਨੂੰ ਹਰ ਸਾਲ ਦੇਖਦੇ ਹੋਏ ਜਵਾਨ ਹੋਏ ਸਾਂ। ਇਸ ਮੇਲੇ ਨੇ ਵੀ ਨਾਵਲ ਵਿਚ ਆਉਣਾ ਸੀ।
ਮੇਰੇ ਨਾਇਕ ਨੇ ਪਿੰਡ ਦੇ ਨੇੜੇ ਦੇ ਇਕ ਸ਼ਹਿਰ ਦੇ ਕਾਲਜ ਵਿਚ ਪ੍ਰੋਫੈਸਰ ਲੱਗਣਾ ਸੀ। ਮੇਰੇ ਕੋਲ ਆਪਣੇ ਅਧਿਆਪਨ ਦਾ ਤਜਰਬਾ ਸਮਾਣੇ ਸ਼ਹਿਰ ਦਾ ਸੀ। ਮੇਰੇ ਪਿੰਡ ਨੇੜੇ ਘੁੱਗ ਵਸਦਾ ਸ਼ਹਿਰ ਮਾਲੇਰਕੋਟਲਾ ਮੁਸਲਮਾਨਾਂ, ਹਿੰਦੂਆਂ ਤੇ ਸਿੱਖਾਂ ਦੀ ਵਸੋਂ ਵਾਲਾ ਦੋਵਾਂ ਪੰਜਾਬਾਂ ਵਿਚ ਇਕੋ-ਇਕ ਸ਼ਹਿਰ ਸੀ। ਸੰਤਾਲੀ ਤੋਂ ਪਹਿਲਾਂ ਇਹੋ ਜਿਹੀ ਰਲੀ-ਮਿਲੀ ਆਬਾਦੀ ਵਾਲੇ ਬਹੁਤ ਸਾਰੇ ਸ਼ਹਿਰ ਸਨ। ਇਸ ਸ਼ਹਿਰ ਦਾ ਜ਼ਿਕਰ ਪੰਜਾਬੀ ਸਾਹਿਤ ਵਿਚ ਬਹੁਤਾ ਨਹੀਂ ਹੋਇਆ ਸੀ। ਜੇਕਰ ਹੋਇਆ ਵੀ ਸੀ ਤਾਂ ਉਹ ਰਚਨਾ ਕੋਈ ਸਿਰਕੱਢ ਰਚਨਾ ਨਹੀਂ ਬਣ ਸਕੀ।
ਮੈਂ ਮਾਲੇਰਕੋਟਲੇ ਨੂੰ ਬਹੁਤ ਵਾਰ ਦੇਖਿਆ ਸੀ। ਮੈਂ ਚਾਹੁੰਦਾ ਸੀ ਇਸ ਸ਼ਹਿਰ ਦੀ ਧੜਕਦੀ ਜ਼ਿੰਦਗੀ ਦੇ ਕੁਝ ਦ੍ਰਿਸ਼ ਪਕੜ ਸਕਾਂ। ਮੈਂ ਪਬਲਿਕ ਕਾਲਜ ਸਮਾਣਾ ਨੂੰ ਚੁੱਕ ਕੇ ਮਾਲੇਰਕੋਟਲਾ ਲੈ ਆਇਆ। ਇਹ ਇਸਲਾਮੀਆ ਕਾਲਜ ਮਾਲੇਰਕੋਟਲਾ ਬਣ ਗਿਆ।
ਨਾਵਲ ਦੀ ਇਕ ਸਹਿ-ਨਾਇਕਾ ਅਵਨੀਤ ਇਸੇ ਕਾਲਜ ਵਿਚ ਸੰਗੀਤ ਦੀ ਅਧਿਆਪਕਾ ਹੈ। ਉਸ ਦੀ ਖੂਬਸੂਰਤੀ ਦਾ ਆਲਮ ਇਹ ਹੈ ਕਿ ਉਸ ਦੇ ਕਾਲਜ ਵਿਚ ਨੌਕਰੀ ’ਤੇ ਹਾਜ਼ਰ ਹੁੰਦੇ ਹੀ ਬਹੁਤ ਸਾਰੇ ਕਬੂਤਰਬਾਜ਼ਾਂ ਨੇ ਆਪਣੀਆਂ ਛਤਰੀਆਂ ਖੜ੍ਹੀਆਂ ਕਰ ਦਿੱਤੀਆਂ। ਉਸ ਦੀ ਪਰੀਆਂ ਵਰਗੀ ਸੁੰਦਰਤਾ ਦੇ ਚਰਚੇ ਵਿਦਿਆਰਥੀਆਂ ਵਿਚ ਵੀ ਹੋਣ ਲੱਗੇ। ਮੇਰੇ ਸਾਹਮਣੇ ਸੰਕਟ ਇਹ ਬਣ ਗਿਆ ਕਿ ਜੇਕਰ ਸਹਿ-ਨਾਇਕਾ ਏਨੀ ਸੋਹਣੀ ਹੈ ਤਾਂ ਮੇਰੀ ਨਾਇਕਾ ਕਿਹੋ ਜਿਹੀ ਹੋਵੇਗੀ। ਮੈਂ ਇਸ ਦਾ ਹੱਲ ਅਵਨੀਤ ਨੂੰ ਛੇਵੇਂ ਆਸਮਾਨ ਦੀ ਪਰੀ ਬਣਾ ਕੇ ਕਰ ਦਿੱਤਾ। ਪਰੀਆਂ ਦੀ ਮਿੱਥ ਦਾ ਰੂਪਾਂਤਰਣ ਕਰਦਿਆਂ ਮੈਂ ਲਿਖਿਆ ਕਿ ਛੇਵੇਂ ਆਸਮਾਨ ਦੀਆਂ ਪਰੀਆਂ ਉਹ ਹੁੰਦੀਆਂ ਹਨ ਜਿਹੜੀਆਂ ਹੁਸਨ ਦੀਆਂ ਮਾਲਕ ਤਾਂ ਹੁੰਦੀਆਂ ਹਨ ਪਰ ਬੌਧਿਕ ਤੌਰ ’ਤੇ ਸੀਮਿਤ ਸਮਰੱਥਾ ਦੀਆਂ ਮਾਲਕ ਹੁੰਦੀਆਂ ਹਨ।
ਕਸ਼ਮੀਰ ਦੀ ਜੰਮਪਲ ਜ਼ੋਇਆ ਕੌਰ ਮੇਰੇ ਨਾਵਲ ਦੀ ਨਾਇਕਾ ਬਣੀ। ਸੇਬ ਖਾਣ ਵਾਲੀਆਂ ਗਾਵਾਂ ਦਾ ਦੁੱਧ ਪੀ ਕੇ ਜਵਾਨ ਹੋਈ ਜ਼ੋਇਆ ਜੰਮੂ ਕਸ਼ਮੀਰ ਪੁਲੀਸ ਦੇ ਇਕ ਡੀ.ਐੱਸ.ਪੀ. ਦੀ ਧੀ ਹੈ। ਸੱਤਵੇਂ ਆਸਮਾਨ ਦੀ ਪਰੀ ਜ਼ੋਇਆ ਇਸ ਧਰਤੀ ਦੇ ਵਿਕਾਸ ਪੜਾਵਾਂ ਦੀ ਭਰਪੂਰ ਜਾਣਕਾਰੀ ਰੱਖਦੀ ਹੈ। ਇਕ ਪਰੀ ਵਜੋਂ ਅੰਬਰਦੀਪ ਨੂੰ ਅਲੱਗ-ਅਲੱਗ ਗ੍ਰਹਿਆਂ ਦੀ ਯਾਤਰਾ ਕਰਵਾਉਂਦੀ ਜ਼ੋਇਆ ਅਸਲ ਵਿਚ ਧਰਤੀ ਉਪਰ ਮਨੁੱਖੀ ਸੱਭਿਅਤਾ ਦੇ ਭਿੰਨ ਭਿੰਨ ਯੁੱਗਾਂ ਦੀ ਹੀ ਯਾਤਰਾ ਕਰਵਾ ਰਹੀ ਹੁੰਦੀ ਹੈ। ਉਹ ਭਵਿੱਖ ਦੀ ਕੰਨਸੋਅ ਵੀ ਦੇਣ ਦੀ ਸਮਰੱਥਾ ਰੱਖਦੀ ਹੈ, ਇਸ ਲਈ ਉਹ ਸੱਤਵੇਂ ਅਸਮਾਨ ਦੀ ਪਰੀ ਹੈ। ਇਹ ਜ਼ੋਇਆ ਦੀ ਇਮਾਨਦਾਰ, ਮਿਹਨਤੀ, ਗਿਆਨਵਾਨ ਤੇ ਸੁੰਦਰ ਸ਼ਖ਼ਸੀਅਤ ਦਾ ਜਾਦੂ ਹੀ ਹੈ ਕਿ ਅੰਬਰਦੀਪ ਸਟਾਰ ਗਾਇਕਾ ਬਣ ਚੁੱਕੀ ਅਵਨੀਤ ਦੀ ਥਾਂ ਉਸ ਦੀ ਚੋਣ ਕਰਦਾ ਹੈ।
ਇਸ ਪਿਆਰ ਕਹਾਣੀ ਨੂੰ ਲਿਖਣ ਤੋਂ ਪਹਿਲਾਂ ਕਿੱਸਿਆਂ ਦੇ ਪ੍ਰੇਮੀ ਪਾਤਰ ਤੇ ਵਿਸ਼ਵ ਸਾਹਿਤ ਦੇ ਮਸ਼ਹੂਰ ਪਿਆਰ ਕਹਾਣੀ ਨਾਵਲਾਂ ਮਾਦਾਮ ਬਾਵੇਰੀ, ਅੰਨਾ ਕਾਰੇਨਿਨਾ, ਲਵ ਇਨ ਦਿ ਟਾਈਮ ਆਫ ਕਾਲਰਾ ਤੇ ਡਾਨ ਵਹਿੰਦਾ ਰਿਹਾ ਦੇ ਨਾਇਕ ਨਾਇਕਾਵਾਂ ਮੇਰੇ ਸਾਹਮਣੇ ਸਨ। ਮੈਂ ਆਪਣੇ ਆਪ ਨੂੰ ਸੁਚੇਤ ਕੀਤਾ ਕਿ ਮੈਂ ਇੱਕੀਵੀਂ ਸਦੀ ਦੇ ਪਾਤਰਾਂ ਦੀ ਪਿਆਰ ਕਹਾਣੀ ਲਿਖ ਰਿਹਾ ਸਾਂ। ਮੇਰਾ ਨਾਇਕ ਇਕ ਖ਼ਾਸਾ ਪੜ੍ਹਿਆ-ਲਿਖਿਆ ਬੰਦਾ ਹੈ। ਉਹ ਵਿਆਹਿਆ ਵਰ੍ਹਿਆ ਦੋ ਬੱਚਿਆਂ ਦਾ ਬਾਪ ਹੈ। ਉਹ ਜ਼ੋਇਆ ਨਾਲ ਰਹਿਣ ਲਈ ਆਪਣੀ ਪਤਨੀ ਨੂੰ ਤਲਾਕ ਦੇਣ ਤੋਂ ਪਹਿਲਾਂ ਉਸ ਨੂੰ ਪੀਐਚ.ਡੀ. ਕਰਵਾ ਕੇ ਕਾਲਜ ਅਧਿਆਪਕ ਲਗਵਾਉਂਦਾ ਹੈ। ਦੋ ਔਰਤਾਂ ਵਿਚ ਪਿਸਦਾ ਉਹ ਜਾਣ ਜਾਂਦਾ ਹੈ ਕਿ ਇਕ ਵਿਆਹ ਵਿਚੋਂ ਨਿਕਲ ਕੇ ਦੂਜੇ ਵਿਚ ਦਾਖ਼ਲ ਹੋਣਾ ਘੱਟੋ-ਘੱਟ ਉਸ ਵਾਸਤੇ ਠੀਕ ਨਹੀਂ। ਵਿਆਹ ਮੁਹੱਬਤ ਦੇ ਰਿਸ਼ਤੇ ਨੂੰ ਬਦਲ ਦਿੰਦਾ ਹੈ। ਉਹ ਕਹਿੰਦਾ ਹੈ, ‘‘ਮੈਂ ਕਿਸੇ ਇਕ ਤੱਕ ਸੀਮਿਤ ਨਹੀਂ ਹੋਵਾਂਗਾ ਤੇ ਨਾ ਹੀ ਕਿਸੇ ਨੂੰ ਆਪਣੇ ਤੱਕ ਸੀਮਿਤ ਕਰਾਂਗਾ।’’ ਕਿਤਾਬਾਂ ਪੜ੍ਹ ਕੇ ਵਿਕਸਿਤ ਸਭਿਆਚਾਰਾਂ ਦੇ ਅਧਿਐਨ ਰਾਹੀਂ ਉਸ ਦੀ ਇਹ ਸਮਝ ਬਣੀ ਹੈ। ਮਨੁੱਖ ਭਵਿੱਖ ਵਿਚ ਥੋੜ੍ਹੇ ਸਮੇਂ ਦੇ ਮੁਹੱਬਤੀ ਸਬੰਧਾਂ ਵਿਚ ਜ਼ਿੰਦਗੀ ਜੀਵੇਗਾ।
ਮੈਂ ਨਾਵਲ ਨੂੰ ਏਨਾ ਕੁ ਰੌਚਿਕ ਬਣਾਉਣਾ ਚਾਹੁੰਦਾ ਸੀ ਕਿ ਪਾਠਕ ਪਹਿਲਾ ਪੰਨਾ ਪੜ੍ਹੇ ਤੇ ਫਿਰ ਨਾਵਲ ਉਸ ਨੂੰ ਨਾਲ ਤੋਰ ਲਵੇ। ਇਸ ਲਈ ਮੈਂ ਇਕ ਇਹੋ ਜਿਹੀ ਘਟਨਾ ਸ਼ੁਰੂ ਵਿਚ ਹੀ ਲਿਖ ਦਿੱਤੀ ਜਿਸ ਵਿਚ ਪਾਠਕ ਨੂੰ ਅਚੰਭਿਤ ਕਰਨ ਦੀ ਤਾਕਤ ਸੀ। ਇਸ ਦਾ ਮੁੱਖ ਪਾਤਰ ਅੰਬਰ ਆਪਣੇ ਵਿਦਿਆਰਥੀਆਂ ਨੂੰ ਸੰਸਾਰ ਸਾਹਿਤ ਦੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਗਾਉਂਦਾ ਹੈ। ਉਹ ਆਪਣੇ ਖਰਚੇ ’ਤੇ ਥਾਂ-ਥਾਂ ਭਾਸ਼ਣ ਕਰਨ ਜਾਂਦਾ ਹੈ। ਇਸ ਨਾਵਲ ਦੀ ਪੂਰੀ ਪੜ੍ਹਤ ਪਾਠਕ ਨੂੰ ਪੱਕੀ ਤਰ੍ਹਾਂ ਕਿਤਾਬਾਂ ਨਾਲ ਜੋੜ ਦਿੰਦੀ ਹੈ।
ਮੈਂ ਨਾਵਲ ਦੇ ਹਰ ਕਾਂਡ ਨੂੰ ਵੱਖਰੇ-ਵੱਖਰੇ ਸਿਰਲੇਖਾਂ ਵਿਚ ਵੰਡਿਆ ਹੈ। ਇਕ ਉਮਰ ਤੋਂ ਬਾਅਦ ਬੰਦਾ ਆਪਣੀ ਖ਼ੂਬਸੂਰਤੀ ਦਾ ਖ਼ੁਦ ਜ਼ਿੰਮੇਵਾਰ ਹੁੰਦੈ, ਦਿਮਾਗ਼ ਖ਼ਰਾਬ ਕਰਦੀਆਂ ਕਿਤਾਬਾਂ ਵਰਗੇ ਸਿਰਲੇਖ ਮੇਰੇ ਦੇਖੇ, ਪੜ੍ਹੇ ਤੇ ਸੁਣੇ ਫਲਸਫ਼ੇ ਨੂੰ ਪ੍ਰਗਟ ਕਰਦੇ ਹਨ।
ਮੈਂ ਇਹ ਨਾਵਲ 2012 ਵਿਚ ਲਿਖਣਾ ਸ਼ੁਰੂ ਕੀਤਾ। ਲਿਖਣ ਤੋਂ ਪਹਿਲਾਂ ਨਾਵਲ ਦੀ ਕਹਾਣੀ, ਪਾਤਰ ਤੇ ਘਟਨਾਵਾਂ ਮੈਨੂੰ ਸਪਸ਼ਟ ਰੂਪ ਵਿਚ ਦਿਖਾਈ ਦੇ ਰਹੀਆਂ ਸਨ। ਇੱਥੋਂ ਤੱਕ ਕਿ ਜ਼ਿਆਦਾਤਰ ਵਾਰਤਾਲਾਪ ਵੀ ਮੈਨੂੰ ਯਾਦ ਸਨ। ਮੈਂ ਯਥਾਰਥਵਾਦੀ ਵਿਧੀ ਵਿਚ ਕੁਝ ਇਜ਼ਾਫ਼ਾ ਕਰਨਾ ਚਾਹੁੰਦਾ ਸਾਂ। ਪਿਛਲੇ ਸਾਲਾਂ ਵਿਚ ਮੈਂ ਅੰਗਰੇਜ਼ੀ ਅਤੇ ਸਪੈਨਿਸ਼ ਦੇ ਜਾਦੂਈ ਯਥਾਰਥਵਾਦੀ ਵਿਧੀ ਵਿਚ ਲਿਖੇ ਗਏ ਨਾਵਲ ਪੜ੍ਹੇ ਸਨ। ਇਸ ਵਿਧੀ ਦੀ ਵਰਤੋਂ ਕਰਨ ਲਈ ਮੈਂ ਪੰਜਾਬ ਦੀਆਂ ਦੋ ਮਿੱਥਾਂ ਦੀ ਚੋਣ ਕੀਤੀ। ਇਕ ਮਿੱਥ ਵਾਵਰੋਲੇ ਵਿਚ ਪਰੀਆਂ ਦੇ ਹੋਣ ਬਾਰੇ ਸੀ ਤੇ ਦੂਜੀ ਧਰਮਰਾਜ ਦੀ ਕਚਹਿਰੀ ਵਿਚ ਕਿਸੇ ਨੂੰ ਸਮੇਂ ਤੋਂ ਪਹਿਲਾਂ ਬੁਲਾਉਣ ਤੇ ਫਿਰ ਵਾਪਸ ਧਰਤੀ ’ਤੇ ਛੱਡ ਆਉਣ ਸਬੰਧੀ ਸੀ। ਮਾਲਵੇ ਦੇ ਬਹੁਤ ਸਾਰੇ ਪਿੰਡਾਂ ਵਿਚ ਇਹੋ ਜਿਹੀਆਂ ਬੁੱਢੀਆਂ ਮਿਲ ਜਾਂਦੀਆਂ ਹਨ ਜਿਹੜੀਆਂ ਇਹ ਦਾਅਵਾ ਕਰਦੀਆਂ ਹਨ ਕਿ ਉਹ ਇਕ ਵਾਰ ਮਰ ਗਈਆਂ ਸਨ, ਪਰ ਧਰਮਰਾਜ ਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਸੀ। ਮੈਂ ਇਹੋ ਜਿਹੀਆਂ ਬੁੱਢੀਆਂ ਨੂੰ ਮਿਲਦਾ ਰਿਹਾ ਤੇ ਧਰਮਰਾਜ ਦੀ ਕਚਹਿਰੀ ਦੀ ਤਸਵੀਰ ਬਣਾਉਂਦਾ ਰਿਹਾ ਸਾਂ। ਮੈਂ ਆਪਣੀ ਕਲਪਨਾ ਦੀ ਸਹਾਇਤਾ ਨਾਲ ਇਸ ਅਲੌਕਿਕ ਥਾਂ ਦੀ ਹੋਰ ਵਧੇਰੇ ਸਪਸ਼ਟ ਤਸਵੀਰ ਬਣਾ ਲਈ ਤੇ ਅੰਬਰ ਪਰੀਆਂ ਵਿਚ ਪੇਸ਼ ਕਰ ਦਿੱਤੀ।
ਇਹ ਨਾਵਲ ਪਰੀ ਦੇਸ਼, ਦੂਸਰੇ ਗ੍ਰਹਿਆਂ ਤੇ ਪਰਮਾਤਮਾ ਦੇ ਘਰ ਦੇ ਦੀਦਾਰ ਕਰਵਾਉਂਦਾ ਹੋਇਆ ਵੀ ਪਾਠਕ ਵਿਚ ਤਰਕਬੋਧ ਪੈਦਾ ਕਰਦਾ ਹੈ। ਜਾਦੂਈ ਯਥਾਰਥਵਾਦ ਦੀ ਇਹ ਤਕਨੀਕ ਦੱਖਣੀ ਅਮਰੀਕਾ ਦੇ ਦੇਸ਼ਾਂ ਵਿਚ ਪੈਦਾ ਹੋਈ। ਦੱਖਣੀ ਅਮਰੀਕੀ ਨਾਵਲਾਂ ਵਿਚ ਪਰੀਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਮੈਂ ਪਰੀਆਂ ਨੂੰ ਲੈ ਆਂਦਾ। ਪਹਿਲਾਂ ਮੈਂ ਇਸ ਨਾਵਲ ਦਾ ਨਾਮ ਇਸ ਦੇ ਦੋ ਮੁੱਖ ਪਾਤਰਾਂ ਅੰਬਰ ਅਤੇ ਜ਼ੋਇਆ ਦੇ ਨਾਵਾਂ ਹੇਠ ‘ਅੰਬਰ ਜ਼ੋਇਆ’ ਰੱਖਿਆ ਸੀ। ਫਿਰ ਮੈਨੂੰ ਲੱਗਿਆ ਕਿ ਇਹ ਰੋਮੀਉ-ਜੂਲੀਅਟ, ਹੀਰ-ਰਾਂਝਾ ਤੇ ਮਿਰਜ਼ਾ-ਸਾਹਿਬਾਂ ਵਾਂਗ ਸਿਰਫ਼ ਵਿਆਹ ਤੱਕ ਪਹੁੰਚਣ ਦੇ ਸੰਘਰਸ਼ ਦੀ ਕਹਾਣੀ ਬਣ ਜਾਵੇਗਾ ਜਦੋਂਕਿ ਮੇਰੀ ਰਚਨਾ ਪਿਆਰ ਦੇ ਅਰਥਾਂ ਨੂੰ ਤਲਾਸ਼ਣ ਵਾਲੀ ਰਚਨਾ ਹੈ। ਇਹ ਦੋ ਪੜ੍ਹੇ-ਲਿਖੇ ਬੰਦੇ ਤੇ ਬੰਦੀ ਦੀ ਉਡਾਣ ਹੈ। ਵਿਆਹ ਇਸ ਉਡਾਣ ਨੂੰ ਖਾ ਜਾਵੇਗਾ। ਅੰਬਰ ਨੂੰ ਸਮਝ ਆਉਂਦੀ ਹੈ ਕਿ ਪਿਆਰ ਵਿਚ ਜੀਵਨ ਸਮਰਪਣ ਕਰਨਾ ਕੋਈ ਜ਼ਰੂਰੀ ਨਹੀਂ, ਪਿਆਰ ਆਪਣੇ ਆਪ ਵਿਚ ਦਿੱਤੀ ਜਾਣ ਵਾਲੀ ਵਡੇਰੀ ਸ਼ੈਅ ਹੈ।
ਨਾਵਲ ਦੀ ਕਹਾਣੀ ਸਪਸ਼ਟ ਹੋਣ ਦੇ ਬਾਵਜੂਦ ਮੈਨੂੰ ਨਾਵਲ ਦੀ ਨਵੀਂ ਸ਼ੈਲੀ ਦੀ ਤਲਾਸ਼ ਸੀ। ਇਹ ਇੱਕੀਵੀਂ ਸਦੀ ਦੇ ਨਵੇਂ ਲੋਕਾਂ ਦੀ ਕਹਾਣੀ ਨਵੇਂ ਅੰਦਾਜ਼ ਵਿਚ ਕਹੀ ਜਾਣੀ ਸੀ। ਮੈਂ ਪੰਜ ਸਾਲ ਇਸ ਨਾਵਲ ਲਈ ਨਵੀਂ ਸ਼ੈਲੀ ਦੀ ਤਲਾਸ਼ ਕਰਦਾ ਕੀੜੀ ਦੀ ਤੋਰੇ ਕਹਾਣੀ ਨੂੰ ਤੋਰਦਾ ਰਿਹਾ। ਨਵੇਂ ਵਾਕਾਂ ਨਵੇਂ ਅੰਦਾਜ਼ਾਂ ਤੇ ਨਵੀਆਂ ਸੋਚਾਂ ਦੀ ਭਾਲ ਵਿਚ ਨਾਵਲ ਲਿਖਣ ਵਿਚ ਦੇਰ ਹੁੰਦੀ ਜਾ ਰਹੀ ਸੀ ਪਰ ਮੈਨੂੰ ਕੋਈ ਕਾਹਲੀ ਨਹੀਂ ਸੀ। ਨਾਵਲ ਪੂਰਾ ਕਰ ਕੇ ਮੈਂ ਟਾਈਪ ਕਰਵਾ ਕੇ ਪ੍ਰਿੰਟ ਕਢਵਾਇਆ ਤੇ ਆਪਣੇ ਇਕ ਮਿੱਤਰ ਨੂੰ ਪੜ੍ਹਨ ਲਈ ਦਿੱਤਾ। ਮੈਂ ਆਪਣੇ ਪਹਿਲੇ ਪਾਠਕ ਦਾ ਜੁਆਬ ਉਡੀਕਦਿਆਂ ਸੰਸਾਰ ਦੇ ਕਲਾਸਿਕ ਨਾਵਲ ਪੜ੍ਹਦਾ ਰਿਹਾ। ਮੈਂ ‘ਗੌਡ ਆਫ ਸਮਾਲ ਥਿੰਗਜ਼’ ਦੀ ਤੀਜੀ ਪੜ੍ਹਤ ਪੂਰੀ ਕੀਤੀ ਤੇ ਮਾਰਕੁਏਜ਼ ਦਾ ‘ਇਕਾਕੀਪਣ ਦੇ ਸੌ ਵਰਸ਼’ ਚੁੱਕ ਲਿਆ। ਗਿਆਰਾਂ ਦੋਸਤਾਂ ਨੂੰ ਪੜ੍ਹਾ ਕੇ ਮੈਂ ਗਿਆਰਾਂ ਵਾਰ ਹੀ ਸੁਧਾਈ ਕੀਤੀ। ਸਾਹਿਤ ਸਿਰਜਣਾ ਨਿੱਜੀ ਕਾਰਜ ਹੋ ਕੇ ਵੀ ਨਿੱਜੀ ਨਹੀਂ ਹੈ। ਦੂਜਿਆਂ ਦੀਆਂ ਸਲਾਹਾਂ ਇਸ ਵਿਚ ਹੋਰ ਸੁਹੱਪਣ ਪੈਦਾ ਕਰਦੀਆਂ ਹਨ। ਨਾਵਲ ਦੇ ਛਪਣ ਤੋਂ ਮਹੀਨਾ ਕੁ ਬਾਅਦ ਵਿਚ ਸੋਸ਼ਲ ਮੀਡੀਆ ’ਤੇ ਇਸ ਦੇ ਰੀਵਿਊਆਂ ਦਾ ਹੜ੍ਹ ਆ ਗਿਆ। ਡਾ. ਮਨਮੋਹਨ, ਡਾ. ਸੁਖਪਾਲ ਥਿੰਦ ਤੇ ਡਾ. ਰਘਬੀਰ ਸਿੰਘ ਸਿਰਜਣਾ ਨੇ ਬਿਨਾਂ ਕਹੇ ਵੱਡੇ ਖੋਜ ਪੇਪਰ ਲਿਖੇ। ਦੋ ਸਾਲਾਂ ਵਿਚ ਪੰਜ ਹਜ਼ਾਰ ਰਾਇਲਟੀ ਮਿਲ ਗਈ। ਨਾਵਲ ਹੋਰ ਕਿੰਨੀਆਂ ਹੀ ਭਾਸ਼ਾਵਾਂ ਵਿਚ ਅਨੁਵਾਦ ਹੋਣ ਲੱਗਾ। ਮੈਨੂੰ ਆਪਣੇ ਜੀਵਨ ਦੇ ਸੱਤ ਸਾਲਾਂ ਦੀ ਦਿੱਤੀ ਆਹੂਤੀ ਭੁੱਲ ਗਈ।

Advertisement

* ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ
ਸੰਪਰਕ: 95924-15177

Advertisement

Advertisement
Author Image

sukhwinder singh

View all posts

Advertisement