ਭਵਾਨੀਗੜ੍ਹ: 7 ਸਾਲਾਂ ਤੋਂ ਗੁਆਚਿਆ ਨੌਜਵਾਨ ਕੋਲਕਾਤਾ ਤੋਂ ਮਿਲਿਆ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 1 ਫਰਵਰੀ
ਇੱਥੋਂ ਨੇੜਲੇ ਪਿੰਡ ਰਸੂਲਪੁਰ ਛੰਨਾਂ ਦੇ 7 ਸਾਲ ਪਹਿਲਾਂ ਗੁਆਚੇ ਨੌਜਵਾਨ ਮੁਬਾਰਕ ਅਲੀ (24) ਨੂੰ ਦਿੱਲੀ ਦੇ ਵਪਾਰੀ ਵੱਲੋਂ ਕੋਲਕਾਤੇ ਤੋਂ ਲੱਭ ਕੇ ਅੱਜ ਪੁਲੀਸ ਦੀ ਹਾਜ਼ਰੀ ਵਿੱਚ ਪਰਿਵਾਰ ਦੇ ਹਵਾਲੇ ਕੀਤਾ ਗਿਆ। ਰਾਜ ਕੁਮਾਰ ਵਾਸੀ ਦਿੱਲੀ ਨੇ ਦੱਸਿਆ ਕਿ ਉਹ ਆਪਣੇ ਵਪਾਰਕ ਕੰਮ ਲਈ ਕੋਲਕਾਤਾ ਗਿਆ ਸੀ। ਉਥੇ ਇਸ ਨੌਜਵਾਨ ਨੇ ਉਸ ਕੋਲ ਆ ਕੇ ਚਾਹ ਪੀਣ ਦੀ ਮੰਗ ਕੀਤੀ। ਨੌਜਵਾਨ ਦੀ ਬੋਲੀ ਤੋਂ ਇੰਝ ਲੱਗਿਆ ਕਿ ਇਹ ਮੁੰਡਾ ਬੰਗਾਲੀ ਨਹੀਂ, ਪੰਜਾਬੀ ਲੱਗਦਾ ਹੈ। ਇਸ ਨੌਜਵਾਨ ਨੇ ਦੱਸਿਆ ਕਿ ਉਸ ਦੀ ਮਾਂ ਵੀ ਇਕ ਪਾਸੇ ਬੈਠੀ ਹੈ, ਜਦੋਂ ਰਾਜ ਕੁਮਾਰ ਉਸ ਔਰਤ ਕੋਲ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਨੌਜਵਾਨ ਦੀ ਮਾਂ ਨਹੀਂ ਹੈ ਅਤੇ ਇਹ ਨੌਜਵਾਨ ਕੁੱਝ ਮਹੀਨੇ ਪਹਿਲਾਂ ਮੇਰੇ ਕੋਲ ਆਇਆ ਹੈ। ਇਸ ਉਪਰੰਤ ਰਾਜ ਕੁਮਾਰ ਨੇ ਉਥੋਂ ਦੀ ਪੁਲੀਸ ਨਾਲ ਸੰਪਰਕ ਕਰਨ ਉਪਰੰਤ ਇਸ ਨੌਜਵਾਨ ਨੂੰ ਰੇਲ ਗੱਡੀ ਰਾਹੀਂ ਆਪਣੇ ਘਰ ਦਿੱਲੀ ਲਿਆਂਦਾ। ਥੋੜ੍ਹੀ ਸਧਾਰਨ ਮੱਤ ਦੇ ਇਸ ਨੌਜਵਾਨ ਵੱਲੋਂ ਆਪਣਾ ਸਮਾਣਾ ਸ਼ਹਿਰ ਦੱਸਣ ’ਤੇ ਵਪਾਰੀ ਇਸ ਨੂੰ ਬੱਸ ਰਾਹੀਂ 31 ਜਨਵਰੀ ਨੂੰ ਸਮਾਣਾ ਵਿਖੇ ਲੈ ਆਇਆ। ਫਿਰ ਉਸ ਵੱਲੋਂ ਭਵਾਨੀਗੜ੍ਹ ਦਾ ਨਾਂ ਲੈਣ ਕਾਰਨ ਵਪਾਰੀ ਰਾਜ ਕੁਮਾਰ ਉਸ ਨੂੰ ਭਵਾਨੀਗੜ੍ਹ ਵਿਖੇ ਲਿਆਇਆ।
ਇੱਥੇ ਉਹ ਨਵੇਂ ਬੱਸ ਸਟੈਂਡ ਨੇੜੇ ਮਹਿੰਦਰ ਸਿੰਘ ਧੀਮਾਨ ਦੀ ਵਰਕਸ਼ਾਪ ਵਿੱਚ ਲਿਆਇਆ ਤਾਂ ਮਹਿੰਦਰ ਸਿੰਘ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਸ ਨੌਜਵਾਨ ਸਬੰਧੀ ਖ਼ਬਰ ਵਾਇਰਲ ਕਰ ਦਿੱਤੀ ਅਤੇ ਭਵਾਨੀਗੜ੍ਹ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ। ਇਸ ਉਪਰੰਤ ਇਸ ਨੌਜਵਾਨ ਦੇ ਭਰਾ ਸ਼ੌਕਤ ਅਲੀ, ਬੀਰਬਲ ਖਾਂ ਅਤੇ ਚਾਚਾ ਸਰਦਾਰਾ ਖਾਂ ਅੱਜ ਥਾਣੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਇਹ 2017 ਤੋਂ ਲਾਪਤਾ ਹੋ ਗਿਆ ਸੀ, ਜਿਸ ਸਬੰਧੀ ਥਾਣੇ ਵਿਚ ਇਤਲਾਹ ਵੀ ਦਿੱਤੀ ਗਈ ਸੀ। ਆਪਣੇ ਭਰਾਵਾਂ ਨੂੰ ਦੇਖ਼ ਕੇ ਮੁਬਾਰਕ ਅਲੀ ਖੁਸ਼ ਹੋ ਗਿਆ। ਮੁਬਾਰਕ ਅਲੀ ਅਤੇ ਉਸ ਨੂੰ ਲੱਭ ਕੇ ਲਿਆਉਣ ਵਾਲੇ ਰਾਜ ਕੁਮਾਰ ਨੂੰ ਪਹਿਲਾਂ ਵਿਸ਼ਵਕਰਮਾ ਮੰਦਰ ਕਮੇਟੀ ਭਵਾਨੀਗੜ੍ਹ ਅਤੇ ਫਿਰ ਪਿੰਡ ਪਹੁੰਚਣ ਤੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਸਜਿਦ ਕਮੇਟੀ ਵੱਲੋਂ ਫ਼ਰਿਸ਼ਤੇ ਵਜੋਂ ਸਨਮਾਨ ਕੀਤਾ ਗਿਆ। ਮੁਬਾਰਕ ਅਲੀ ਦੀ ਮਾਂ ਧੰਨੋਂ ਨੇ ਜਦੋਂ ਆਪਣੇ ਪੁੱਤ ਨੂੰ ਜੱਫੀ ਪਾਈ ਤਾਂ ਪਿੰਡ ਦਾ ਹਰ ਇਕ ਵਿਅਕਤੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ।
ਏਐੱਸਆਈ ਕਰਨ ਸਿੰਘ ਨੇ ਦੱਸਿਆ ਪੁਲੀਸ ਵੱਲੋਂ ਆਪਣੀ ਕਾਰਵਾਈ ਕਰਨ ਉਪਰੰਤ ਇਸ ਨੌਜਵਾਨ ਨੂੰ ਪਰਿਵਾਰ ਦੇ ਸਪੁਰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਪਾਰੀ ਰਾਜ ਕੁਮਾਰ ਵੱਲੋਂ ਵੱਡੀ ਸੇਵਾ ਕੀਤੀ ਗਈ ਹੈ।