Canada ਪੜ੍ਹਨ ਗਏ ਭਿਵਾਨੀ ਦੇ ਨੌਜਵਾਨ ਦੀ ਝੀਲ ’ਚ ਡੁੱਬਣ ਕਰਕੇ ਮੌਤ
ਇਕ ਮਹੀਨੇ ਪਹਿਲਾਂ ਹੀ ਵੈੱਬ ਡਿਜ਼ਾਈਨ ਕੋਰਸ ਲਈ ਕੈਨੇਡਾ ਗਿਆ ਸੀ ਨੌਜਵਾਨ
ਟ੍ਰਿਬਿਊਨ ਨਿਊਜ਼ ਸਰਵਿਸ
ਹਿਸਾਰ, 9 ਜੂਨ
ਕੈਨੇਡਾ ਪੜ੍ਹਨ ਗਏ ਭਿਵਾਨੀ ਜ਼ਿਲ੍ਹੇ ਦੇ ਨੰਦਗਾਓਂ ਪਿੰਡ ਦੇ ਨੌਜਵਾਨ ਸਾਹਿਲ (20) ਦੀ ਮੌਤ ਹੋ ਗਈ ਹੈ। ਸਾਹਿਲ ਦੀ ਲਾਸ਼ ਇਕ ਝੀਲ ਨੇੜਿਓਂ ਮਿਲੀ ਹੈ। ਕੈਨੇਡਿਆਈ ਪੁਲੀਸ ਮੁਤਾਬਕ ਸਾਹਿਲ ਦੀ ਮੌਤ ਝੀਲ ਵਿਚ ਡੁੱਬਣ ਕਰਕੇ ਹੋਈ ਹੈ। ਸਾਹਿਲ ਉੱਚ ਸਿੱਖਿਆ ਲਈ ਅਜੇ ਇਕ ਮਹੀਨਾ ਪਹਿਲਾਂ ਹੀ ਕੈਨੇਡਾ ਗਿਆ ਸੀ।
ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਆਪਣੀ ਸਾਰੀ ਜ਼ਮੀਨ ਵੇਚ ਕੇ ਅਤੇ ਕਮਾਈ ਲਾ ਕੇ ਸਾਹਿਲ ਨੂੰ ਵਿਦੇਸ਼ ਭੇਜਿਆ ਸੀ। ਸਾਹਿਲ ਦੇ ਪਿਤਾ ਹਰੀਸ਼ ਕੁਮਾਰ ਫੌਜ ਤੋਂ ਸੇਵਾਮੁਕਤ ਹਨ। ਉਨ੍ਹਾਂ ਆਪਣੇ ਪੁੱਤਰ ਨੂੰ ਵੈੱਬ ਡਿਜ਼ਾਈਨ ਕੋਰਸ ਲਈ ਕੈਨੇਡਾ ਭੇਜਣ ਵਾਸਤੇ 40 ਲੱਖ ਰੁਪਏ ਲਾਏ ਸਨ।
ਸਾਹਿਲ 23 ਅਪਰੈਲ ਨੂੰ ਦਿੱਲੀ ਹਵਾਈ ਅੱਡੇ ਤੋਂ ਕੈਨੇਡਾ ਲਈ ਰਵਾਨਾ ਹੋਇਆ ਸੀ। ਉਹ ਕੈਨੇਡਾ ਪਹੁੰਚਣ ਮਗਰੋਂ ਆਪਣੇ ਪਰਿਵਾਰ ਦੇ ਨਿਯਮਤ ਸੰਪਰਕ ਵਿਚ ਸੀ। ਕੁਝ ਦਿਨ ਪਹਿਲਾਂ ਸਾਹਿਲ ਦੇ ਨਾਲ ਰਹਿੰਦੇ ਮੁੰਡਿਆਂ ਨੇ ਜਦੋਂ ਨੋਟਿਸ ਕੀਤਾ ਕਿ ਉਹ ਘਰ ਨਹੀਂ ਮੁੜਿਆ ਤਾਂ ਉਨ੍ਹਾਂ ਉਸ ਦੀ ਭਾਲ ਸ਼ੁਰੂ ਕੀਤੀ। ਉਨ੍ਹਾਂ ਸਥਾਨਕ ਪੁਲੀਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ। ਪੁਲੀਸ ਨੇ 26 ਤੇ 27 ਮਈ ਦੀ ਰਾਤ ਨੂੰ ਹੈਮਿਲਟਨ ਵਿਚ ਝੀਲ ਨੇੜਿਓਂ ਇਕ ਲਾਸ਼ ਬਰਾਮਦ ਕੀਤੀ, ਜਿਸ ਦੀ ਮਗਰੋਂ ਸਾਹਿਲ ਵਜੋਂ ਸ਼ਨਾਖਤ ਹੋਈ।
ਕੈਨੇਡੀਅਨ ਪੁਲੀਸ ਮੁਤਾਬਕ ਸਾਹਿਲ ਦੀ ਮੌਤ ਡੁੱਬਣ ਕਰਕੇ ਹੋਈ, ਪਰ ਪਰਿਵਾਰ ਨੇ ਕੁਝ ਹੋਰ ਹੀ ਸ਼ੱਕ ਜਤਾਇਆ ਹੈ। ਸਾਹਿਲ ਦੇ ਰਿਸ਼ਤੇਦਾਰ ਮੁਕੇਸ਼ ਨੇ ਕਿਹਾ ਕਿ ਸਾਹਿਲ ਚੰਗਾ ਤੈਰਾਕ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਕਰਕੇ ਲਾਸ਼ ਝੀਲ ਵਿਚ ਸੁੱਟੀ ਗਈ ਹੈ। ਪਰਿਵਾਰ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।